ਪੰਜਾਬ ਦੇ ਕਿਸਾਨ ਪੀਐਮ ਕਿਸਾਨ ਨਿਧੀ ਯੋਜਨਾ ’ਚੋਂ ਬਾਹਰ
ਰਾਜਾ ਵੜਿੰਗ ਨੇ ਕਿਹਾ : ਭਾਜਪਾ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦੀ ਕੱਢੀ ਰੰਜ਼ਿਸ਼
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਕੇਂਦਰੀ ਪੀਐਮ ਕਿਸਾਨ ਨਿਧੀ ਯੋਜਨਾ ’ਚੋਂ ਬਾਹਰ ਕਰ ਦਿੱਤਾ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਭੜਕ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕਿਸਾਨ ਅੰਦੋਲਨ ਦੀ ਰੰਜਿਸ਼ ਕੱਢੀ ਹੈ। ਪੰਜਾਬ ਦੇ ਕਰੀਬ 17 ਲੱਖ ਕਿਸਾਨਾਂ ਨੂੰ ਕੇਂਦਰੀ ਯੋਜਨਾ ਦੇ ਲਾਭ ਤੋਂ ਵੰਚਿਤ ਕਰ ਦਿੱਤਾ ਗਿਆ ਹੈ। ਰਾਜਾ ਵੜਿੰਗ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਲਾਭ ਤੋਂ ਵੰਚਿਤ ਕਰਨ ਦੇ ਲਈ ਕੇਂਦਰ ਸਰਕਾਰ ਨੇ ਅਜੀਬ ਬਹਾਨਾ ਬਣਾਇਆ ਹੈ। ਦੱਸਿਆ ਗਿਆ ਕਿ ਸੂਬੇ ਦੇ ਜਿਨ੍ਹਾਂ ਕਿਸਾਨਾਂ ਨੂੰ ਯੋਜਨਾ ਤੋਂ ਬਾਹਰ ਕੀਤਾ ਗਿਆ, ਉਨ੍ਹਾਂ ਨੇ ਆਪਣੇ ਬੈਂਕ ਖਾਤਿਆਂ ਨਾਲ ਅਧਾਰ ਨੂੰ ਲਿੰਕ ਨਹੀਂ ਕਰਵਾਇਆ ਅਤੇ ਕੇ.ਵਾਈ.ਸੀ. ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ। ਅਜਿਹਾ ਕਰਕੇ ਪੰਜਾਬ ਦੇ ਕਰੀਬ 17 ਲੱਖ ਕਿਸਾਨਾਂ ਨੂੰ ਲਾਭ ਤੋਂ ਵੰਚਿਤ ਕਰ ਦਿੱਤਾ ਗਿਆ ਹੈ।