ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਸ਼ਰਾਬ ਦਾ ਹਮਾਇਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਂਸਰ ਨਾਲ ਜੰਗ ਲੜ ਰਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਲਗਭਗ 4 ਮਹੀਨਿਆਂ ਮਗਰੋਂ ਅੰਮਿ੍ਰਤਸਰ ਵਿਖੇ ਕਾਂਗਰਸੀ ਵਰਕਰਾਂ ਦਰਮਿਆਨ ਪਹੁੰਚੀ। ਮਹਿਲਾ ਕਾਂਗਰਸ ਵਿੰਗ ਵੱਲੋਂ ਆਯੋਜਿਤ ਤੀਜ ਤਿਉਹਾਰ ਦੌਰਾਨ ਡਾ. ਨਵਜੋਤ ਕੌਰ ਸਿੱਧੂ ਨੇ ਮਹਿਲਾਵਾਂ ਦੇ ਲਈ ਜਲੰਧਰ ’ਚੋ ਖੋਲ੍ਹੇ ਫਰੈਂਡਲੀ ਠੇਕੇ ਦੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਹਮੇਸ਼ਾ ਆਪਣੇ ਬਿਆਨਾਂ ਕਾਰਨ ਵਿਵਾਦਾਂ ’ਚ ਰਹਿਣ ਵਾਲੀ ਡਾ. ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਾਬ ਦਾ ਹਮਾਇਤੀ ਤੱਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਨਾਮ ’ਤੇ ਜਲੰਧਰ ’ਚ ਠੇਕਾ ਖੋਲ੍ਹ ਦਿੱਤਾ ਗਿਆ ਹੈ ਜੋ ਕਿ ਪੰਜਾਬ ਦੇ ਕਲਚਰ ਵਿਚ ਨਹੀਂ। ਡਾ. ਨਵਜੋਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਚਿਆ ਕਿ ਮੈਂ ਬਹੁਤ ਪੀਂਦਾ ਹਾਂ, ਚਲੋ ਮਹਿਲਾਵਾਂ ਵੀ ਖੁੱਲ੍ਹ ਕੇ ਪੀ ਲਿਆ ਕਰਨਗੀਆਂ। ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾਰੂ ਦੇ ਬਹੁਤ ਪੱਖ ਵਿਚ ਹਨ ਪ੍ਰੰਤੂ ਔਰਤਾਂ ਲਈ ਫਰੈਂਡਲੀ ਠੇਕਾ ਖੋਲ੍ਹਣਾ ਠੀਕ ਨਹੀਂ ਕਿਉਂਕਿ ਇਹ ਸਾਡੇ ਸੱਭਿਆਚਾਰ ਦੇ ਖਿਲਾਫ਼ ਹੈ। ਇਸ ਮੌਕੇ ਉਨ੍ਹਾਂ ਅੰਮਿ੍ਰਤਸਰ ਈਸਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ’ਤੇ ਕੁਰੱਪਸ਼ਨ ਦੇ ਇਲਜ਼ਾਮ ਵੀ ਲਗਾਏ। ਡਾ. ਨਵਜੋਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ’ਚ 75 ਪ੍ਰਤੀਸ਼ਤ ਵਿਧਾਇਕਾਂ ਨੂੰ ਪਤਾ ਹੀ ਨਹੀਂ ਕਿ ਕੰਮ ਕਿਵੇਂ ਕਰਨਾ ਹੈ। ਉਨ੍ਹਾਂ ਜੀਵਨਜੋਤ ਕੌਰ ’ਤੇ ਆਰੋਪ ਲਗਾਇਆ ਕਿ ਉਨ੍ਹਾਂ ਨੇ ਕਿੰਨਾ ਕੀਤਾ ਹੈ, ਉਸ ਨੂੰ ਪਤਾ ਹੀ ਨਹੀਂ ਕਿ ਕੰਮ ਕਿਵੇਂ ਕਰਵਾਇਆ ਜਾਂਦਾ।