0.9 C
Toronto
Tuesday, January 6, 2026
spot_img
Homeਪੰਜਾਬਸਿਆਸੀ ਮੁਨਾਫੇ ਦੀ ਝਾਕ 'ਚ ਰਹਿੰਦੇ ਨੇ ਰਾਜਸੀ ਆਗੂ

ਸਿਆਸੀ ਮੁਨਾਫੇ ਦੀ ਝਾਕ ‘ਚ ਰਹਿੰਦੇ ਨੇ ਰਾਜਸੀ ਆਗੂ

ਕੈਪਟਨ ਅਮਰਿੰਦਰ ਸਿੰਘ ਵੀ ਦਲ ਬਦਲ ਕੇ ਬਣ ਗਏ ਸਨ ਮੁੱਖ ਮੰਤਰੀ
ਫਰੀਦਕੋਟ : ਪੰਜਾਬ ਦੇ ਸਿਆਸੀ ਆਗੂਆਂ ਦੀ ਆਪਣੀਆਂ ਪਾਰਟੀਆਂ ਪ੍ਰਤੀ ਕਦੇ ਵੀ ਵਫਾਦਾਰੀ ਪੱਕੀ ਨਹੀਂ ਰਹੀ। ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਹਮੇਸ਼ਾ ਦਲ ਬਦਲ ਕੇ ਸਿਆਸੀ ਮੌਜਾਂ ਮਾਣਦੇ ਰਹੇ ਹਨ। 1996 ਵਿੱਚ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਹ 10 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ ਵਿਛੋੜਾ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਪੰਜ ਸਾਲ ਤੱਕ ਖਜ਼ਾਨਾ ਮੰਤਰੀ ਦੀ ਕੁਰਸੀ ਸਾਂਭਣ ਦਾ ਮੌਕਾ ਮਿਲਿਆ। ਬਲਵੰਤ ਸਿੰਘ ਰਾਮੂਵਾਲੀਆ ਵੀ ਦੋ ਵਾਰ ਦਲਬਦਲੀ ਕਰ ਕੇ ਪੰਜਾਬ ਅਤੇ ਯੂਪੀ ਵਿੱਚ ਮੰਤਰੀ ਦੀ ਕੁਰਸੀ ਹਾਸਲ ਕਰਨ ਵਿੱਚ ਸਫ਼ਲ ਰਹੇ। ਭਾਜਪਾ ਵੱਲੋਂ ਫਰੀਦਕੋਟ ਤੋਂ ਲੋਕ ਸਭਾ ਦੇ ਉਮੀਦਵਾਰ ਐਲਾਨੇ ਗਏ ਹੰਸ ਰਾਜ ਹੰਸ ਨੇ ਪਹਿਲਾਂ ਅਕਾਲੀ ਦਲ ਅਤੇ ਫਿਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦੀ ਬਾਂਹ ਫੜੀ ਅਤੇ ਸਿੱਧਾ ਲੋਕ ਸਭਾ ਵਿੱਚ ਪਹੁੰਚ ਗਏ। ਉਹ ਇੱਕ ਵਾਰ ਫਿਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਕਾਂਗਰਸ ਦੇ ਵੱਡੇ ਆਗੂ ਸਨ ਪਰ ਉਨ੍ਹਾਂ ਨੇ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਫੈਸਲਾ ਕਰ ਲਿਆ। ਉਹ ਦੋ ਵਾਰ ਵਿਧਾਇਕ ਚੁਣੇ ਗਏ ਅਤੇ ਇਸ ਵੇਲੇ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਨ। ਸੁਖਪਾਲ ਸਿੰਘ ਖਹਿਰਾ ਨੂੰ ਵੀ ਕਾਂਗਰਸ ਛੱਡਣੀ ਕਾਫ਼ੀ ਰਾਸ ਆਈ ਅਤੇ ਉਹ ਪਹਿਲੀ ਵਾਰ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ। ਗੁਰਪ੍ਰੀਤ ਸਿੰਘ ਕਾਂਗੜ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਸੀ ਅਤੇ ਉਹ ਪੰਜਾਬ ਵਿੱਚ ਬਿਜਲੀ ਮੰਤਰੀ ਬਣਨ ਵਿੱਚ ਸਫ਼ਲ ਹੋ ਗਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਹਿਲੀ ਚੋਣ ਕਾਂਗਰਸ ਦੀ ਟਿਕਟ ਤੋਂ ਲੜੀ ਸੀ ਪਰ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਗਏ ਅਤੇ ਲਗਾਤਾਰ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ। ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੀ ਅਕਾਲੀ ਦਲ ਵਿੱਚੋਂ ਆਏ ਹਨ ਅਤੇ ਕਾਂਗਰਸ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਬਾਅਦ ਵਿੱਚ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਵੀ ਬਣੇ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵੀ ਦਲ ਬਦਲ ਕੇ ਉਮੀਦਵਾਰ ਵੱਡੀ ਗਿਣਤੀ ਵਿੱਚ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਰਵਨੀਤ ਬਿੱਟੂ, ਸੁਸ਼ੀਲ ਕੁਮਾਰ ਰਿੰਕੂ, ਪਰਨੀਤ ਕੌਰ ਆਦਿ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹਨ। ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਆਗੂਆਂ ਦੀ ਦਲਬਦਲੀ ਨੇ ਸਿਆਸਤ ਗੰਧਲੀ ਕੀਤੀ ਹੈ ਅਤੇ ਇਸ ਵਾਰ ਪੰਜਾਬ ਵਿੱਚ ਨਤੀਜੇ ਦਲ ਬਦਲੂਆਂ ਦੇ ਖਿਲਾਫ ਆਉਣਗੇ।

 

RELATED ARTICLES
POPULAR POSTS