ਸਨਮਾਨੇ ਜਾਣਗੇ ਪ੍ਰੋ.ਰਹੀਮ ਅਤੇ ਵਿਕਰਮਜੀਤ ਦੁੱਗਲ
ਹੈਦਰਾਬਾਦ : ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਕਾਲਮ-ਨਵੀਸ ਨਿੰਦਰ ਘੁਗਿਆਣਵੀ ਦੀ ਬਹੁ-ਚਰਚਿਤ ਸਵੈ-ਜੀਵਨੀ ਰਚਨਾ ‘ਮੈਂ ਸਾਂ ਜੱਜ ਦਾ ਅਰਦਲੀ’ ਦਾ ਮੋਲਾਨਾ ਅਜ਼ਾਦ ਨੈਸ਼ਨਲ ਯੂਨੀਵਰਸਿਟੀ ਹੈਦਰਾਬਾਦ ਦੇ ਪ੍ਰੋਫੈਸਰ ਪਟਨ ਰਹੀਮ ਖਾਂ ਵੱਲੋਂ ਕੀਤਾ ਗਿਆ ਤੇਲਗੂ ਵਿੱਚ ਅਨੁਵਾਦ 18 ਦਸੰਬਰ ਨੂੰ ਰਿਲੀਜ਼ ਹੋਵੇਗਾ। ਤੇਲਗੂ ਭਾਸ਼ਾ ਵਿੱਚ ਇਸਦਾ ਨਾਂ ‘ਨੇਣੂ ਜੱਜ ਗਾਰੀ ਸੇਵਾਕੁਡਨੀ’ ਹੈ। ਇਸ ਤੋਂ ਪਹਿਲਾਂ ਇਸ ਰਚਨਾ ਦਾ ਉਰਦੂ ਤੇ ਹਿੰਦੀ ਵਿੱਚ ਵੀ ਅਨੁਵਾਦ ਹੋ ਚੁੱਕਾ ਹੈ। ਤੇਲੰਗਾਨਾ ਦੇ ਜ਼ਿਲਾ ਰਾਮਾਗੁੰਡਮ ਵਿਖੇ ਕਰਵਾਏ ਜਾ ਰਹੇ ਰਿਲੀਜ਼ ਸਮਾਗਮ ਵਿੱਚ ਪੰਜਾਬ ਤੋਂ ਲੇਖਕ ਨਿੰਦਰ ਘੁਗਿਆਣਵੀ ਨੂੰ ਵਿਸੇਸ਼ ਤੌਰ ‘ਤੇ ਸੱਦਿਆ ਗਿਆ ਹੈ। ਤੇਲਗੂ ਸਾਹਿਤ ਦੇ ਵਿਦਵਾਨ ਪ੍ਰੋ ਦਾਰਲਾ ਵੈਂਕੇਟਸ਼ਵਰ ਰਾਓ ਇਸ ਪੁਸਤਕ ਬਾਰੇ ਆਪਣਾ ਖੋਜ ਪੇਪਰ ਪੜ੍ਹਨਗੇ ਅਤੇ ਵਿਸੇਸ਼ ਮਹਿਮਾਨ ਸ੍ਰੀ ਵੇਲੂਰੀ ਰਵੀ ਕੁਮਾਰ ਸਪੈਸ਼ਲ ਜੱਜ ਆਂਧਰਾ ਪਰਦੇਸ ਹਾਈਕੋਰਟ ਹੋਣਗੇ। ਇਸ ਸਮਾਗਮ ਵਿੱਚ ਪੁਸਤਕ ਦੇ ਅਨੁਵਾਦਕ ਪ੍ਰੋ. ਪਟਨ ਰਹੀਮ ਖਾਂ ਨੂੰ ਬਾਬਾ ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਵੱਲੋਂ 2016 ਦਾ ਸੇਖ ਫਰੀਦ ਸਾਹਿਤਕ ਪੁਰਸਕਾਰ ਅਤੇ ਸਾਹਿਤਕ ਤੇ ਸਭਿਆਚਾਰਕ ਰੁਚੀਆਂ ਰੱਖਣ ਵਾਲੇ ਕੁਸ਼ਲ ਆਈ.ਪੀ.ਐੱਸ ਅਧਿਕਾਰੀ ਸ੍ਰੀ ਵਿਕਰਮਜੀਤ ਦੁੱਗਲ ਨੂੰ ਡਾ. ਐੱਮ. ਐੱਸ ਰੰਧਾਵਾ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਸਮਾਗਮ ਵਿੱਚ ਜਿਲੇ ਦੇ ਨਿਆਂ-ਪਾਲਿਕਾ, ਉੱਚ ਪੁਲੀਸ ਅਧਿਕਾਰੀ, ਵਕੀਲ, ਪ੍ਰੋਫੈਸਰ ਅਤੇ ਵਿਦਿਆਰਥੀ ਵੀ ਸ਼ਮੂਲੀਅਤ ਕਰਨਗੇ।

