ਸੁਖਬੀਰ ਬਾਦਲ ਅਤੇ ਸ਼ੋ੍ਮਣੀ ਕਮੇਟੀ ਦਾ ਸਪੱਸ਼ਟੀਕਰਨ ਕੀਤਾ ਗਿਆ ਜਨਤਕ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੌਂਪੇ ਗਏ ਸਪੱਸ਼ਟੀਕਰਨ ਨੂੰ ਜਨਤਕ ਕਰ ਦਿੱਤਾ ਗਿਆ ਹੈ। ਇਸ ਸਪੱਸ਼ਟੀਕਰਨ ਨੂੰ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸੁਖਬੀਰ ਬਾਦਲ ਨੇ 2007 ਤੋਂ ਲੈ ਕੇ ਅਕਤੂਬਰ 2015 ਤੱਕ ਪਾਰਟੀ ਅਤੇ ਅਕਾਲੀ ਸਰਕਾਰ ਕੋਲੋਂ ਹੋਈਆਂ ਭੁੱਲਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਸੁਖਬੀਰ ਬਾਦਲ ਵਲੋਂ ਦਿੱਤੇ ਗਏ ਸਪੱਸ਼ਟੀਕਰਨ ਵਿਚ ਉਨ੍ਹਾਂ ਨੇ ਅਕਾਲੀ ਸਰਕਾਰ ਵੇਲੇ ਸਮੁੱਚੀ ਪਾਰਟੀ, ਪਾਰਟੀ ਦੇ ਆਗੂਆਂ ਅਤੇ ਹੋਰਨਾਂ ਵਲੋਂ ਹੋਈਆਂ ਭੁੱਲਾਂ ਚੁੱਕਾਂ, ਗਲਤੀਆਂ ਨੂੰ ਆਪਣੀ ਝੋਲੀ ਵਿਚ ਪਾਇਆ ਅਤੇ ਕਿਹਾ ਕਿ ਅਣਜਾਣੇ ਵਿਚ ਹੋਈਆਂ ਇਨ੍ਹਾਂ ਭੁੱਲਾਂ ਦੀ ਉਹ ਖਿਮਾ ਯਾਚਨਾ ਕਰਦੇ ਹਨ। ਇਸ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜੋ ਵੀ ਫੈਸਲਾ ਕੀਤਾ ਜਾਵੇਗਾ, ਉਹ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਕੁਝ ਨਰਾਜ਼ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ’ਤੇ ਤਲਬ ਵੀ ਕੀਤਾ ਗਿਆ ਸੀ। ਇਸਦੇ ਚੱਲਦਿਆਂ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਪੱਸ਼ਟੀਕਰਨ ਸੌਂਪਿਆ ਗਿਆ ਸੀ।