Breaking News
Home / ਪੰਜਾਬ / ਜਲੰਧਰ ਦੇ ਲੋਕ ਦਲ-ਬਦਲੂਆਂ ਨੂੰ ਮੂੰਹ ਨਹੀਂ ਲਾਉਣਗੇ : ਚਰਨਜੀਤ ਚੰਨੀ

ਜਲੰਧਰ ਦੇ ਲੋਕ ਦਲ-ਬਦਲੂਆਂ ਨੂੰ ਮੂੰਹ ਨਹੀਂ ਲਾਉਣਗੇ : ਚਰਨਜੀਤ ਚੰਨੀ

ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੇ ਪਿੰਡ ਪਹੁੰਚੇ ਚੰਨੀ
ਕਰਤਾਰਪੁਰ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਕਰਤਾਰਪੁਰ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਕਿਹਾ ਕਿ ਜਲੰਧਰ ਦੇ ਲੋਕ ਪੜ੍ਹੇ-ਲਿਖੇ ਅਤੇ ਸਿਆਣੇ ਹਨ। ਉਹ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਉਣਗੇ। ਇਹ ਗੱਲ ਉਨ੍ਹਾਂ ਸਾਬਕਾ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੇ ਪਿੰਡ ਧਾਰੀਵਾਲ ਕਾਦੀਆਂ ਵਿੱਚ ਕਹੀ।
ਉਨ੍ਹਾਂ ਚੋਣ ਮੁਹਿੰਮ ਦਾ ਆਗਾਜ਼ ਕਰਨ ਤੋਂ ਪਹਿਲਾਂ ਚੌਧਰੀ ਸੁਰਿੰਦਰ ਸਿੰਘ ਦੇ ਦਾਦਾ ਸਾਬਕਾ ਕੈਬਨਿਟ ਮੰਤਰੀ ਮਰਹੂਮ ਮਾਸਟਰ ਗੁਰਬੰਤਾ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਮਰਹੂਮ ਚੌਧਰੀ ਜਗਜੀਤ ਸਿੰਘ ਦੀਆਂ ਸਮਾਧਾਂ ‘ਤੇ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ‘ਚ ਆਪਣਾ ਰਸੂਖ ਰੱਖਣ ਅਤੇ ਗਾਂਧੀ ਪਰਿਵਾਰ ਦੇ ਨੇੜੇ ਰਹੇ ਮਰਹੂਮ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਵੱਲੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਜਾਣਾ ਮੰਦਭਾਗਾ ਹੈ।
ਉਨ੍ਹਾਂ ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮ ਸਿੰਘ ਬਾਰੇ ਕਿਹਾ ਕਿ ਉਹ ਹੁਣ ਆਪਣੇ ਮਾਤਾ ਜੀ ਦੇ ਕਹਿਣ ‘ਤੇ ਭਾਜਪਾ ਦਾ ਪ੍ਰਚਾਰ ਕਰਨਗੇ ਅਤੇ ਅਜਿਹੇ ਵਿਅਕਤੀਆਂ ਨੂੰ ਪਾਰਟੀ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਹਲਕਾ ਕਰਤਾਰਪੁਰ ਦੇ ਵਰਕਰਾਂ ਨੂੰ ਚੋਣਾਂ ਵਿੱਚ ਤਕੜੇ ਹੋ ਕੇ ਕੰਮ ਕਰਨ ਅਤੇ ਬਹੁਮਤ ਨਾਲ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ।
ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਨੂੰ ਸਮਰਪਿਤ ਰਹੇ ਹਨ ਅਤੇ ਕੁਝ ਪਰਿਵਾਰਕ ਮਸਲਿਆਂ ਕਾਰਨ ਚੁੱਪ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜਲੰਧਰ ਦੇ ਵਿਕਾਸ ਲਈ ਚਰਨਜੀਤ ਸਿੰਘ ਚੰਨੀ ਬਾਕੀ ਸਾਰੇ ਉਮੀਦਵਾਰਾਂ ਨਾਲੋਂ ਵਧੀਆ ਹਨ।
ਚੌਧਰੀ ਸੁਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਹਮਾਇਤ
ਮਰਹੂਮ ਚੌਧਰੀ ਜਗਜੀਤ ਸਿੰਘ ਦੇ ਪੁੱਤਰ ਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਚੰਨੀ ਦੇ ਹੱਕ ਵਿੱਚ ਚੋਣ ਮੀਟਿੰਗਾਂ ਕਰਵਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਰਿਵਾਰ ਨਾਲ ਭਾਜਪਾ ਦੀ ਹਮਾਇਤ ਨਹੀਂ ਕਰਨਗੇ। ਚੌਧਰੀ ਸੁਰਿੰਦਰ ਸਿੰਘ ਨੇ ਆਪਣੇ ਜੱਦੀ ਪਿੰਡ ਧਾਲੀਵਾਲ ਕਾਦੀਆਂ ਵਿੱਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਚੋਣ ਮੀਟਿੰਗ ਚੌਧਰੀ ਸੰਤੋਖ ਸਿੰਘ ਦੀ ਸਮਾਧ ‘ਤੇ ਕਰਵਾਈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਰਹੂਮ ਚੌਧਰੀ ਜਗਜੀਤ ਸਿੰਘ ਤੇ ਚੌਧਰੀ ਸੰਤੋਖ ਸਿੰਘ ਦੀਆਂ ਸਮਾਧਾਂ ‘ਤੇ ਮੱਥਾ ਟੇਕਿਆ। ਇਸ ਮੌਕੇ ਚੌਧਰੀ ਸੁਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਵਾਂਗ ਚੰਨੀ ਦਾ ਸਾਥ ਦੇਣਗੇ। ਉਹ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਰਹਿਣਗੇ।
ਚਰਨਜੀਤ ਸਿੰਘ ਚੰਨੀ ਦੀ ਹਮਾਇਤ ਨੂੰ ਲੈ ਕੇ ਚੌਧਰੀ ਪਰਿਵਾਰ ਦੋਫਾੜ
ਜਲੰਧਰ : ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰ ਰਿਹਾ ਚੌਧਰੀ ਪਰਿਵਾਰ ਦੋਫਾੜ ਹੋ ਗਿਆ ਹੈ। ਚੰਨੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਹੀ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ ਉਨ੍ਹਾਂ ਦਾ ਕਾਫ਼ੀ ਵਿਰੋਧ ਕੀਤਾ ਸੀ।
ਮਗਰੋਂ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਪਰ ਮਰਹੂਮ ਚੌਧਰੀ ਜਗਜੀਤ ਸਿੰਘ ਦੇ ਪੁੱਤਰ ਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਚੰਨੀ ਦੇ ਹੱਕ ਵਿੱਚ ਚੋਣ ਮੀਟਿੰਗਾਂ ਕਰਵਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਰਿਵਾਰ ਨਾਲ ਭਾਜਪਾ ਦੀ ਹਮਾਇਤ ਨਹੀਂ ਕਰਨਗੇ। ਚੌਧਰੀ ਸੁਰਿੰਦਰ ਸਿੰਘ ਨੇ ਆਪਣੇ ਜੱਦੀ ਪਿੰਡ ਧਾਲੀਵਾਲ ਕਾਦੀਆਂ ਵਿੱਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਚੋਣ ਮੀਟਿੰਗ ਚੌਧਰੀ ਸੰਤੋਖ ਸਿੰਘ ਦੀ ਸਮਾਧ ‘ਤੇ ਕਰਵਾਈ।
ਚੰਨੀ ਨੇ ਦਲ ਬਦਲੂਆਂ ਨੂੰ ਬਣਾਇਆ ਮੁੱਖ ਮੁੱਦਾ
ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣਾ ਚੋਣ ਪ੍ਰਚਾਰ ਇੱਥੋਂ ਥੋੜ੍ਹੀ ਦੂਰ ਪਿੰਡ ਤੱਲਣ ਤੋਂ ਮੱਥਾ ਟੇਕ ਕੇ ਕੀਤਾ। ਪਿਛਲੇ ਕਈ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਨੇ ਆਪਣੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਹੋਈ ਹੈ ਤੇ ਉਹ ਰੋਜਾਨਾ 12 ਤੋਂ ਵੱਧ ਚੋਣ ਮੀਟਿੰਗਾਂ ਕਰ ਰਹੇ ਹਨ। ਕਾਂਗਰਸੀ ਉਮੀਦਵਾਰ ਚੰਨੀ ਨੇ ਆਪਣਾ ਚੋਣ ਪ੍ਰਚਾਰ ਸਾਰਿਆਂ ਤੋਂ ਹਟ ਕੇ ਤੇ ਨਿਵੇਕਲਾ ਵੀ ਬਣਾਇਆ ਹੋਇਆ ਹੈ। ਚਰਨਜੀਤ ਸਿੰਘ ਚੰਨੀ ਪਿੰਡਾਂ ਵਿੱਚ ਕੀਤੀਆਂ ਜਾਣ ਵਾਲੀਆਂ ਮੀਟਿੰਗ ਵਿੱਚ ਬਿਨ੍ਹਾਂ ਕੋਈ ਰਸਮ ਨਿਭਾਇਆ ਸਿੱਧਾ ਲੋਕਾਂ ਨੂੰ ਮਿਲਦੇ ਹਨ ਤੇ ਖਾਸ ਕਰਕੇ ਬਜ਼ੁਰਗ ਔਰਤਾਂ ਕੋਲੋਂ ਪਿਆਰ ਲੈਂਦੇ ਹਨ। ਚੋਣ ਪ੍ਰਚਾਰ ਦੌਰਾਨ ਚੰਨੀ ਨੇ ਸਭ ਤੋਂ ਵੱਧ ਤਿੱਖੇ ਹਮਲੇ ਦਲਬਦਲੂਆਂ ‘ਤੇ ਕੀਤੇ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਦਲ ਬਦਲੀ ਲੀਡਰਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕ ਇਨ੍ਹਾਂ ਦਲ ਬਦਲੂਆਂ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਕੁੱਝ ਰਾਜਨੀਤਕ ਨੇਤਾਵਾਂ ਦਾ ਕਿਰਦਾਰ ਇਸ ਕਦਰ ਹੋ ਗਿਆ ਹੈ ਕਿ ਉਹ ਦਿਨ ‘ਚ ਤਿੰਨ-ਤਿੰਨ ਵਾਰ ਮੁੱਲ ਵਿਕਦੇ ਹਨ।

 

 

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …