Breaking News
Home / ਪੰਜਾਬ / ਭਾਜਪਾ ਵਿੱਚ ਹੀ ਰਹਾਂਗਾ ਪਰ ਪਾਰਟੀ ਮੇਰੇ ਸਵਾਲਾਂ ਦਾ ਜਵਾਬ ਦੇਵੇ : ਸਾਂਪਲਾ

ਭਾਜਪਾ ਵਿੱਚ ਹੀ ਰਹਾਂਗਾ ਪਰ ਪਾਰਟੀ ਮੇਰੇ ਸਵਾਲਾਂ ਦਾ ਜਵਾਬ ਦੇਵੇ : ਸਾਂਪਲਾ

ਭਾਜਪਾ ਆਗੂ ਨੂੰ ਘਰ ਜਾ ਕੇ ਮਨਾਉਣ ਵਿਚ ਅਸਫ਼ਲ ਰਹੇ ਜਾਖੜ ਅਤੇ ਰੂਪਾਨੀ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਟਿਕਟ ਕੱਟੇ ਜਾਣ ਕਾਰਨ ਪਾਰਟੀ ਤੋਂ ਖਫ਼ਾ ਚੱਲ ਰਹੇ ਵਿਜੈ ਸਾਂਪਲਾ ਨੇ ਆਖਿਰਕਾਰ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਉਹ ਭਾਜਪਾ ਦੇ ਸਿਪਾਹੀ ਹੀ ਰਹਿਣਗੇ ਪਰ ਪਾਰਟੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਵੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਪ੍ਰਤੀ ਵਫ਼ਾਦਾਰ ਰਹੇ ਪਰ ਵਫ਼ਾਦਾਰੀ ਉਨ੍ਹਾਂ ਲਈ ਦੇਣਦਾਰੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਟਿਕਟ ਦੇ ਦਿੰਦੀ ਤਾਂ ਉਹ ਸਾਰੇ ਆਲੋਚਨਾਕਾਰ ਚੁੱਪ ਹੋ ਜਾਂਦੇ ਜੋ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਤੇ ਹੋਰ ਆਰੋਪ ਲਗਾ ਰਹੇ ਹਨ। ਉਨ੍ਹਾਂ ਨੇ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ। ਜਦੋਂ ਉਨ੍ਹਾਂ ਨੂੰ ਐੱਸਸੀ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਮਿੰਟ ਨਹੀਂ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਸੰਗਠਨ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਅਤੇ ਲੋਕ ਸਭਾ ਚੋਣਾਂ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਨਾ ਕਰਨ ਕਰਕੇ ਉਨ੍ਹਾਂ ਦੇ ਵਿਰੋਧੀਆਂ ਨੂੰ ਹੱਲਾਸ਼ੇਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਭ੍ਰਿਸ਼ਟ ਜਾਂ ਦਾਗਦਾਰ ਹਨ ਤਾਂ ਪਾਰਟੀ ਉਨ੍ਹਾਂ ਖਿਲਾਫ ਐੱਫਆਈਆਰ ਦਰਜ ਕਰਵਾ ਕੇ ਜੇਲ੍ਹ ਭੇਜ ਦੇਵੇ ਤੇ ਜੇ ਉਹ ਪਾਕ ਸਾਫ਼ ਹਨ ਤਾਂ ਪਾਰਟੀ ਦੇ ਅੰਦਰ ਬੈਠੇ ਉਨ੍ਹਾਂ ਬੰਦਿਆਂ ਖਿਲਾਫ਼ ਕਾਰਵਾਈ ਕਰੇ ਜੋ ਉਨ੍ਹਾਂ ਦਾ ਅਤੇ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਨਾ ਕਰਨਾ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੇ ਬਰਾਬਰ ਹੈ।
ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਅੱਗੇ ਰੱਖ ਦਿੱਤੀ ਹੈ ਅਤੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਉਹ ਇਹ ਮਸਲੇ ਪਾਰਟੀ ਹਾਈ ਕਮਾਨ ਕੋਲ ਉਠਾਉਣਗੇ। ਸਾਂਪਲਾ ਨੂੰ ਮਨਾਉਣ ਲਈ ਜਾਖੜ ਅਤੇ ਰੂਪਾਨੀ ਉਨ੍ਹਾਂ ਦੇ ਘਰ ਆਏ ਸਨ ਪਰ ਲੰਬਾ ਸਮਾਂ ਗੱਲਬਾਤ ਤੋਂ ਬਾਅਦ ਵੀ ਉਹ ਉਨ੍ਹਾਂ ਨੂੰ ਰਾਜ਼ੀ ਨਹੀਂ ਕਰ ਸਕੇ ਅਤੇ ਦੋਵੇਂ ਆਗੂਆਂ ਨੂੰ ਇਕੱਲਿਆਂ ਹੀ ਪਾਰਟੀ ਦੀ ਚੋਣ ਮੀਟਿੰਗ ਦੌਰਾਨ ਹੋਟਲ ਵਿੱਚ ਜਾਣਾ ਪਿਆ। ਵਿਜੈ ਰੂਪਾਨੀ ਨੇ ਕਿਹਾ ਕਿ ਸਾਂਪਲਾ ਪਾਰਟੀ ਦੇ ਬੇਹੱਦ ਸੀਨੀਅਰ ਆਗੂ ਹਨ। ਉਨ੍ਹਾਂ ਦੇ ਅੰਦਰ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਂਪਲਾ ਭਾਜਪਾ ਲਈ ਕੰਮ ਕਰਦੇ ਰਹਿਣਗੇ।
ਵਿਜੈ ਸਾਂਪਲਾ ਨਾਲ ਮੁਲਾਕਾਤ ਕਰਕੇ ਸ਼ੰਕੇ ਦੂਰ ਕੀਤੇ : ਸੁਨੀਲ ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਵੱਡੇ ਫਰਕ ਨਾਲ ਚੋਣਾਂ ਜਿੱਤਣਗੇ। ਜਾਖੜ ਅੰਮ੍ਰਿਤਸਰ ‘ਚ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਲੋਕ ਸਭਾ ਚੋਣਾਂ ਸਬੰਧੀ ਮੀਟਿੰਗ ਕਰਨ ਲਈ ਪੁੱਜੇ ਸਨ। ਮੀਟਿੰਗ ਵਿੱਚ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ, ਸਕੱਤਰ ਸ੍ਰੀਨਿਵਾਸਲੂ ਸਣੇ ਹੋਰ ਆਗੂ ਸ਼ਾਮਲ ਸਨ। ਜਾਖੜ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਵਿਜੇ ਸਾਂਪਲਾ ਨਾਲ ਮੁਲਾਕਾਤ ਹੋਈ ਹੈ ਅਤੇ ਉਨ੍ਹਾਂ ਦੇ ਮਨ ਦੇ ਕੁਝ ਸ਼ੰਕੇ ਸਨ ਜੋ ਦੂਰ ਕੀਤੇ ਗਏ ਹਨ। ਉਹ ਵੀ ਲੋਕ ਸਭਾ ਚੋਣ ਲੜਨ ਦੇ ਇੱਛੁਕ ਸਨ। ਉਨ੍ਹਾਂ ਦਾਅਵਾ ਕੀਤਾ ਕਿ ਸਾਂਪਲਾ ਹੁਣ ਭਾਜਪਾ ਨਾਲ ਹੀ ਰਹਿਣਗੇ ਅਤੇ ਹੁਣ ਕੋਈ ਮਤਭੇਦ ਨਹੀਂ ਹਨ। ਇਸ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ, ਰਾਣਾ ਗੁਰਮੀਤ ਸਿੰਘ ਸੋਢੀ ਆਦਿ ਹਾਜ਼ਰ ਸਨ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …