Breaking News
Home / ਪੰਜਾਬ / ਆਮਦਨੀ ਅਠੱਨੀ-ਖਰਚਾ ਰੁਪਈਆ

ਆਮਦਨੀ ਅਠੱਨੀ-ਖਰਚਾ ਰੁਪਈਆ

logo-2-1-300x105ਸੁਨਾਮ ਦਾ ਰੈਸਟ ਹਾਊਸ ਕਮਾਉਂਦਾ ਹੈ 1800 ਤੇ ਖਰਚਾ ਆਉਂਦਾ ਹੈ 92000
ਚੰਡੀਗੜ੍ਹ/ਬਿਊਰੋ ਨਿਊਜ਼ :
ਵਿੱਤੀ ਸੰਕਟ ਵਿੱਚ ਘਿਰੀ ਪਈ ਪੰਜਾਬ ਸਰਕਾਰ ਦਾ ਇੱਕ ਨਿਰਾਲਾ ਮਾਮਲਾ ਸਾਹਮਣੇ ਆਇਆ ਹੈ। ਸੁਨਾਮ (ਸੰਗਰੂਰ) ਰੈਸਟ ਹਾਊਸ ਦੇ ਰੱਖ-ਰਖਾਵ ਦਾ ਸਾਲਾਨਾ ਖ਼ਰਚਾ 92 ਹਜ਼ਾਰ ਰੁਪਏ ਹੈ ਜਦਕਿ ਕਮਾਈ ਕੇਵਲ 1830 ਰੁਪਏ ਹੁੰਦੀ ਹੈ। ਭੁੱਚੋ ਮੰਡੀ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਵੱਲੋਂ ਵਿਧਾਨ ਸਭਾ ਵਿੱਚ ਸੁਨਾਮ ਰੈਸਟ ਹਾਊਸ ਸਬੰਧੀ ਕੀਤੇ ਇੱਕ ਸਵਾਲ ਬਾਰੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਹੈਰਾਨੀਜਨਕ ਜਵਾਬ ਦਿੱਤਾ ਹੈ।
ਜਵਾਬ ਵਿੱਚ ਦੱਸਿਆ ਗਿਆ ਹੈ ਕਿ ਸੁਨਾਮ ਰੈਸਟ ਹਾਊਸ ਇੱਕ ਏਕੜ, ਪੰਜ ਕਨਾਲ ਅਤੇ 13 ਮਰਲੇ ਰਕਬੇ ‘ਤੇ ਉਸਾਰਿਆ ਗਿਆ ਹੈ। ਇਸ ਦੀ ਉਸਾਰੀ ‘ਤੇ 23 ਲੱਖ ਰੁਪਏ ਖਰਚ ਕੀਤੇ ਗਏ ਹਨ। ਮੰਤਰੀ ਅਨੁਸਾਰ ਇਸ ਰੈਸਟ ਹਾਊਸ ਵਿੱਚ ਇੱਕ ਚੌਕੀਦਾਰ ਅਤੇ ਇੱਕ ਪਾਰਟ ਟਾਈਮ ਸਵੀਪਰ ਕੰਮ ਕਰਦੇ ਹਨ। ਪਿਛਲੇ ਵਰ੍ਹੇ ਰੈਸਟ ਹਾਊਸ ਦੀ ਸਾਂਭ-ਸੰਭਾਲ ‘ਤੇ 92 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ। ਮੰਤਰੀ ਨੇ ਰੌਚਿਕ ਜਾਣਕਾਰੀ ਦਿੱਤੀ ਹੈ ਕਿ ਸਾਲ 2015 ਦੌਰਾਨ ਕੇਵਲ ਨੌਂ ਮਹਿਮਾਨ ਹੀ ਇਸ ਰੈਸਟ ਹਾਊਸ ਵਿਖੇ ਠਹਿਰੇ ਅਤੇ ਉਨ੍ਹਾਂ ਕੋਲੋਂ ਕਿਰਾਏ ਦੇ ਰੂਪ ਵਿੱਚ ਕੇਵਲ 1830 ਰੁਪਏ ਵਸੂਲੇ ਗਏ ਹਨ। ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਵਰ੍ਹੇ ਫਰਵਰੀ, ਮਈ, ਜੂਨ, ਨਵੰਬਰ ਅਤੇ ਦਸੰਬਰ ਮਹੀਨਿਆਂ ਦੌਰਾਨ ਰੈਸਟ ਹਾਊਸ ਵਿੱਚ ਕੇਵਲ ਇੱਕ-ਇੱਕ ਮਹਿਮਾਨ ਠਹਿਰਿਆ ਜਦਕਿ ਅਕਤੂਬਰ ਵਿੱਚ ਇੱਥੇ ਚਾਰ ਮਹਿਮਾਨ ਠਹਿਰੇ ਸਨ।
ਮੰਤਰੀ ਵੱਲੋਂ ਦਿੱਤੇ ਗਏ ਜਵਾਬ ਅਨੁਸਾਰ ਪਿਛਲੇ ਵਰ੍ਹੇ ਇਸ ਰੈਸਟ ਹਾਊਸ ਵਿੱਚ ਜਨਵਰੀ, ਫਰਵਰੀ, ਮਾਰਚ, ਅਪਰੈਲ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਇੱਕ ਵੀ ਮਹਿਮਾਨ ਨਹੀਂ ਠਹਿਰਿਆ। ਇਸ ਜਵਾਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰੈਸਟ ਹਾਊਸ ਦੀ ਸਾਂਭ-ਸੰਭਾਲ ‘ਤੇ ਪ੍ਰਤੀ ਮਹੀਨਾ 7700 ਰੁਪਏ ਖ਼ਰਚ ਆਉਂਦਾ ਹੈ ਜਦਕਿ ਕਮਾਈ ਕੇਵਲ 153 ਰੁਪਏ ਹੁੰਦੀ ਹੈ।
ਵਿਧਾਨ ਸਭਾ ਵਿੱਚ ਸਵਾਲ-ਜਵਾਬ ਦਾ ਸਮਾਂ ਖ਼ਤਮ ਹੋਣ ਕਾਰਨ ਭਾਵੇਂ ਇਸ ਮੁੱਦੇ ‘ਤੇ ਚਰਚਾ ਨਹੀਂ ਹੋ ਸਕੀ ਪਰ ਵਿਧਾਇਕ ਅਜਾਇਬ ਸਿੰਘ ਭੱਟੀ ਨੇ ઠਇਸ ਦੀ ਜਾਣਕਾਰੀ ਦਿੰਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਨਾਕਸ ਪ੍ਰਸ਼ਾਸਨ ਦੀ ਇਹ ਮੂੰਹ ਬੋਲਦੀ ਮਿਸਾਲ ਹੈ। ਸ੍ਰੀ ਭੱਟੀ ਨੇ ਦੱਸਿਆ ਕਿ ਪਿਛਲੇ ਸਮੇਂ ਉਹ ਇਸ ਰੈਸਟ ਹਾਊਸ ਵਿੱਚ ਗਏ ਸਨ। ਉਨ੍ਹਾਂ ਰੈਸਟ ਹਾਊਸ ਪੁੱਜ ਕੇ ਮੁੱਖ ਗੇਟ ਖੜਕਾਇਆ ਪਰ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਿਆ। ਫਿਰ ਦਸ ਮਿੰਟਾਂ ਬਾਅਦ ਚੌਕੀਦਾਰ ਨੇ ਆ ਕੇ ਗੇਟ ਖੋਲ੍ਹਿਆ ਤਾਂ ਰੈਸਟ ਹਾਊਸ ਦਾ ਸਫ਼ਾਈ ਪੱਖੋਂ ਮੰਦਾ ਹਾਲ ਸੀ। ਚੌਕੀਦਾਰ ਨੇ ਦੱਸਿਆ ਕਿ ਵਿਭਾਗ ਨੇ ਇੱਥੇ ਝਾੜੂ ਮਾਰਨ ਲਈ ਇੱਕ ਸਫਾਈ ਸੇਵਕ ਪਾਰਟ ਟਾਈਮ ਰੱਖਿਆ ਸੀ।
ਉਸ ਨੂੰ ਪੰਜ ਮਹੀਨੇ ਤਨਖਾਹ ਨਾ ਦੇਣ ਕਾਰਨ ਅਖੀਰ ਉਹ ਨੌਕਰੀ ਛੱਡ ਕੇ ਚਲਾ ਗਿਆ ਹੈ ਅਤੇ ਹੁਣ ਇੱਥੇ ਸਫਾਈ ਕਰਨ ਵਾਲਾ ਕੋਈ ਨਹੀਂ ਰਿਹਾ। ਸ੍ਰੀ ਭੱਟੀ ਨੇ ਦੱਸਿਆ ਕਿ ਇਹ ਰੈਸਟ ਹਾਊਸ ਦਰਬਾਰਾ ਸਿੰਘ ਦੀ ਸਰਕਾਰ ਵੇਲੇ ਉਸ ਵੇਲੇ ਦੇ ਲੋਕ ਨਿਰਮਾਣ ਮੰਤਰੀ ਬੇਅੰਤ ਸਿੰਘ ਨੇ ਬਣਾਇਆ ਸੀ। ਉਨ੍ਹਾ ਦੋਸ਼ ਲਾਇਆ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਇਹ ਰੈਸਟ ਹਾਊਸ ਸਾਂਭ-ਸੰਭਾਲ ਖੁਣੋਂ ਖੰਡਰ ਬਣਿਆ ਪਿਆ ਹੈ। ਕਿਸੇ ਵੇਲੇ ਬਾਹਰੋਂ ਬਦਲ ਕੇ ਆਉਂਦੇ ਅਧਿਕਾਰੀ ਇਸ ઠਰੈਸਟ ਹਾਊਸ ਨੂੰ ਆਪਣੀ ਮੁੱਢਲੀ ਰਿਹਾਇਸ਼ ਵਜੋਂ ਵਰਤਦੇ ਸਨ।

Check Also

ਕਿਸਾਨ ਆਗੂਆਂ ਦੀ ਬੈਠਕ ਰਹੀ ਬੇਨਤੀਜਾ ਅਤੇ ਅਗਲੇ ਗੇੜ ਦੀ ਬੈਠਕ 18 ਨੂੰ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ’ਚੋਂ ਉੱਠ ਕੇ ਚਲੇ ਗਏ ਪਟਿਆਲਾ/ਬਿਊਰੋ ਨਿਊਜ਼ ਸੰਯੁਕਤ …