ਬਜ਼ਾਰ ਰਹੇ ਸੁੰਨੇ, ਬੱਸਾਂ ਤੇ ਰੇਲਾਂ ਰਹੀਆਂ ਬੰਦ, ਸੜਕਾਂ ’ਤੇ ਹੋਈ ਤਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਨੂੰ ਲੈ ਕੇ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਫਲ ਰਿਹਾ ਹੈ। ਅੱਜ ਸੋਮਵਾਰ ਨੂੰ ਪੰਜਾਬ ਬੰਦ ਦੇ ਚੱਲਦਿਆਂ ਬਜ਼ਾਰ ਸੁੰਨੇ ਰਹੇ, ਬੱਸਾਂ ਤੇ ਰੇਲਾਂ ਵੀ ਬੰਦ ਰਹੀਆਂ ਅਤੇ ਸੜਕਾਂ ’ਤੇ ਤਕਰਾਰ ਵੀ ਹੋਈ ਹੈ। ਪੰਜਾਬ ਬੰਦ ਦਾ ਸੱਦਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤਾ ਗਿਆ ਸੀ। ਇਸਦੇ ਚੱਲਦਿਆਂ ਪੰਜਾਬ ਦੇ ਸਾਰੇ ਮੁੱਖ ਮਾਰਗਾਂ ’ਤੇ ਕਿਸਾਨ ਧਰਨਾ ਲਗਾ ਕੇ ਬੈਠ ਗਏ ਸਨ। ਕਿਸਾਨਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਿਚ ਸੂਬੇ ਦੀਆਂ ਵੱਡੀ ਗਿਣਤੀ ਵਿਚ ਵਪਾਰੀ, ਧਾਰਮਿਕ, ਮੁਲਾਜ਼ਮ, ਵਿਦਿਆਰਥੀ, ਟਰਾਂਸਪੋਰਟ ਅਤੇ ਹੋਰਨਾਂ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ ਹੋਇਆ ਸੀ। ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ ਅਤੇ ਕੁੱਲ ਮਿਲਾ ਕੇ ਕਿਸਾਨਾਂ ਵਲੋਂ ਪੰਜਾਬ ਬੰਦ ਸਫਲ ਰਿਹਾ ਹੈ।