-0.3 C
Toronto
Thursday, January 8, 2026
spot_img
Homeਪੰਜਾਬਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਅਕਾਲੀ ਉਮੀਦਵਾਰ

ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਅਕਾਲੀ ਉਮੀਦਵਾਰ

ਅਕਾਲੀ ਦਲ ਦੇ ਹੋਰ ਉਮੀਦਵਾਰਾਂ ਦਾ ਐਲਾਨ ਬਾਅਦ ‘ਚ : ਸੁਖਬੀਰ ਬਾਦਲ
ਤਰਨਤਾਰਨ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ ਵਿਚ ਪਾਰਟੀ ਦੀ ਕਾਨਫਰੰਸ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੋਰ ਉਮੀਦਵਾਰਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਹਾਕਮ ਧਿਰ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੂਬੇ ਵਿਚੋਂ ਅਕਾਲੀ-ਭਾਜਪਾ ਨੂੰ ਜਿਤਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੰਗਾਰਦਿਆਂ ਖਡੂਰ ਸਾਹਿਬ ਹਲਕੇ ਤੋਂ ਵਰਤਮਾਨ ਲੋਕ ਸਭਾ ਮੈਂਬਰ ਹੋਣ ਕਰਕੇ ਖੁਦ ਮੈਦਾਨ ਵਿਚ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਮੌਜ ਮਸਤੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ। ਇਥੋਂ ਤੱਕ ਕਿ ਉਨ੍ਹਾਂ ਆਪਣੇ ਪਟਿਆਲਾ ਹਲਕੇ ਦੇ ਲੋਕਾਂ ਨਾਲ ਵੀ ਰਾਬਤਾ ਨਹੀਂ ਰੱਖਿਆ। ਉਨ੍ਹਾਂ ਅਕਾਲੀ ਦਲ ਵਰਕਰਾਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰਨ ਅਤੇ ਪਹਿਲਾਂ ਤੋਂ ਸ਼ੁਰੂ ਕੀਤੇ ਵਿਕਾਸ ਦੇ ਕੰਮ ਤੇ ਭਲਾਈ ਸਕੀਮਾਂ ਬੰਦ ਕਰਨ ਦਾ ਵੀ ਦੋਸ਼ ਲਗਾਇਆ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ, ਸੁਖਪਾਲ ਸਿੰਘ ਖਹਿਰਾ, ਐਚ.ਐਸ.ਫੂਲਕਾ ਟਕਸਾਲੀ ਦਲ ਸਮੇਤ ਹੋਰਨਾਂ ਦੇ ਕਾਂਗਰਸ ਪਾਰਟੀ ਨਾਲ ਮਿਲੇ ਹੋਣ ਦੇ ਦੋਸ਼ ਲਾਏ।
ਹਰਸਿਮਰਤ ਬਾਦਲ ਫਿਰੋਜ਼ਪੁਰ ਤੇ ਸਿਕੰਦਰ ਸਿੰਘ ਮਲੂਕਾ ਬਠਿੰਡਾ ਤੋਂ ਹੋ ਸਕਦੇ ਹਨ ਅਕਾਲੀ ਦਲ ਦੇ ਉਮੀਦਵਾਰ
ਜਲੰਧਰ : ਅਕਾਲੀ ਲੀਡਰਸ਼ਿਪ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਇਸ ਵਾਰ ਬਠਿੰਡਾ ਦੀ ਥਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਨ ਦਾ ਮਨ ਬਣਾ ਲਿਆ ਹੈ। ਪਤਾ ਲੱਗਾ ਹੈ ਕਿ ਬਠਿੰਡਾ ਹਲਕੇ ਤੋਂ ਅਕਾਲੀ ਲੀਡਰਸ਼ਿਪ ਜਿੱਤ ਦਾ ਦਾਅਵਾ ਤਾਂ ਕਰਦੀ ਹੈ, ਪਰ ਜਿੱਤ ਦਾ ਵੱਡਾ ਫਰਕ ਨਾ ਹੋਣ ਦਾ ਯਕੀਨ ਨਾ ਬੱਝਣ ਕਾਰਨ ਹਲਕਾ ਬਦਲੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪਾਰਟੀ ਨੇੜਲੇ ਸੂਤਰਾਂ ਮੁਤਾਬਿਕ ਫਿਰੋਜ਼ਪੁਰ ਵਿਚ ਉਹ ਵੱਡੇ ਫਰਕ ਨਾਲ ਜਿੱਤ ਯਕੀਨੀ ਮੰਨਦੇ ਹਨ। ਇਸ ਕਰਕੇ ਹਲਕਾ ਬਦਲਣ ਦਾ ਮੇਹਣਾ ਝੱਲਣ ਲਈ ਤਿਆਰ ਹੋਏ ਹਨ ਤੇ ਕਿਸੇ ਵੀ ਕਿਸਮ ਦਾ ਖ਼ਤਰਾ ਮੁੱਲ ਲੈਣਾ ਤੋਂ ਪਾਸਾ ਵੱਟ ਰਹੇ ਹਨ। ਵਰਨਣਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਪਤੀ ਸੁਖਬੀਰ ਸਿੰਘ ਬਾਦਲ ਦਾ ਵਿਧਾਨ ਸਭਾ ਹਲਕਾ ਜਲਾਲਾਬਾਦ, ਲੋਕ ਸਭਾ ਹਲਕਾ ਫਿਰੋਜ਼ਪੁਰ ਵਿਚ ਪੈਂਦਾ ਹੈ ਤੇ ਬਾਦਲ 2017 ਦੀ ਚੋਣ ਵਿਚ ਇਸ ਹਲਕੇ ਤੋਂ 18,500 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ। ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਬਾਦਲ 2009 ਦੀਆਂ ਚੋਣਾਂ ਵਿਚ ਕਰੀਬ ਡੇਢ ਲੱਖ ਵੋਟ ਨਾਲ ਜੇਤੂ ਰਹੇ ਸਨ, ਪਰ 2014 ਦੀ ਚੋਣ ਵਿਚ ਬੀਬੀ ਬਾਦਲ 19,874 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਪਿਛਲੇ ਮਹੀਨੇ ਸ਼ੁਰੂ ਵਿਚ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਚੋਣ ਲੜਨ ਦਾ ਧੜੱਲੇ ਨਾਲ ਐਲਾਨ ਕੀਤਾ ਸੀ ਤੇ ਸਰਗਰਮੀ ਵੀ ਵਿੱਢ ਦਿੱਤੀ ਸੀ, ਪਰ ਬਾਅਦ ਵਿਚ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਦਾ ਹਲਕਾ ਬਦਲਣ ਬਾਰੇ ਵਿਚਾਰ ਸ਼ੁਰੂ ਹੋਇਆ। ਅੰਦਰੂਨੀ ਸੂਤਰਾਂ ਮੁਤਾਬਿਕ ਬੀਬੀ ਬਾਦਲ ਦੇ ਫਿਰੋਜ਼ਪੁਰ ਜਾਣ ਬਾਅਦ ਬਠਿੰਡਾ ਹਲਕੇ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਉਮੀਦਵਾਰ ਬਣਾਏ ਜਾਣ ਬਾਰੇ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ।
ਵੋਟਾਂ ਅਖੀਰ ‘ਚ ਹੋਣ ਕਰਕੇ ਸਿਆਸੀ ਪਾਰਟੀਆਂ ਦੀ ਸਿਰਦਰਦੀ ਵਧੀ
ਚੰਡੀਗੜ੍ਹ : ਪੰਜਾਬ ਵਿੱਚ ਸੰਸਦੀ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਅੰਤਿਮ ਗੇੜ ਵਿੱਚ ਚਲੇ ਜਾਣ ਕਾਰਨ ਰਾਜਸੀ ਧਿਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਚੋਣ ਕਮਿਸ਼ਨ ਦੇ ਅਧਿਐਨ ਅਤੇ ਰਾਜਸੀ ਵਿਸ਼ਲੇਸ਼ਕਾਂ ਮੁਤਾਬਕ ਪੰਜਾਬ ਦੀਆਂ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਧਨ ਸ਼ਕਤੀ ਅਤੇ ਨਸ਼ਿਆਂ ਦੀ ਵਰਤੋਂ ਹੁੰਦੀ ਹੈ। ਚੋਣ ਅਮਲ ਲੰਮਾ ਹੋਣ ਕਾਰਨ ਸੂਬੇ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਇਸ ਵਾਰ ਖ਼ਰਚ ਜ਼ਿਆਦਾ ਕਰਨਾ ਪਵੇਗਾ। ਚੋਣ ਸੂਬੇ ਵਿੱਚ ਸਵਾ ਦੋ ਮਹੀਨਿਆਂ ਦੇ ਵਕਫ਼ੇ ਬਾਅਦ ਵੋਟਾਂ ਪੈਣਗੀਆਂ। ਚੋਣ ਜ਼ਾਬਤਾ ਲਾਗੂ ਹੋਣ ਨਾਲ ਸਰਕਾਰੀ ਮਸ਼ੀਨਰੀ ਨੂੰ ਬਰੇਕਾਂ ਲੱਗ ਗਈਆਂ ਹਨ। ਕੈਪਟਨ ਸਰਕਾਰ ਵੱਲੋਂ ਚੋਣ ਕਮਿਸ਼ਨ ਨੂੰ ਸੁਝਾਅ ਦਿੱਤਾ ਗਿਆ ਸੀ ਕਿ ਚੋਣਾਂ ਦਾ ਅਮਲ ਜੇਕਰ ਸੰਭਵ ਹੋ ਸਕੇ ਤਾਂ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਨਿਬੇੜ ਲਿਆ ਜਾਵੇ। ਚੋਣ ਕਮਿਸ਼ਨ ਜੇਕਰ ਸੁਝਾਅ ਮੰਨਦਾ ਹੈ ਤਾਂ ਵੋਟਾਂ ਪਹਿਲੇ ਗੇੜ ਭਾਵ 11 ਅਪਰੈਲ ਨੂੰ ਪਵਾਈਆਂ ਜਾ ਸਕਦੀਆਂ ਸਨ ਪਰ ਹੁਣ 19 ਮਈ ਨੂੰ ਵੋਟਾਂ ਦੇ ਐਲਾਨ ਨਾਲ ਪੰਜਾਬ ਸਰਕਾਰ ਲਈ ਕਈ ਤਰ੍ਹਾਂ ਦੀ ਸਿਰਦਰਦੀ ਵੱਧ ਗਈ। ਢਾਈ ਮਹੀਨੇ ਤੋਂ ਵੱਧ ਸਮਾਂ ਚੋਣ ਜ਼ਾਬਤਾ ਲੱਗਣ ਕਾਰਨ ਸਰਕਾਰੀ ਕੰਮ ਕਾਰ ਮੁਕੰਮਲ ਤੌਰ ‘ਤੇ ਰੁਕ ਜਾਣੇ ਹਨ। ਇਸੇ ਤਰ੍ਹਾਂ ਕਣਕ ਦੀ ਵਾਢੀ ਦੌਰਾਨ ਹੀ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇ ਜਲਸਿਆਂ ਵਿੱਚ ਲੋਕਾਂ ਦੀ ਸ਼ਮੂਲੀਅਤ ਬਣਾਉਣੀ ਵੀ ਮੁਸ਼ਕਲ ਹੋਵੇਗੀ। ਚੋਣਾਂ ਦੇ ਐਲਾਨ ਨਾਲ ਰਾਜਸੀ ਧਿਰਾਂ ਨੇ ਚੋਣ ਮੈਦਾਨ ਮਘਾਉਣ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਦੀਆਂ ਗਤੀਵਿਧੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁ ਗਿਣਤੀ ਸੰਸਦੀ ਹਲਕਿਆਂ ਤੋਂ ਕੁਝ ਦਿਨਾਂ ਤੱਕ ਹੀ ਉਮੀਦਵਾਰਾਂ ਦੇ ਨਾਮ ਐਲਾਨੇ ਜਾਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਸਮੇਤ ਕੁਝ ਹੋਰ ਪਾਰਟੀਆਂ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਦੇਰੀ ਕਰਨਾ ਚਾਹੁੰਦੀਆਂ ਹਨ। ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਮੁਤਾਬਕ ਉਮੀਦਵਾਰਾਂ ਦਾ ਐਲਾਨ ਪੱਛੜ ਕੇ ਕੀਤੇ ਜਾਣ ਦੇ ਹੀ ਆਸਾਰ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਪਟਿਆਲਾ, ਲੁਧਿਆਣਾ ਅਤੇ ਬਠਿੰਡਾ ਸੰਸਦੀ ਹਲਕੇ ਖ਼ਰਚੇ ਦੇ ਪੱਖ ਤੋਂ ਸੰਵੇਦਨਸ਼ੀਲ ਕਰਾਰ ਦਿੱਤੇ ਗਏ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸੰਸਦੀ ਚੋਣਾਂ ਨੇ ਭਾਵੇਂ ਦਿੱਲੀ ਦੇ ਤਖ਼ਤ ਦਾ ਫੈਸਲਾ ਕਰਨਾ ਹੈ ਪਰ ਸੂਬਾਈ ਸ਼ਖ਼ਸੀਅਤਾਂ ਦਾ ਸਿਆਸੀ ਭਵਿੱਖ ਇਨ੍ਹਾਂ ਚੋਣਾਂ ਦੌਰਾਨ ਦਿਖਾਈ ਜਾਣ ਵਾਲੀ ਕਾਰਗੁਜ਼ਾਰੀ ਨਾਲ ਜੁੜਿਆ ਦੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਸਿਆਸੀ ਸੰਕਟ ਨਾਲ ਜੂਝ ਰਿਹਾ ਹੈ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਅਕਾਲੀ ਦਲ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨਹੀਂ ਦਿਖਾਉਂਦਾ ਤਾਂ ਪਾਰਟੀ ਦੇ ਸਿਆਸੀ ਭਵਿੱਖ ‘ਤੇ ਹੀ ਗ੍ਰਹਿਣ ਨਹੀਂ ਲੱਗੇਗਾ ਸਗੋਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਵੀ ਚੁਣੌਤੀਆਂ ਵੱਧ ਜਾਣਗੀਆਂ। ਆਮ ਆਦਮੀ ਪਾਰਟੀ ਲਈ ਵੀ ਇਹ ਚੋਣਾਂ ਵੱਡੀ ਚੁਣੌਤੀ ਹਨ। ‘ਆਪ’ ਤੋਂ ਵੱਖ ਹੋ ਕੇ ਨਵੀਂ ਪਾਰਟੀ ਦਾ ਗਠਨ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਭਵਿੱਖ ਨੂੰ ਵੀ ਚੋਣਾਂ ਪ੍ਰਭਾਵਿਤ ਕਰਨਗੀਆਂ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬਹੁਜਨ ਸਮਾਜ ਪਾਰਟੀ, ਪੰਜਾਬ ਏਕਤਾ ਪਾਰਟੀ, ਖੱਬੀਆਂ ਧਿਰਾਂ ਸਮੇਤ ਕਈ ਹੋਰ ਛੋਟੀਆਂ ਪਾਰਟੀਆਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨਗੀਆਂ।

RELATED ARTICLES
POPULAR POSTS