Breaking News
Home / ਪੰਜਾਬ / ਬਾਦਲ ਸਰਕਾਰ ਨੇ ‘ਆਟਾ ਦਾਲ’ ਦਾ ਵਰ੍ਹਾਇਆ ਮੀਂਹ

ਬਾਦਲ ਸਰਕਾਰ ਨੇ ‘ਆਟਾ ਦਾਲ’ ਦਾ ਵਰ੍ਹਾਇਆ ਮੀਂਹ

11309cd-_aata-dal-final-aਪੰਜਾਬ ਦੇ ਹਰ ਤੀਜੇ ਵਿਅਕਤੀ ਕੋਲ ‘ਨੀਲਾ ਕਾਰਡ’, ਚੋਣਾਂ ਤੋਂ ਪਹਿਲਾਂ 5.30 ਲੱਖ ਨਵੇਂ ਨੀਲੇ ਕਾਰਡ ਬਣਾਏ, ਸਰਦੇ ਪੁੱਜਦੇ ਵੀ ਬਣੇ ਕਾਰਡਾਂ ਵਾਲੇ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿੱਚ ਔਸਤਨ ਹਰ ਤੀਜਾ ਵਿਅਕਤੀ ਸਰਕਾਰੀ ‘ਆਟਾ ਦਾਲ’ ਲੈ ਰਿਹਾ ਹੈ। ਹਾਲਾਂਕਿ ਸਰਕਾਰੀ ਆਟਾ ਦਾਲ ਸਕੀਮ ਲਈ ਸਖ਼ਤ ਸ਼ਰਤਾਂ ਹਨ। ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਵਿੱਚ 5.30 ਲੱਖ ਨਵੇਂ ਨੀਲੇ ਕਾਰਡ ਬਣਾਏ ਗਏ ਹਨ, ਜਿਨ੍ਹਾਂ ਵਿੱਚ 19.61 ਲੱਖ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਨਵੇਂ ਬਣਾਏ ਨੀਲੇ ਕਾਰਡਾਂ ਮਗਰੋਂ ਪੰਜਾਬ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ ਤਕਰੀਬਨ 1.27 ਕਰੋੜ ਹੋ ਗਈ ਹੈ ਜਦੋਂ ਕਿ ਸੂਬੇ ਦੀ ਕੁੱਲ ਆਬਾਦੀ 2.96 ਕਰੋੜ ਹੈ। ਮੋਟਾ ਹਿਸਾਬ ਲਾਈਏ ਤਾਂ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਵਿਚ ਹਰ ਤੀਜੇ ਵਿਅਕਤੀ ਕੋਲ ‘ਨੀਲਾ ਕਾਰਡ’ ਹੈ। ਖੁਰਾਕ ਤੇ ਸਪਲਾਈਜ਼ ਵਿਭਾਗ ਪੰਜਾਬ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਹੁਣ 33 ਲੱਖ ਨੀਲੇ ਕਾਰਡ ਹੋ ਗਏ ਹਨ, ਜਿਨ੍ਹਾਂ ‘ਤੇ 1.27 ਕਰੋੜ ਲਾਭਪਾਤਰੀ ਦਰਜ ਹਨ। ਪੰਜਾਬ ਸਰਕਾਰ ਨੇ ਦੂਜੇ ਪੜਾਅ ਤਹਿਤ ਸੱਤ ਲੱਖ ਨਵੇਂ ਨੀਲੇ ਕਾਰਡ ਬਣਾਉਣ ਦਾ ਟੀਚਾ ਰੱਖਿਆ ਸੀ। ਹੁਣ ਜਦੋਂ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤਾਂ ਪਿੰਡਾਂ ਵਿਚ ਥੋਕ ਵਿੱਚ ਨਵੇਂ ਨੀਲੇ ਕਾਰਡ ਬਣਾਏ ਗਏ ਹਨ। ਦੂਸਰੇ ਪੜਾਅ ਤਹਿਤ 5.30 ਲੱਖ ਨਵੇਂ ਨੀਲੇ ਕਾਰਡ ਬਣੇ ਹਨ। ਇਸ ਸਕੀਮ ਵਿਚ ਛੋਟੇ ਤੇ ਦਰਮਿਆਨੀ ਕਿਸਾਨੀ ਵਾਲੇ ਪਰਿਵਾਰ ਵੀ ਸ਼ਾਮਲ ਕੀਤੇ ਗਏ ਹਨ। ਭੂਮੀਹੀਣ ਖੇਤੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਇਹ ਸਹੂਲਤ ਦਿੱਤੀ ਗਈ ਹੈ।
ਸਰਕਾਰੀ ਨਿਯਮਾਂ ਅਨੁਸਾਰ ਢਾਈ ਏਕੜ ਤਕ ਵਾਹੀਯੋਗ ਤੇ ਪੰਜ ਏਕੜ ਤਕ ਬੰਜ਼ਰ/ਬਰਾਨੀ ਜ਼ਮੀਨ ਵਾਲਾ ਪਰਿਵਾਰ ਇਸ ਸਕੀਮ ਦਾ ਹੱਕਦਾਰ ਹੈ। ਸਾਲਾਨਾ ਪਰਿਵਾਰਕ ਆਮਦਨ 60 ਹਜ਼ਾਰ ਹੋਣ ਦੀ ਸ਼ਰਤ ਹੈ। ਆਮਦਨ ਕਰ, ਵੈਟ, ਸੇਵਾ ਕਰ, ਪ੍ਰੋਫੈਸ਼ਨਲ ਕਰਦਾਤਾ, ਏਸੀ ਤੇ ਚਾਰ ਪਹੀਆ ਵਾਹਨ ਵਾਲਾ, ਸਰਕਾਰੀ ਮੁਲਾਜ਼ਮ ਅਤੇ ਸਨਅਤ ਮਾਲਕ ਇਸ ਸਕੀਮ ਲਈ ਯੋਗ ਨਹੀਂ ਹਨ। ਹੁਣ ਪੰਜਾਬ ਭਰ ਵਿੱਚ ਹਲਕੇ ਮੁਤਾਬਕ ਮੁਹਿੰਮ ਚਲਾਈ ਗਈ ਸੀ, ਜਿਸ ਵਿਚ ਹਲਕਾ ਇੰਚਾਰਜਾਂ ਅਤੇ ਹਾਕਮ ਧਿਰ ਦੇ ਵਿਧਾਇਕਾਂ ਨੇ ਨਵੇਂ ਨੀਲੇ ਕਾਰਡਾਂ ਦੇ ਫਾਰਮ ਵੱਡੀ ਗਿਣਤੀ ਵਿਚ ਭਰਵਾਏ ਹਨ। ਸੂਤਰਾਂ ਮੁਤਾਬਕ ਧਨਾਢ ਪਰਿਵਾਰ ਵੀ ਵਗਦੀ ਗੰਗਾ ਵਿਚ ਹੱਥ ਧੋ ਗਏ ਹਨ। ਪਿੰਡਾਂ ਵਿੱਚ ਤਾਂ ਸਰਕਾਰੀ ਮੁਲਾਜ਼ਮਾਂ ਅਤੇ ਕੋਠੀਆਂ ਕਾਰਾਂ ਵਾਲੇ ਵੀ ਨੀਲੇ ਕਾਰਡ ਬਣਾਉਣ ਵਿੱਚ ਸਫ਼ਲ ਹੋ ਗਏ ਹਨ। ਬਠਿੰਡਾ ਜ਼ਿਲ੍ਹੇ ਵਿੱਚ ਤਕਰੀਬਨ 20 ਹਜ਼ਾਰ ਨਵੇਂ ਨੀਲੇ ਕਾਰਡ ਬਣਾਏ ਗਏ ਹਨ ਅਤੇ ਹੁਣ ਜ਼ਿਲ੍ਹੇ ਵਿੱਚ ਨੀਲੇ ਕਾਰਡਾਂ ਦੀ ਕੁੱਲ ਗਿਣਤੀ 2.12 ਲੱਖ ਹੋ ਗਈ ਹੈ। ਇਨ੍ਹਾਂ ‘ਤੇ ઠ7.95 ਲੱਖ ਲਾਭਪਾਤਰੀਆਂ ਦੇ ਨਾਂ ਦਰਜ ਹਨ। ਬਠਿੰਡਾ ਜ਼ਿਲ੍ਹੇ ਦੀ ਕੁੱਲ ਆਬਾਦੀ ਇਸ ਵੇਲੇ 13.88 ਲੱਖ ਹੈ। ਜ਼ਿਲ੍ਹੇ ਵਿੱਚ ਔਸਤਨ ਹਰ ਦੂਜੇ ਵਿਅਕਤੀ ਕੋਲ ਨੀਲਾ ਕਾਰਡ ਹੈ। ਮਾਨਸਾ ਜ਼ਿਲ੍ਹੇ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ 4.23 ਲੱਖ ਹੈ ਜਦੋਂ ਕਿ ਇਸ ਜ਼ਿਲ੍ਹੇ ਦੀ ਕੁੱਲ ਆਬਾਦੀ 7.68 ਲੱਖ ਹੈ। ਇਥੇ ਵੀ ਔਸਤਨ ਹਰ ਦੂਜਾ ਵਿਅਕਤੀ ਨੀਲਾ ਕਾਰਡਧਾਰਕ ਹੈ। ਪੰਜਾਬ ਵਿੱਚ ਸਭ ਤੋਂ ਜ਼ਿਆਦਾ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ ਲੁਧਿਆਣਾ ਜ਼ਿਲ੍ਹੇ ਵਿੱਚ ਹੈ ਜੋ 14.40 ਲੱਖ ਬਣਦੀ ਹੈ ਜਦੋਂ ਕਿ ਜ਼ਿਲ੍ਹੇ ਦੀ ਆਬਾਦੀ 34.87 ਲੱਖ ਹੈ। ਮੁੱਖ ਮੰਤਰੀ ਦੇ ਜ਼ਿਲ੍ਹਾ ਮੁਕਤਸਰ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ ਹੁਣ 5.63 ਲੱਖ ਹੋ ਗਈ ਹੈ ਅਤੇ ਇਸ ਜ਼ਿਲ੍ਹੇ ਦੀ ਕੁੱਲ ਆਬਾਦੀ 9.02 ਲੱਖ ਹੈ।
ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਟਾ ਦਾਲ ਸਕੀਮ ਵਿਚ ਹੁਣ ਵੱਡਾ ਫਰਾਡ ਹੋਇਆ ਹੈ ਅਤੇ ਹਾਕਮ ਧਿਰ ਨੇ ਆਪਣੇ ਚਹੇਤਿਆਂ ਦੇ ਨੀਲੇ ਕਾਰਡ ਬਣਾ ਦਿੱਤੇ ਹਨ ਜਦੋਂ ਕਿ ਲੋੜਵੰਦ ਹਾਲੇ ਵੀ ਇਸ ਸਕੀਮ ਦੇ ਘੇਰੇ ਵਿਚੋਂ ਬਾਹਰ ਹਨ। ਚੋਣਾਂ ਸਿਰ ‘ਤੇ ਹੋਣ ਕਾਰਨ ਨੀਲੇ ਕਾਰਡ ਬਣਾਉਣ ਸਮੇਂ ਸਭ ਨਿਯਮ ਛਿੱਕੇ ਟੰਗ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਹੋਣੀ ਚਾਹੀਦੀ ਹੈ। ਸਰਕਾਰੀ ਪੱਖ ਲੈਣ ਲਈ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਨੂੰ ਫੋਨ ਕੀਤੇ ਪਰ ਉਨ੍ਹਾਂ ਚੁੱਕਿਆ ਨਹੀਂ।

Check Also

ਪੰਜਾਬ ਸਰਕਾਰ ਨੂੰ ਜਾਰੀ ਐੱਨਜੀਟੀ ਦੇ ਹੁਕਮਾਂ ’ਤੇ ਸੁਪਰੀਮ ਕੋਰਟ ਨੇ ਲਾਈ ਰੋਕ

  1 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਦੇ ਭੁਗਤਾਨ ਲਈ ਜਾਰੀ ਹੋਇਆ …