ਬੱਚਿਆਂ ਅਤੇ ਬਜ਼ੁਰਗਾਂ ਨੂੰ 15 ਜੂਨ ਤੋਂ ਬਾਅਦ ਆਉਣ ਲਈ ਅਪੀਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਉਤਰਾਖੰਡ ਸਥਿੱਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਕ ਜੂਨ ਤੋਂ ਸ਼ੁਰੂ ਹੋ ਗਈ ਹੈ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਹਨ। ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਗਿਆ। ਇਕ ਜੂਨ ਨੂੰ ਸਵੇਰੇ ਪਹਿਲਾਂ ਗੁਰਮਤਿ ਮਰਿਆਦਾ ਅਨੁਸਾਰ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਦੇ ਕਿਵਾੜ ਖੋਲ੍ਹੇ ਗਏ ਅਤੇ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲਿਆਂਦਾ ਗਿਆ, ਜਿਸ ਦਾ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦਾ ਪਾਠ ਅਤੇ ਪਹਿਲੀ ਅਰਦਾਸ ਕੀਤੀ ਗਈ। ਉਪਰੰਤ ਗੁਰਬਾਣੀ ਕੀਰਤਨ ਦਾ ਪ੍ਰਵਾਹ ਸ਼ੁਰੂ ਹੋਇਆ। ਪਹਿਲੇ ਦਿਨ ਲਗਪਗ ਸਾਢੇ ਸੱਤ ਹਜ਼ਾਰ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ। ਗੁਰਦੁਆਰੇ ਦੇ ਆਲੇ-ਦੁਆਲੇ ਫਿਲਹਾਲ ਬਰਫ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਸਰੋਵਰ ਵੀ ਲਗਪਗ ਬਰਫ ਨਾਲ ਢਕਿਆ ਹੋਇਆ ਹੈ ਪਰ ਕੁੱਝ ਥਾਂ ਤੋਂ ਬਰਫ ਨੂੰ ਤੋੜ ਕੇ ਸ਼ਰਧਾਲੂਆਂ ਦੇ ਇਸ਼ਨਾਨ ਲਈ ਜਗ੍ਹਾ ਬਣਾਈ ਗਈ ਹੈ। ਬਰਫ ਵਧੇਰੇ ਪਈ ਹੋਣ ਕਾਰਨ ਲਗਪਗ ਤਿੰਨ ਕਿਲੋਮੀਟਰ ਦਾ ਰਸਤਾ ਸੰਗਤਾਂ ਨੂੰ ਬਰਫ ਵਿਚੋਂ ਲੰਘਣਾ ਪਿਆ ਹੈ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ ਵਿੱਚ ਹੀ ਇਸ ਵਾਰ ਵੱਡਾ ਉਤਸ਼ਾਹ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਸਮੇਤ ਗੁਰਦੁਆਰਾ ਗੋਬਿੰਦਧਾਮ ਅਤੇ ਗੁਰਦੁਆਰਾ ਗੋਬਿੰਦਘਾਟ ਤਿੰਨਾਂ ਥਾਵਾਂ ‘ਤੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਬੱਚੇ ਅਤੇ ਬਜ਼ੁਰਗ ਸ਼ਰਧਾਲੂਆਂ ਨੂੰ ਮੁੜ ਅਪੀਲ ਕੀਤੀ ਗਈ ਹੈ ਕਿ ਉਹ 15 ਜੂਨ ਤੋਂ ਬਾਅਦ ਹੀ ਇਸ ਯਾਤਰਾ ਲਈ ਆਉਣ ਕਿਉਂਕਿ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਨੇੜੇ ਤਿੰਨ ਕਿਲੋਮੀਟਰ ਖੇਤਰ ਵਿੱਚ ਵਧੇਰੇ ਬਰਫ ਹੈ, ਇਸ ਕਾਰਨ ਬਜ਼ੁਰਗ ਯਾਤਰੂ, ਘੋੜੇ, ਖੱਚਰ ਅਤੇ ਕਾਂਡੀ ਆਦਿ ਰਾਹੀਂ ਨਹੀਂ ਜਾ ਸਕਣਗੇ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …