15.6 C
Toronto
Thursday, September 18, 2025
spot_img
Homeਪੰਜਾਬਬਰਗਾੜੀ ਕੇਸ ਹੱਲ ਹੋਣ ਦੇ ਨਜ਼ਦੀਕ

ਬਰਗਾੜੀ ਕੇਸ ਹੱਲ ਹੋਣ ਦੇ ਨਜ਼ਦੀਕ

ਪਾਲਮਪੁਰ ਤੋਂ ਫੜਿਆ ਡੇਰਾ ਆਗੂ ਪੁਲਿਸ ਲਈ ਬਣਿਆ ਅਹਿਮ ਸਰੋਤ
ਬਠਿੰਡਾ : ਪੁਲਿਸ ਦਾ ਤੀਰ ਬਰਗਾੜੀ ਕਾਂਡ ਵਿੱਚ ਨਿਸ਼ਾਨੇ ਉੱਤੇ ਜਾ ਲੱਗਾ ਹੈ, ਜਿਸ ਮਗਰੋਂ ਪੁਲਿਸ ਅਫਸਰਾਂ ਨੇ ਸੁੱਖ ਦਾ ਸਾਹ ਲਿਆ ਹੈ। ਪੁਲਿਸ ਜਾਂਚ ਨੂੰ ਅਸਲ ਵਿੱਚ ਪਾਲਮਪੁਰ ਤੋਂ ਚੁੱਕੇ ਡੇਰਾ ਆਗੂ ਨੇ ਹੀ ਖੰਭ ਲਾਏ ਹਨ, ਜਿਸ ਮਗਰੋਂ ਪੁਲਿਸ ਅਫਸਰ ਪੱਬਾਂ ਭਾਰ ਹੋ ਗਏ ਹਨ। ਅਹਿਮ ਸੂਤਰਾਂ ਅਨੁਸਾਰ ਬਰਗਾੜੀ ਕਾਂਡ ਦੀ ਜਾਂਚ ਵਿੱਚ ਪੁਲਿਸ ਨੇ ਅਹਿਮ ਰਾਜ ਖੋਲ੍ਹ ਲਏ ਹਨ ਅਤੇ ਹੁਣ ਪੁਲਿਸ ਟੀਮਾਂ ਚੋਰੀ ਕੀਤਾ ਸ੍ਰੀ ਗੁਰੂ ਗਰੰਥ ਸਾਹਿਬ ਦਾ ਸਰੂਪ ਬਰਾਮਦ ਕਰਨ ਲਈ ਸਰਗਰਮ ਹਨ।
ਬਰਾਮਦਗੀ ਹੋਣ ਮਗਰੋਂ ਹੀ ਪੁਲਿਸ ਜਨਤਕ ਖੁਲਾਸਾ ਕਰੇਗੀ। ਹੁਣ ਪੁਲਿਸ ਲਈ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿੱਚੋਂ ਚੋਰੀ ਕੀਤਾ ਸਰੂਪ ਬਰਾਮਦ ਕਰਨਾ ਵੀ ਅਹਿਮ ਬਣ ਗਿਆ ਹੈ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸ਼ੱਕ ਦੀ ਸੂਈ ਡੇਰਾ ਸਿਰਸਾ ਦੁਆਲੇ ਘੁੰਮਣ ਲੱਗੀ ਹੈ। ਪਾਲਮਪੁਰ ਤੋਂ ਚੁੱਕੇ ਡੇਰਾ ਆਗੂ ਮਹਿੰਦਰ ਪਾਲ ਬਿੱਟੂ ਤੋਂ ਬਰਗਾੜੀ ਕਾਂਡ ਦੀ ਚਾਬੀ ਹੱਥ ਲੱਗਣ ਦੇ ਚਰਚੇ ਹਨ ਜਿਸ ਮਗਰੋਂ ਪੁਲਿਸ ਟੀਮਾਂ ਨੇ ਫ਼ਰੀਦਕੋਟ ਤੇ ਕੋਟਕਪੂਰਾ ਖ਼ਿੱਤਾ ਛਾਣ ਦਿੱਤਾ ਹੈ। ਅਹਿਮ ઠਸੂਤਰਾਂ ਅਨੁਸਾਰ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਪਾਲਮਪੁਰ ਤੋਂ ਚੁੱਕਿਆ ਮੈਂਬਰ ਪੁਲਿਸ ਦੀ ਤਫ਼ਤੀਸ਼ ਵਿੱਚ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਇਸ ਕਮੇਟੀ ਮੈਂਬਰ ਤਰਫ਼ੋਂ ਪ੍ਰੇਮੀਆਂ ਨੂੰ ਨਿਰਦੇਸ਼ ਜਾਰੀ ਕਰਕੇ ਬਰਗਾੜੀ ਕਾਂਡ ਕਰਾਇਆ ਗਿਆ ਅਤੇ ਉਸ ਮਗਰੋਂ ਬਰਗਾੜੀ ਵਿੱਚ ਪੋਸਟਰ ਵੀ ਲੱਗਵਾਏ ਗਏ। ਪੁਲਿਸ ਇਸ ਗੱਲੋਂ ਵੀ ਬੋਚ ਬੋਚ ਕੇ ਚੱਲ ਰਹੀ ਹੈ ਕਿ ਨਵਾਂ ਖ਼ੁਲਾਸਾ ਕਿਤੇ ਹੋਰ ਮੋੜਾ ਨਾ ਕੱਟ ਜਾਵੇ। ਸੂਤਰ ਦੱਸਦੇ ਹਨ ਕਿ ਪੁਲਿਸ ਨੇ 45 ਮੈਂਬਰੀ ਕਮੇਟੀ ਦੇ ਫੜੇ ਕਮੇਟੀ ਮੈਂਬਰ ਦੇ ਮੋਬਾਈਲ ਤੋਂ ਹੋਈ ਹਰ ਕਾਲ ਨੂੰ ਵਾਚਿਆ ਜਾ ਰਿਹਾ ਹੈ ઠਅਤੇ ਸ਼ੱਕੀ ਲੋਕਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਪਾੜੇ ਹੋਏ ਮਿਲੇ ਸਨ। ਕੋਈ ਪੁਲਿਸ ਅਧਿਕਾਰੀ ਇਸ ਮਾਮਲੇ ਤੇ ਅਧਿਕਾਰਤ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।
ਸੱਤ ਸਾਲ ਪੁਰਾਣੇ ਮਾਮਲੇ ‘ਚ 7 ਡੇਰਾ ਪ੍ਰੇਮੀ ਗ੍ਰਿਫਤਾਰ
ਮੋਗਾ : ਮੋਗਾ ਪੁਲਿਸ ਨੇ 7 ਸਾਲ ਪੁਰਾਣੇ ਸਰਕਾਰੀ ਜਾਇਦਾਦ ਦੀ ਸਾੜ-ਫੂਕ ਦੇ ਕੇਸ ਵਿਚ ਅੱਧੀ ਦਰਜਨ ਹੋਰ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਚੀਫ਼ ਜੁਡੀਸ਼ਲ ਮੈਜਿਸਟਰੇਟ ਬਿਕਰਮਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਆਗੂ ਮਹਿੰਦਰ ਪਾਲ ਬਿੱਟੂ ਵਾਸੀ ਕੋਟਕਪੂਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਮੁਲਜ਼ਮਾਂ ਵਿੱਚ ਸੁਖਜਿੰਦਰ ਸਿੰਘ ਵਾਸੀ ਕੋਟਕਪੂਰਾ, ਰਣਦੀਪ ਸਿੰਘ ਵਾਸੀ ਫ਼ਰੀਦਕੋਟ, ਸ਼ਕਤੀ ਸਿੰਘ ਪਿੰਡ ਡੱਗੋ ਰੁਮਾਣਾ ਜ਼ਿਲ੍ਹਾ ਫ਼ਰੀਦਕੋਟ, ਬਲਜੀਤ ਸਿੰਘ ਪਿੰਡ ਸਿੱਖਾਂਵਾਲਾ, ਨਿਸ਼ਾਨ ਸਿੰਘ ਜੀਵਨ ਨਗਰ ਕੋਟਕਪੂਰਾ ਤੇ ਰਣਜੀਤ ਸਿੰਘ ਵਾਸੀ ਕੋਟਕਪੂਰਾ ਸ਼ਾਮਲ ਸਨ।
ਬਰਗਾੜੀ ਕਾਂਡ ਦੇ ਤਾਰ ਡੇਰਾ ਸਿਰਸਾ ਨਾਲ ਜੁੜਨ ਮਗਰੋਂ ਅਕਾਲੀ ਦਲ ਕਸੂਤਾ ਘਿਰਿਆ
ਚੰਡੀਗੜ੍ਹ : ਬਰਗਾੜੀ ਗੋਲੀ ਕਾਂਡ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਤਾਰ ਡੇਰਾ ਸਿਰਸਾ ਨਾਲ ਜੁੜਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਸਿੱਖ ਸੰਗਠਨਾਂ ਨੇ ਇਲਜ਼ਾਮ ਲਾਇਆ ਹੈ ਕਿ ਪਿਛਲੀ ਅਕਾਲੀ ਸਰਕਾਰ ਨੇ ਵੋਟਾਂ ਖਾਤਰ ਡੇਰਾ ਸਿਰਸਾ ਨੂੰ ਕਲੀਨ ਚਿੱਟ ਦਿੱਤੀ ਸੀ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਸਿੱਖ ਜਥੇਬੰਦੀਆਂ ਦੀ ਸੋਮਵਾਰ ਨੂੰ ਬਠਿੰਡਾ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਹੋਈ। ਆਗੂਆਂ ਨੇ ਬਰਗਾੜੀ ਗੋਲੀ ਕਾਂਡ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰ ਸੁਖਬੀਰ ਸਿੰਘ ਬਾਦਲ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
ਉਨ੍ਹਾਂ ਆਖਿਆ ਕਿ ਇਨ੍ਹਾਂ ਘਟਨਾਵਾਂ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਐਕਸ਼ਨ ਕਮੇਟੀ ਬਣਾਈ ਗਈ ਸੀ। ਇਸ ਵਿੱਚ ਕਮੇਟੀ ਨੇ ਜਾਂਚ ਕਰਦੇ ਹੋਏ ਕੁਝ ਡੇਰਾ ਪ੍ਰੇਮੀਆਂ ਨੂੰ ਘੇਰੇ ਵਿੱਚ ਲਿਆਂਦਾ ਸੀ ਪਰ ਫ਼ਰੀਫਕੋਟ ਜ਼ਿਲ੍ਹੇ ਦੇ ਕੁਝ ਪੁਲਿਸ ਅਫ਼ਸਰਾਂ ਨੇ ਉਨ੍ਹਾਂ ਦੀ ਜਾਂਚ ਦੇ ਉਲਟ ਉਨ੍ਹਾਂ ‘ਤੇ ਪਰਚੇ ਦਰਜ ਕਰ ਦਿੱਤੇ। ਇਸ ਦੌਰਾਨ ਭਾਈ ਗੁਰਦੀਪ ਸਿੰਘ ਬਠਿੰਡਾ ਦੇ ਦੋਵੇਂ ਮੰਡਿਆਂ ‘ਤੇ ਝੂਠੇ ਪਰਚੇ ਦਰਜ ਕੀਤੇ ਗਏ। ਕਾਹਨ ਸਿੰਘ ਵਾਲਾ ਨੇ ਅਕਾਲੀ ਸਰਕਾਰ ‘ਤੇ ਸਿੱਖਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਕੇ ਤਸ਼ੱਦਦ ਢਾਹੁਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਇੱਥੋਂ ਤੱਕ ਕਿਹਾ ਸੀ ਕਿ ਇਨ੍ਹਾਂ ਦੇ ਤਾਰ ਕਥਿਤ ਪਾਕਿਸਤਾਨ ਜੁੜੇ ਹੋਏ ਹਨ।
ਉਨ੍ਹਾਂ ਸੀਬੀਆਈ ਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਜਾਂਚ ਦੀ ਸੂਈ ਜਿਹੜੇ ਡੇਰਾ ਪ੍ਰੇਮੀਆਂ ਵੱਲ ਘੁੰਮੀ ਹੈ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਕਮੇਟੀ ਨੇ ਵੀ ਘੇਰੇ ਵਿੱਚ ਲਿਆਂਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ‘ਬਾਦਲਾਂ’ ਨੇ ਮਹਿਜ਼ ਵੋਟਾਂ ਖਾਤਰ ਡੇਰੇ ਨੂੰ ਕਲੀਨ ਚਿੱਟ ਦਿੱਤੀ ਸੀ ਅਤੇ ਡੇਰਾ ਪ੍ਰੇਮੀਆਂ ਨੂੰ ਫੜਨ ਦੀ ਬਜਾਏ ਮੌੜ ਬੰਬ ਕਾਂਡ ਬਾਰੇ ਸਿੱਖ ਆਗੂਆਂ ਕੋਲੋਂ ਪੁੱਛਗਿੱਛ ਕੀਤੀ ਗਈ।
ਬਰਗਾੜੀ ‘ਚ ਮੋਰਚਾ ਲਾਈ ਬੈਠੇ ਸਿੱਖ ਆਗੂਆਂ ਦੀਆਂ ਮੰਗਾਂ ਮੰਨਣ ਦਾ ਭਰੋਸਾ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਬਰਗਾੜੀ ਵਿੱਚ ਮੋਰਚਾ ਲਾਈ ਬੈਠੇ ਸਿੱਖ ਆਗੂਆਂ ਨਾਲ ਕੀਤੇ ਵਾਅਦੇ ਅੁਨਸਾਰ ਮੰਗਾਂ ਮੰਨਣ ਦੀ ਦਿਸ਼ਾ ਵਿੱਚ ਹੋਰ ਕਦਮ ਚੁੱਕੇ ਹਨ। ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਕੈਦੀ ਹਰਨੇਕ ਸਿੰਘ ਭੱਪ ઠਨੂੰ ਪੰਜਾਬ ਲਿਆਉਣ ਲਈ ਕੈਪਟਨ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਪੱਤਰ ਭੇਜਿਆ ਹੈ। ਇਸ ਦੇ ਨਾਲ ਹੀ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਲਈ ਪੈਰੋਲ ਬੋਰਡ ਬਣਾਉਣ ਦਾ ਭਰੋਸਾ ਵੀ ਦਿੱਤਾ ਹੈ। ਬਰਗਾੜੀ ਅਤੇ ਬਹਿਬਲ ਕਾਂਡ ਬਾਰੇ ਜਾਂਚ ਜਲਦੀ ਮੁਕੰਮਲ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਆਏ ਵਫ਼ਦ ਨਾਲ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਸੀ ਕਿ ਰਾਜ ਸਰਕਾਰ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਵਿਚ ਸਜ਼ਾਵਾਂ ਕੱਟ ਰਹੇ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਿਆਏਗੀ।

RELATED ARTICLES
POPULAR POSTS