ਇੰਚਾਰਜ ਹਰੀਸ਼ ਚੌਧਰੀ ਨੇ ਸੁਖਪਾਲ ਖਹਿਰਾ ਨੂੰ ਭੇਜਿਆ ਨੋਟਿਸ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਕਾਂਗਰਸ ਵਿਚ ਘਮਾਸਾਣ ਵਧਦਾ ਹੀ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਧਰਨਾ ਹਟਾਉਣ ਦੀ ਸਲਾਹ ਦਿੱਤੀ ਸੀ। ਇਹ ਧਰਨਾ ਟੈਂਡਰ ਘੁਟਾਲਾ ਮਾਮਲੇ ਵਿਚ ਗਿ੍ਰਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿਚ ਦਿੱਤਾ ਗਿਆ ਸੀ। ਪਾਰਟੀ ਇੰਚਾਰਜ ਨੇ ਖਹਿਰਾ ਤੋਂ ਪਾਰਟੀ ਫੋਰਮ ਦੀ ਬਜਾਏ ਸ਼ੋਸ਼ਲ ਮੀਡੀਆ ’ਤੇ ਸਿੱਧੀ ਗੱਲ ਕਰਨ ’ਤੇ ਜਵਾਬ ਮੰਗਿਆ ਹੈ। ਇਸ ਤੋਂ ਪਹਿਲਾਂ ਵੜਿੰਗ ਨੇ ਵੀ ਖਹਿਰਾ ਨੂੰ ਕਿਹਾ ਕਿ ਬਿਨਾ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ ਅਤੇ ਇਸ ਨਾਲ ਕਦਰ ਘਟ ਜਾਂਦੀ ਹੈ। ਇਸ ’ਤੇ ਖਹਿਰਾ ਨੇ ਪਲਟਵਾਰ ਕੀਤਾ ਕਿ ਆਗੂਆਂ ਨੂੰ ਸਭ ਤੋਂ ਛੋਟੇ ਵਰਕਰ ਦੀ ਸਲਾਹ ਵੀ ਦਰਕਿਨਾਰ ਨਹੀਂ ਕਰਨੀ ਚਾਹੀਦੀ। ਉਧਰ ਦੂਜੇ ਪਾਸੇ ਖਹਿਰਾ ਦੇ ਬਹਾਨੇ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਰਾਜਾ ਵੜਿੰਗ ਨੂੰ ਘੁਮੰਡੀ ਦੱਸਿਆ। ਇਸੇ ਦੌਰਾਨ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਪਰਨੀਤ ਕੌਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।