‘ਆਪ’ ਆਗੂ ਲਖਨਪਾਲ ਸਾਥੀਆਂ ਸਮੇਤ ਕਾਂਗਰਸ ‘ਚ ਹੋਏ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਿਅੰਕਾ ਗਾਂਧੀ ਨੂੰ ਬੇਨਤੀ ਕਰਨਗੇ ਕਿ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਪੰਜਾਬ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰਨ ਆਉਣ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੋਟਬੰਦੀ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਅਦਾਲਤ ਦਾ ਦਰਵਾਜ਼ਾ ਖੜ੍ਹਕਾਏਗੀ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਸਲ ਮੁਕਾਬਲਾ ਕਾਂਗਰਸ ਤੇ ‘ਆਪ’ ਵਿਚਕਾਰ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ‘ਆਪ’ ਦੀ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਪਾਰਟੀ ਨੂੰ ਪ੍ਰਚਾਰ ਲਈ 50 ਹਜ਼ਾਰ ਲੋਕ ਬਾਹਰਲੇ ਸੂਬਿਆਂ ਤੋਂ ਲਿਆਉਣੇ ਪਏ ਹਨ।
ਹਾਕਮ ਧਿਰ ਅਕਾਲੀ-ਭਾਜਪਾ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਤਾਂ ਮੁਕਾਬਲੇ ਤੋਂ ਹੀ ਬਾਹਰ ਹੈ। ਉਨ੍ਹਾਂ ‘ਆਪ’ ਆਗੂ ਸੀ ਐਮ ਲਖਨਪਾਲ, ਪੀ ਕੇ ਸ਼ਰਮਾ, ਇਕਬਾਲ ਪੰਨੂ ਤੇ ਭਰਪੂਰ ਸਿੰਘ ਦਾ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਹੁਣ ‘ਆਪ’ ਦਾ ਗ੍ਰਾਫ਼ ਹੇਠਾਂ ਡਿੱਗ ਰਿਹਾ ਹੈ ਤੇ ਪੰਜਾਬ ਵਾਸੀਆਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਬਿਆਨ ਦੇ ਰਹੇ ਹਨ ਕਿ ਪਾਰਟੀ ਦੀ ਸਰਕਾਰ ਆਉਣ ‘ਤੇ ਕਿਸੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ, ਜਦੋਂਕਿ ਦਿੱਲੀ ਸਰਕਾਰ ਵਿੱਚ ਕੋਈ ਸਿੱਖ ਜਾਂ ਦਲਿਤ ਮੰਤਰੀ ਨਹੀਂ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …