ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਹੋ ਸਕਦਾ ਹੈ ਡਾ. ਨਵਜੋਤ ਕੌਰ ਸਿੱਧੂ ਨਾਲ
ਬਠਿੰਡਾ : ਕਾਂਗਰਸ ਪਾਰਟੀ ਐਤਕੀਂ ਸੰਸਦੀ ਹਲਕਾ ਬਠਿੰਡਾ ਤੋਂ ਬਾਦਲਾਂ ਨੂੰ ਟੱਕਰ ਦੇਣ ਲਈ ਵੱਡੇ ਮਹਾਂਰਥੀ ਨੂੰ ਮੈਦਾਨ ਵਿੱਚ ਉਤਾਰੇਗੀ। ਬਠਿੰਡਾ ਹਲਕਾ ਵੱਡੀ ਸਿਆਸੀ ਜੰਗ ਲਈ ਤਿਆਰ ਹੋ ਰਿਹਾ ਹੈ। ਕਾਂਗਰਸ ਹਾਈਕਮਾਨ ਇਸ ਗੱਲੋਂ ਖ਼ਫ਼ਾ ਹੈ ਕਿ ਪਿਛਲੇ ਸਮੇਂ ਵਿੱਚ ਬਠਿੰਡਾ ਹਲਕੇ ਨੂੰ ਲੈ ਕੇ ‘ਫਰੈਂਡਲੀ ਮੈਚ’ ਹੋਣ ਦਾ ਦਾਗ਼ ਲੱਗਦਾ ਰਿਹਾ ਹੈ।
ਕਾਂਗਰਸ ਪਾਰਟੀ ਇਸ ਬਾਰ ਬਠਿੰਡਾ ਤੋਂ ਤਕੜਾ ਉਮੀਦਵਾਰ ਉਤਾਰਨਾ ਚਾਹੁੰਦੀ ਹੈ। ਅਹਿਮ ਸੂਤਰ ਦੱਸਦੇ ਹਨ ਕਿ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੱਲੋਂ ਚੇਅਰਮੈਨੀ ਤੋਂ ਅਤੇ ਉਨ੍ਹਾਂ ਦੇ ਲੜਕੇ ਵੱਲੋਂ ਲਾਅ ਅਫ਼ਸਰੀ ਨੂੰ ਠੋਕਰ ਮਾਰਨੀ ਸਹਿਜ ਨਹੀਂ ਹੈ। ਹਾਈਕਮਾਨ ਨੇ ਇਹ ਅਹੁਦੇ ਤਿਆਗਣ ਦਾ ਇਸ਼ਾਰਾ ਕੀਤਾ ਸੀ ਤਾਂ ਜੋ ਡਾ. ਨਵਜੋਤ ਕੌਰ ਸਿੱਧੂ ਨੂੰ ਮਿਸ਼ਨ 2019 ਵਿੱਚ ਕਿਸੇ ਵੱਡੀ ਜਿੰਮੇਵਾਰੀ ਲਈ ਤਿਆਰ ਕੀਤਾ ਜਾ ਸਕੇ। ਭਾਵੇਂ ਇਹ ਵਕਤੋਂ ਪਹਿਲਾਂ ਦਾ ਅੰਦਾਜ਼ਾ ਹੈ ਕਿ ਡਾ.ਨਵਜੋਤ ਕੌਰ ਸਿੱਧੂ ਨੂੰ ਵੀ ਅਗਲੀ ਚੋਣ ਵਿੱਚ ਬਾਦਲਾਂ ਖ਼ਿਲਾਫ਼ ਉਤਾਰਨ ਲਈ ਸੋਚਿਆ ਜਾ ਸਕਦਾ ਹੈ ਪਰ ਮਾਲਵਾ ਖ਼ਿੱਤੇ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਹਮਲਾਵਰ ਪੈਂਤੜੇ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਨਵਜੋਤ ਸਿੱਧੂ ਮਜੀਠੀਆ ਪਰਿਵਾਰ ਵਿਰੁੱਧ ਖੁੱਲ੍ਹ ਕੇ ਬੋਲ ਰਹੇ ਹਨ। ਡਾ. ਨਵਜੋਤ ਕੌਰ ਸਿੱਧੂ ਨਾਲ ਪੰਜਾਬ ਤੋਂ ਬਾਹਰ ਹੋਣ ਕਰਕੇ ਗੱਲ ਨਹੀਂ ਹੋ ਸਕੀ ਅਤੇ ਨਵਜੋਤ ਸਿੱਧੂ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਦੇ ਚਰਚੇ ਵੀ ਚੱਲ ਰਹੇ ਹਨ ਪਰ ਵੀਨੂੰ ਬਾਦਲ ਆਖ ਚੁੱਕੇ ਹਨ ਕਿ ਉਨ੍ਹਾਂ ਨੇ ਇਸ ਬਾਰੇ ਹਾਲੇ ਅਜੇ ਕੁੱਝ ਸੋਚਿਆ ਨਹੀਂ ਹੈ। ઠਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਦਾ ਕਹਿਣਾ ਸੀ ਕਿ ਅਕਾਲੀਆਂ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਅਤੇ ਅਕਾਲੀ ਆਗੂਆਂ ਨੂੰ ਹੁਣ ਕੋਈ ਮੂੰਹ ਲਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਹਾਈਕਮਾਨ ਅਤੇ ਮੁੱਖ ਮੰਤਰੀ ਪੰਜਾਬ ਤੋਂ ਇਹੋ ਮੰਗ ਹੈ ਕਿ ਕਾਂਗਰਸ ਪਾਰਟੀ ਬਠਿੰਡਾ ਤੋਂ ਚੰਗਾ ਉਮੀਦਵਾਰ ਦੇਵੇ ਜੋ ਸੀਟ ਕਾਂਗਰਸ ਦੀ ਝੋਲੀ ਪਾ ਸਕੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਉਮੀਦਵਾਰਾਂ ਦਾ ਫ਼ੈਸਲਾ ਹਾਈਕਮਾਨ ਤੇ ਮੁੱਖ ਮੰਤਰੀ ਪੰਜਾਬ ਨੇ ਕਰਨਾ ਹੈ ਪਰ ਪਾਰਟੀ ਬਠਿੰਡਾ ਹਲਕੇ ਤੋਂ ਏਦਾ ਦਾ ਚਿਹਰਾ ਉਤਾਰੇਗੀ, ਜੋ ਬਾਦਲਾਂ ਨੂੰ ਪਹਿਲੇ ਹੱਲੇ ਚਿੱਤ ਕਰ ਦੇਵੇ। ਮਾਹੌਲ ਨੂੰ ਦੇਖਦੇ ਹੋਏ ਹਰਸਿਮਰਤ ਵੀ ਹੁਣ ਫ਼ਿਰੋਜ਼ਪੁਰ ਵੱਲ ਮੂੰਹ ਕਰਨ ਲੱਗੀ ਹੈ। ਜਾਖੜ ਨੇ ਆਖਿਆ ਕਿ ‘ਆਪ’ ਨਾਲ ਕੋਈ ਗੱਲ ਨਹੀਂ ਚੱਲ ਰਹੀ ਹੈ ਅਤੇ ਇਹ ਕੋਰੀ ਅਫ਼ਵਾਹ ਹੈ। ਸੂਤਰ ਦੱਸਦੇ ਹਨ ਕਿ ਕਾਂਗਰਸ ਦਾ ਅਗਲੀ ਚੋਣ ਵਿੱਚ ‘ਆਪ’ ਨਾਲ ਕੋਈ ਗੱਠਜੋੜ ਬਣਦਾ ਹੈ ਤਾਂ ਭਗਵੰਤ ਮਾਨ ਵੀ ਬਠਿੰਡਾ ਹਲਕੇ ਤੋਂ ਸਾਂਝੇ ਉਮੀਦਵਾਰ ਦੇ ਤੌਰ ਉੱਤੇ ਕੁੱਦ ਸਕਦੇ ਹਨ। ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗੇਤੀ ਚੋਣ ਮੁਹਿੰਮ ਹਲਕਾ ਲੰਬੀ ਵਿੱਚ ਵਿੱਢ ਰੱਖੀ ਹੈ ਅਤੇ ਉਹ ਲੰਬੀ ਵਿੱਚੋਂ ਆਪਣੀ ਨੂੰਹ ਹਰਸਿਮਰਤ ਦੀ ਵੱਡੀ ਲੀਡ ਅਗਲੀ ਚੋਣ ਵਿੱਚ ਬਣਾਉਣਾ ਚਾਹੁੰਦੇ ਹਨ।
ਭਗਵੰਤ ਮਾਨ ਕਿਸੇ ਸਮੇਂ ਵੀ ਕਾਂਗਰਸ ਹੋ ਸਕਦੇ ਹਨ ਸ਼ਾਮਲ : ਹਰਸਿਮਰਤ ਬਾਦਲ
ਮਾਨਸਾ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਅਜਿਹਾ ਕਹਿਣਾ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ। ਕੇਂਦਰੀ ਮੰਤਰੀ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮਾਨ ਨਾ ਸਿਰਫ਼ ਆਪਣਾ ਹਲਕਾ ਬਦਲਣਗੇ ਬਲਕਿ ਪਾਰਟੀ ਵੀ ਬਦਲਣਗੇ। ਹਰਸਿਮਰਤ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ‘ਚ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਹੀ ਬੀ ਟੀਮ ਹੈ। ਹਰਸਿਮਰਤ ਨੇ ਭਗਵੰਤ ਮਾਨ ਨੂੰ ਬੜਬੋਲਾ ਵਿਅਕਤੀ ਦੱਸਿਆ। ਹੁਣ ਮੌਕਾ ਹੀ ਦੱਸੇਗਾ ਕਿ ਹਰਸਿਮਰਤ ਦੇ ਬਿਆਨ ‘ਚ ਕਿੰਨੀ ਕੁ ਸਚਾਈ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …