21.8 C
Toronto
Monday, September 15, 2025
spot_img
Homeਪੰਜਾਬਪੰਜਾਬ ਸਣੇ ਦੇਸ਼ ਭਰ 'ਚ ਭਾਜਪਾ ਦੇ ਪੁਤਲੇ ਫੂਕਣਗੇ ਕਿਸਾਨ

ਪੰਜਾਬ ਸਣੇ ਦੇਸ਼ ਭਰ ‘ਚ ਭਾਜਪਾ ਦੇ ਪੁਤਲੇ ਫੂਕਣਗੇ ਕਿਸਾਨ

ਚੰਡੀਗੜ੍ਹ ਦੇ ਕਿਸਾਨ ਭਵਨ ‘ਚ ਕਿਸਾਨ ਆਗੂਆਂ ਦੀ ਹੋਈ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਹੋਰਨਾਂ ਕਿਸਾਨੀ ਮੰਗਾਂ ਦੇ ਹੱਲ ਲਈ 13 ਫਰਵਰੀ ਤੋਂ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਔਲਖ, ਅਮਰਜੀਤ ਸਿੰਘ, ਸੁਖਜਿੰਦਰ ਸਿੰਘ ਖੋਸਾ, ਬਲਦੇਵ ਸਿੰਘ ਜ਼ੀਰਾ, ਅਭਿਮੰਨਿਊ ਕੋਹਾੜ, ਜਸਵਿੰਦਰ ਲੌਂਗੋਵਾਲ, ਸੁਖਦੇਵ ਸਿੰਘ ਭੋਜਰਾਜ, ਮਨਜੀਤ ਸਿੰਘ ਰਾਏ ਤੇ ਹੋਰ ਕਿਸਾਨ ਆਗੂ ਮੌਜੂਦ ਸਨ।
ਕਿਸਾਨ ਆਗੂਆਂ ਨੇ ਕਿਹਾ ਕਿ ਹਾਲ ਹੀ ‘ਚ ਸਰਕਾਰ ਨੇ ਕਈ ਮੰਡੀਆਂ ਨੂੰ ਖ਼ਤਮ ਕਰਕੇ ਕਣਕ ਦੀ ਫ਼ਸਲ ਨੂੰ ਸਿੱਧੇ ਸਾਇਲੋ ‘ਚ ਲਿਜਾਣ ਦੇ ਹੁਕਮ ਜਾਰੀ ਕੀਤੇ ਹਨ ਜੋ 3 ਖੇਤੀਬਾੜੀ ਕਾਨੂੰਨਾਂ ਨੂੰ ਪਿੱਛਲੇ ਦਰਵਾਜ਼ੇ ਰਾਹੀਂ ਦੁਬਾਰਾ ਲਾਗੂ ਕਰਨ ਵਾਂਗ ਹੈ ਹਾਲਾਂਕਿ ਲੋਕ ਰੋਹ ਕਾਰਨ ਪੰਜਾਬ ਸਰਕਾਰ ਨੇ ਸਾਈਲੋ ‘ਚ ਫਸਲ ਲਿਜਾਣ ਦਾ ਫੈਸਲਾ ਵਾਪਸ ਲੈ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਵਿੱਚ 10 ਫਰਵਰੀ ਤੋਂ ਲੈ ਕੇ ਹੁਣ ਤੱਕ ਸੈਂਕੜੇ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 5 ਕਿਸਾਨ ਆਗੂ ਹਾਲੇ ਵੀ ਜੇਲ੍ਹ ਵਿੱਚ ਹਨ। ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ ਮੰਡੀਆਂ ਨੂੰ ਬਚਾਉਣ, ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਲਈ ਅਤੇ ਕਿਸਾਨ ਮੋਰਚਿਆਂ ‘ਤੇ ਬਿਜਲੀ ਦੇ ਯੋਗ ਪ੍ਰਬੰਧਾਂ ਲਈ 7 ਅਪਰੈਲ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਜਲੂਸ ਕੱਢੇ ਜਾਣਗੇ ਅਤੇ ਭਾਜਪਾ ਦੇ ਪੁਤਲੇ ਫੂਕੇ ਜਾਣਗੇ। ਜੇਕਰ ਇਸ ਤੋਂ ਬਾਅਦ ਵੀ ਸਰਕਾਰ ਨੇ ਕਿਸਾਨਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਤਾਂ 9 ਅਪਰੈਲ ਨੂੰ ਸ਼ੰਭੂ ਬਾਰਡਰ ‘ਤੇ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ 3 ਅਪਰੈਲ ਨੂੰ ਕਰਨਾਟਕ ਦੇ ਮੈਸੂਰ, 11 ਅਪਰੈਲ ਨੂੰ ਉੜੀਸਾ ਵਿੱਚ ਤੇ ਉਪਰੰਤ ਉੱਤਰ ਪ੍ਰਦੇਸ਼ ਵਿੱਚ ਵੀ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ।
ਮੰਡੀਆਂ ਦੇ ਮਾਮਲੇ ‘ਚ ਸਿਹਤ ਮੰਤਰੀ ਦੀ ਕੋਠੀ ਨੇੜੇ ਡਟੇ ਕਿਸਾਨ
ਪਟਿਆਲਾ : ਕਾਰਪੋਰੇਟ ਵਪਾਰੀਆਂ ਨੂੰ ਸਰਕਾਰੀ ਮੰਡੀਆਂ ਵਿਚੋਂ ਕਣਕ ਖਰੀਦਣ ਦੀਆਂ ਖੁੱਲ੍ਹਾਂ ਦੇਣ ਦੇ ਸਰਕਾਰੀ ਫੈਸਲੇ ਖਿਲਾਫ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸਿਹਤ ਮੰਤਰੀ ਅਤੇ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਵੀਰ ਸਿੰਘ ਦੇ ਪਟਿਆਲਾ ਸਥਿਤ ਘਰ ਨੇੜੇ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੇ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿੱਚੋਂ ਦੋ ਕਾਨੂੰਨਾਂ ਨੂੰ ਅੰਸ਼ਕ ਤੌਰ ‘ਤੇ ਪੰਜਾਬ ਅੰਦਰ ਲਾਗੂ ਕਰਨ ਦੇ ਕਦਮ ਚੁੱਕ ਲਏ ਹਨ। ਉਨ੍ਹਾਂ ਕਿਹਾ ਕਿ 26 ਮੰਡੀਆਂ ਨੂੰ ਖਤਮ ਕਰਨ ਅਤੇ ਅਡਾਨੀ ਵਰਗੇ ਵੱਡੇ ਸਰਮਾਏਦਾਰਾਂ ਦੇ ਨੌਂ ਸਾਈਲੋ ਗੁਦਾਮਾਂ ਨੂੰ ਕਣਕ ਖਰੀਦਣ, ਸਟੋਰ ਕਰਨ ਤੇ ਪ੍ਰੋਸੈਸ ਕਰਨ ਦੇ ਦਿੱਤੇ ਗਏ ਅਧਿਕਾਰ ਇਸੇ ਹੀ ਕੜੀ ਦਾ ਹਿੱਸਾ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਦਾ ਕਾਰਪੋਰੇਟ ਪੱਖੀ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਬਾਰਨ, ਜ਼ਿਲ੍ਹਾ ਆਗੂ ਜਗਦੀਪ ਸਿੰਘ ਛੰਨਾ, ਜਗਮੇਲ ਗਾਜੇਵਾਸ, ਹਰਦੇਵ ਘੱਗਾ, ਅਮਰੀਕ ਘੱਗਾ ਅਤੇ ਅਮਰਜੀਤ ਕੌਰ ਕਕਰਾਲਾ ਵੀ ਸ਼ਾਮਲ ਸਨ।

 

RELATED ARTICLES
POPULAR POSTS