Breaking News
Home / ਪੰਜਾਬ / ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਚੁਣੌਤੀ

ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਚੁਣੌਤੀ

ਭਗਵੰਤ ਮਾਨ ਸਰਕਾਰ ਨੂੰ ਹਰ ਫਰੰਟ ‘ਤੇ ਫੇਲ੍ਹ ਦੱਸਿਆ
ਲੁਧਿਆਣਾ/ਬਿਊਰੋ ਨਿਊਜ਼ : ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਮੰਗਲਵਾਰ ਨੂੰ ਦਿੱਲੀ ਤੋਂ ਲੁਧਿਆਣਾ ਪੁੱਜੇ ਅਤੇ ਉਹ ਆਪਣੇ ਖਿਲਾਫ ਪ੍ਰਚਾਰ ਕਰਨ ਵਾਲੇ ਕਾਂਗਰਸੀ ਆਗੂਆਂ ਉਤੇ ਖੂਬ ਵਰ੍ਹੇ। ਉਨ੍ਹਾਂ ਆਖਿਆ ਕਿ ਪ੍ਰਤਾਪ ਸਿੰਘ ਬਾਜਵਾ ਸਮੇਤ ਜਿਹੜੇ ਕਾਂਗਰਸੀ ਉਨ੍ਹਾਂ ਦੀ ਲੁਧਿਆਣਾ ਤੋਂ ਹਾਰ ਦੇ ਕਿਆਫ਼ੇ ਲਗਾ ਰਹੇ ਉਹ ਲੁਧਿਆਣਾ ਤੋਂ ਉਸਦੇ ਖਿਲਾਫ ਚੋਣ ਲੜ ਲੈਣ ਜਿਸ ਮਗਰੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਬਿੱਟੂ ਮਾਡਲ ਟਾਊਨ ਐਕਸਟੈਨਸ਼ਨ ਬਲਾਕ ਡੀ ਸਥਿਤ ਭਾਜਪਾ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਰਕਰਾਂ ਵੱਲੋਂ ਮਿਲੇ ਪਿਆਰ ਮਾਣ ਅਤੇ ਸਤਿਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਆਪਣਾ ਮਿਥਿਆ 400 ਸੀਟਾਂ ਦਾ ਟੀਚਾ ਜ਼ਰੂਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਦੇਸ਼ ਵਿਰੋਧੀ ਤੇ ਪੰਜਾਬ ਵਿਰੋਧੀ ਫ਼ੈਸਲਿਆਂ ਕਾਰਨ ਉਸਨੇ ਕਾਂਗਰਸ ਛੱਡੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੰਦਰੋਂ ਅਤੇ ਬਾਹਰੋਂ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਬਹੁਤ ਚਿੰਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਸਨ ਪਰ ਅੱਜ ਭਗਵੰਤ ਮਾਨ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੈ।

ਲੁਧਿਆਣਾ ਤੋਂ ਸੌਖਾ ਨਹੀਂ ਹੋਵੇਗਾ ਬਿੱਟੂ ਦਾ ਰਾਹ
ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਟਕਸਾਲੀ ਭਾਜਪਾਈ ਹੈਰਾਨ ਹਨ। ਦੂਜੇ ਪਾਸੇ ਭਾਜਪਾ ਦੇ ਇਕੱਲਿਆਂ ਚੋਣਾਂ ਲੜਨ ਦੇ ਫ਼ੈਸਲੇ ਤੋਂ ਵਰਕਰ ਖੁਸ਼ ਵੀ ਹਨ ਪਰ ਸ਼ਹਿਰ ਦੇ ਕਈ ਵੱਡੇ ਆਗੂ ਟਿਕਟ ਲਈ ਦਾਅਵੇਦਾਰੀ ਪੇਸ਼ ਰਹੇ ਸਨ। ਭਾਜਪਾ ਨੇ ਬਿੱਟੂ ਨੂੰ ਉਮੀਦਵਾਰ ਐਲਾਨ ਕੇ ਟਕਸਾਲੀ ਭਾਜਪਾ ਆਗੂਆਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਫੈਸਲੇ ਤੋਂ ਟਕਸਾਲੀ ਭਾਜਪਾਈ ਖੁਸ਼ ਨਹੀਂ ਜਾਪਦੇ। ਉਹ ਖੁੱਲ੍ਹ ਕੇ ਪਾਰਟੀ ਦਾ ਵਿਰੋਧ ਤਾਂ ਨਹੀਂ ਕਰ ਰਹੇ ਪਰ ਦਬੀ ਆਵਾਜ਼ ਵਿੱਚ ਪਾਰਟੀ ਵਿਚ ਨਵੇਂ ਆਗੂ ਨੂੰ ਟਿਕਟ ਦੇਣ ਫੈਸਲੇ ‘ਤੇ ਉਂਗਲ ਜ਼ਰੂਰ ਚੁੱਕ ਰਹੇ ਹਨ। ਉਹ ਮੁਕਾਮੀ ਆਗੂ ਨੂੰ ਟਿਕਟ ਦੇਣ ਦੇ ਹਾਮੀ ਹਨ। ਅਜਿਹੇ ਵਿਚ ਲੁਧਿਆਣਾ ਤੋਂ ਰਵਨੀਤ ਬਿੱਟੂ ਦਾ ਰਾਹ ਸੌਖਾ ਨਹੀਂ ਹੋਵੇਗਾ। ਭਾਜਪਾ ਦੇ ਕਈ ਆਗੂਆਂ ਨੇ ਸ਼ਹਿਰ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਸੀ ਤੇ ਪੂਰੀ ਤਿਆਰੀ ਕਰਨ ‘ਚ ਲੱਗੇ ਹੋਏ ਸਨ। ਪ੍ਰਵੀਨ ਬਾਂਸਲ ਤੇ ਜੀਵਨ ਗੁਪਤਾ ਦੇ ਨਾਲ-ਨਾਲ ਅਨਿਲ ਸਰੀਨ ਵੀ ਟਿਕਟ ਦੇ ਦਾਅਵੇਦਾਰਾਂ ‘ਚ ਸ਼ਾਮਲ ਸਨ ਪਰ ਹੁਣ ਉਹ ਚੁੱਪ ਹਨ। ਬਿੱਟੂ ਨੂੰ ਉਮੀਦਵਾਰ ਬਣਾਉਣ ਦਾ ਅੰਦਰੂਨੀ ਤੌਰ ‘ਤੇ ਵਿਰੋਧ ਹੈ ਪਰ ਉਪਰੋਂ ਉਪਰੋਂ ਭਾਜਪਾ ਆਗੂ ਝੰਡਾ ਚੁੱਕ ਕੇ ਨਾਲ ਚੱਲ ਰਹੇ ਹਨ। ਦੂਜੇ ਪਾਸੇ ਪੇਂਡੂ ਖੇਤਰ ਭਾਜਪਾ ਦਾ ਵਿਰੋਧ ਹੋ ਰਿਹਾ ਹੈ। ਲੁਧਿਆਣਾ ਲੋਕ ਸਭਾ ਹਲਕੇ ‘ਚ 3 ਵਿਧਾਨ ਸਭਾ ਹਲਕਿਆਂ ਦਾ ਕਾਫ਼ੀ ਇਲਾਕਾ ਪਿੰਡਾਂ ‘ਚ ਆਉਂਦਾ ਹੈ। ਹਲਕਾ ਗਿੱਲ, ਦਾਖਾ ਅਤੇ ਜਗਰਾਉਂ ਵਿੱਚ ਕਿਸਾਨ ਵੱਡੀ ਗਿਣਤੀ ‘ਚ ਹਨ ਤੇ ਉਹ ਭਾਜਪਾ ਵਿਰੁੱਧ ਚੱਲ ਰਹੇ ਹਨ। ਅਜਿਹੇ ‘ਚ ਭਾਜਪਾ ਨੂੰ ਵੱਡੀ ਪੱਧਰ ‘ਤੇ ਢਾਹ ਲੱਗ ਸਕਦੀ ਹੈ।

 

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …