ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦਾ ਅਕਾਲੀ ਦਲ ‘ਚ ਕੀਤਾ ਸੀ ਰਲੇਵਾਂ
ਸੰਗਰੂਰ/ਬਿਊਰੋ ਨਿਊਜ : ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਨਜ਼ਰਅੰਦਾਜ਼ ਕਰਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਉਮੀਦਵਾਰ ਬਣਾਉਣ ਤੋਂ ਬਾਅਦ ਪਾਰਟੀ ਦੀ ਏਕਤਾ ‘ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ।
ਇਸੇ ਦੌਰਾਨ ਵੱਡੀ ਗਿਣਤੀ ਸਮਰਥਕ ਢੀਂਡਸਾ ਰਿਹਾਇਸ਼ ‘ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਣ ਪੁੱਜੇ ਜਿਨ੍ਹਾਂ ਜਜ਼ਬਾਤੀ ਲਹਿਜ਼ੇ ਵਿਚ ਪਰਮਿੰਦਰ ਸਿੰਘ ਢੀਂਡਸਾ ਨੂੰ ਜਲਦ ਕੋਈ ਫੈਸਲਾ ਲੈਣ ਲਈ ਦਬਾਅ ਪਾਇਆ ਪਰ ਢੀਂਡਸਾ ਨੇ ਆਪਣੇ ਸਮਰਥਕਾਂ ਨੂੰ ਹਾਲ ਦੀ ਘੜੀ ਸ਼ਾਂਤ ਰਹਿਣ ਲਈ ਕਿਹਾ ਹੈ।
ਇਸ ਮੌਕੇ ਮਾਰਕੀਟ ਕਮੇਟੀ ਖਨੌਰੀ ਦੇ ਸਾਬਕਾ ਚੇਅਰਮੈਨ ਮਹੀਪਾਲ ਨੇ ਕਿਹਾ ਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੂੰ ਡੋਬਣ ਅਤੇ ਪਰਿਵਾਰ ਨੂੰ ਬਚਾਉਣ ਵਾਲਾ ਫੈਸਲਾ ਹੈ।
ਅਜਿਹੇ ਮਾਰੂ ਫੈਸਲਿਆਂ ਦਾ ਖਮਿਆਜ਼ਾ ਪਾਰਟੀ ਪਹਿਲਾਂ ਹੀ ਭੁਗਤ ਚੁੱਕੀ ਹੈ। ਯੂਥ ਅਕਾਲੀ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਢੀਂਡਸਾ ਪਰਿਵਾਰ ਨਾਲ ਧੋਖਾ ਹੋਇਆ ਹੈ ਜਿਸ ਨਾਲ ਪਾਰਟੀ ਵਰਕਰ ਨਿਰਾਸ਼ਾ ਦੇ ਆਲਮ ਵਿਚ ਹਨ।
ਉਧਰ ਪਾਰਟੀ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਰਮਿੰਦਰ ਨੂੰ ਪਾਰਟੀ ਉਮੀਦਵਾਰ ਬਣਾਵਾਂਗੇ ਪਰ ਹੁਣ ਉਨ੍ਹਾਂ ਨੂੰ ਭਰੋਸੇ ਵਿਚ ਲਏ ਬਗੈਰ ਹੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਅਕਾਲੀ ਦਲ ਵਿਚ ਰਲੇਵਾਂ ਕਰ ਲਿਆ ਸੀ।
ਢੀਂਡਸਾ ਖੇਮੇ ‘ਚ ਮਾਯੂਸੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੇ ਜਾਣ ਤੋਂ ਢੀਂਡਸਾ ਦੇ ਨੇੜਲਿਆਂ ‘ਚ ਮਾਯੂਸੀ ਛਾ ਗਈ ਹੈ। ਹੁਣ ਇਹ ਸਵਾਲ ਹੋ ਰਹੇ ਹਨ ਕਿ ਕੀ ਹੁਣ ਢੀਂਡਸਾ ਪਰਿਵਾਰ ਕਿਸੇ ਹੋਰ ਪਾਰਟੀ ਦਾ ਪੱਲਾ ਫੜੇਗਾ। ਇਸ ਸਵਾਲ ਨੂੰ ਲੈ ਕੇ ਢੀਂਡਸਾ ਪਰਿਵਾਰ ਖ਼ੁਦ ਵੀ ਸਿਆਸੀ ਮੰਥਨ ਵਿਚ ਜੁਟਿਆ ਹੋਇਆ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਵੀਆਂ ਪ੍ਰਸਥਿਤੀਆਂ ਵਿਚ ਭਾਜਪਾ ਦੇ ਲੜ ਲੱਗਣ ਬਾਰੇ ਸੋਚਣ ਲੱਗੇ ਹਨ ਪਰ ਪਰਮਿੰਦਰ ਸਿੰਘ ਢੀਂਡਸਾ ਹਾਲੇ ਭਾਜਪਾ ‘ਚ ਜਾਣ ਦੇ ਰੌਂਅ ਵਿਚ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇ ਕੇ ਸਿਆਸੀ ਦਾਅ ਖੇਡ ਦਿੱਤਾ ਹੈ ਪਰ ਢੀਂਡਸਾ ਸਮਰਥਕਾਂ ਦੇ ਉਹ ਵੇਲਾ ਹੱਥ ਨਹੀਂ ਆ ਰਿਹਾ ਹੈ ਜਿਸ ਸਮੇਂ ਸੰਯੁਕਤ ਅਕਾਲੀ ਦਲ ਦਾ ਰਲੇਵਾਂ ਕੀਤਾ ਗਿਆ ਸੀ।
ਜਦੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲੈਣ ਵਾਸਤੇ ਢੀਂਡਸਾ ਨੇ ਇੱਕ ਕਮੇਟੀ ਬਣਾਈ ਸੀ ਤਾਂ ਉਦੋਂ ਬਹੁਗਿਣਤੀ ਨੇ ਸੁਖਬੀਰ ਬਾਦਲ ਤੋਂ ਪਾਸਾ ਵੱਟਣ ਲਈ ਕਿਹਾ ਸੀ।
ਜਿਹੜੇ ਢੀਂਡਸਾ ਨੇੜਲੇ ਟਿਕਟਾਂ ਦੀ ਆਸ ਲਾਈ ਬੈਠੇ ਸਨ, ਉਨ੍ਹਾਂ ਨੂੰ ਹੁਣ ਆਪਣਾ ਸਿਆਸੀ ਭਵਿੱਖ ਧੁੰਦਲਾ ਨਜ਼ਰ ਆਉਣ ਲੱਗਾ ਹੈ। ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਖ਼ਾਤਰ ਸੌਦਾ ਕੀਤਾ ਗਿਆ ਹੈ ਜਿਸ ਕਰ ਕੇ ਪਰਮਿੰਦਰ ਢੀਂਡਸਾ ਦੀ ਟਿਕਟ ਕੱਟੀ ਗਈ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਕਟ ਦੇ ਐਲਾਨ ਤੋਂ ਪਹਿਲਾਂ ਅਤੇ ਮਗਰੋਂ ਵੀ ਢੀਂਡਸਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕੀਤਾ।
Check Also
ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਨੇ ਰਾਜਾ ਵੜਿੰਗ ’ਤੇ ਕੀਤਾ ਸਿਆਸੀ ਹਮਲਾ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੱਸਿਆ ਹੰਕਾਰੀ ਗਿੱਦੜਬਾਹਾ/ਬਿਊਰੋ ਨਿਊਜ਼ : ਗਿੱਦੜਬਾਹਾ ਵਿਧਾਨ ਸਭਾ …