ਮੁੱਖ ਮੰਤਰੀ ਨੇ ਕੈਨੇਡੀਅਨ ਸੰਸਦ ਮੈਂਬਰ ਰਮੇਸ਼ਵਰ ਸੰਘਾ ਨੂੰ ਆਪਣੀ ਸਰਕਾਰ ਕੋਲ ਮਾਮਲਾ ਉਠਾਉਣ ਲਈ ਕਿਹਾ
ਚੰਡੀਗੜ੍ਹ : ਭਾਰਤ ਵਿਚ ਫੁੱਟ ਪਾਉਣ ਅਤੇ ਬਿਖੇੜਾ ਖੜ੍ਹਾ ਕਰਨ ਲਈ ਕੈਨੇਡਾ ਦੀ ਧਰਤੀ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਗਰਮ ਖਿਆਲੀਆਂ ਨੂੰ ਕੈਨੇਡਾ ਸਰਕਾਰ ਦੁਆਰਾ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਾਮਲਾ ਕੈਨੇਡਾ ਦੇ ਸੰਸਦ ਮੈਂਬਰ ਰਮੇਸ਼ਵਰ ਸੰਘਾ ਕੋਲ ਇਕ ਮੀਟਿੰਗ ਸਮੇਂ ਉਠਾਇਆ। ਕੈਪਟਨ ਨੇ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਸਮੇਤ ਅਜਿਹੇ ਤੱਤਾਂ ਦਾ ਕੈਨੇਡਾ ਦੇ ਰਾਜਨੀਤਕ ਮਾਹੌਲ ‘ਤੇ ਕੋਈ ਪ੍ਰਭਾਵ ਨਹੀਂ ਪੈ ਸਕਿਆ ਅਤੇ ਇਹ ਵਿਅਕਤੀ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਥੇ ਮਾਹੌਲ ਖਰਾਬ ਕਰ ਸਕਦੇ ਹਨ। ਬਦਕਿਸਮਤੀ ਨਾਲ ਗਰਮ ਖਿਆਲੀ ਸੋਸ਼ਲ ਮੀਡੀਆ ਦੁਆਰਾ ਭਾਰਤ ਵਿਚ ਫੁੱਟ ਪਾਉਣ ਵਾਲੇ ਸੰਦੇਸ਼ਾਂ ਦਾ ਪ੍ਰਸਾਰ ਕਰਨ ਵਿਚ ਸਫਲ ਹੋਏ ਹਨ। ਕੈਨੇਡਾ ਸਰਕਾਰ ਨੂੰ ਅਜਿਹੀਆਂ ਤਾਕਤਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਲੋਕ ਸੋਸ਼ਲ ਮੀਡੀਆ ਅਤੇ ਹੋਰ ਸਰਵਜਨਿਕ ਮੰਚਾਂ ਦਾ ਖੁੱਲ੍ਹੇਆਮ ਪ੍ਰਯੋਗ ਨਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਉਦਯੋਗ ਅਤੇ ਨਿਵੇਸ਼ ਨੂੰ ਸੂਬੇ ਵਿਚ ਲਿਆਉਣ ਲਈ ਯਤਨ ਕਰ ਰਹੀ ਹੈ, ਪਰੰਤੂ ਭਾਰਤ ਤੋਂ ਬਾਹਰ ਬੈਠੇ ਗਰਮਖਿਆਲੀਆਂ ਦੇ ਨਾਪਾਕ ਇਰਾਦੇ ਸਾਡੇ ਯਤਨਾਂ ਨੂੰ ਰਸਤੇ ਤੋਂ ਉਤਾਰ ਸਕਦੇ ਹਨ।
ਪਰਵਾਸੀ ਭਾਰਤੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ
ਪਿਛਲੇ 6-7 ਸਾਲਾਂ ਵਿਚ ਪਰਵਾਸੀ ਪੰਜਾਬੀਆਂ ਦੀ ਮੁਸ਼ਕਲ ਖਾਸ ਤੌਰ ‘ਤੇ ਜਾਇਦਾਦ ਦੇ ਨਾਲ ਸਬੰਧਤ ਮਾਮਲਿਆਂ ਨਾਲ ਹੋਣ ਦਾ ਜ਼ਿਕਰ ਕਰਦੇ ਹੋਏ ਬਰੈਂਪਟਨ ਸੈਂਟਰ ਦੀ ਪ੍ਰਤੀਨਿਧਤਾ ਕਰ ਰਹੇ ਰਮੇਸ਼ਵਰ ਸੰਘਾ ਨੇ ਮੁੱਖ ਮੰਤਰੀ ਨੂੰ ਵਿਦੇਸ਼ ਵਸਦੇ ਭਾਰਤੀ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਲਈ ਕਦਮ ਉਠਾਉਣ ਲਈ ਕਿਹਾ। ਇਸ ‘ਤੇ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀ ਸਰਕਾਰ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਤਰੀਕੇ ਨਾਲ ਮੱਦਦ ਕਰੇਗੀ।