ਤਿਆਰੀਆਂ ਲਈ 16 ਮੈਂਬਰੀ ਕਮੇਟੀ ਦਾ ਗਠਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਇਨ੍ਹੀਂ ਦਿਨੀਂ ਆਪਸੀ ਕਲੇਸ ਵਿਚ ਉਲਝੀ ਹੋਈ ਹੈ, ਪਰ 11 ਫਰਵਰੀ ਨੂੰ ਸਮਰਾਲਾ (ਲੁਧਿਆਣਾ) ਵਿਚ ਹੋਣ ਵਾਲੀ ਕਨਵੈਨਸ਼ਨ ਵਿਚ ਪਾਰਟੀ ਇਕਜੁੱਟ ਦਿਸੇਗੀ। ਇਸਦੇ ਪਿੱਛੇ ਕਾਰਨ ਵੀ ਖਾਸ ਹੈ ਕਿਉਂਕਿ ਇਸ ਕਨਵੈਨਸ਼ਨ ਵਿਚ ਕਾਂਗਰਸ ਪਾਰਟੀ ਦੇ ਰਾਬਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਪਹੁੰਚ ਰਹੇ ਹਨ। ਇਸ ਦੌਰਾਨ ਉਹ ਜਿੱਥੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਉਥੇ ਨਾਲ ਹੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਵੀ ਬਿਗੁਲ ਵਜਾ ਦਿੱਤਾ ਜਾਵੇਗਾ। ਇਸੇ ਕਨਵੈਨਸ਼ਨ ਤੋਂ ‘ਇੰਡੀਆ’ ਗਠਜੋੜ ਵਿਚ ਸ਼ਾਮਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਿਸ ਰੂਪ ਵਿਚ ਚੋਣ ਮੈਦਾਨ ਵਿਚ ਉਤਰਨਗੇ, ਉਸਦੀ ਸਥਿਤੀ ਵੀ ਸਾਫ ਹੋ ਜਾਵੇਗੀ। ਸੂਬਾ ਕਾਂਗਰਸ ਨੇ ਇਸ ਕਨਵੈਨਸ਼ਨ ਦੀਆਂ ਤਿਆਰੀਆਂ ਲਈ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਇਸ ਸਾਰੀ ਜ਼ਿੰਮੇਵਾਰੀ ਨੂੰ ਦੇਖੇਗੀ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਤਰ੍ਹਾਂ ਦੀ ਕਨਵੈਨਸ਼ਨ ਰਾਸ਼ਟਰੀ ਪੱਧਰ ’ਤੇ ਹੁੰਦੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੱਸਿਆ ਕਿ ਪੰਜਾਬ ਕਾਂਗਰਸ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੀ ਕਨਵੈਨਸ਼ਨ ਹੋ ਰਹੀ ਹੈ।