40 ਫੀਸਦੀ ਤੱਕ ਟੋਲ ਦੇ ਰੇਟ ਵਧਣ ਦੀ ਚੱਲ ਰਹੀ ਹੈ ਚਰਚਾ
ਜਲੰਧਰ/ਬਿਊਰੋ ਨਿਊਜ਼
ਦਿੱਲੀ ਵਿਚ ਖੇਤੀ ਕਾਨੂੰਨਾਂ ਖਿਲਾਫ ਜੰਗ ਜਿੱਤ ਕੇ ਰਾਕੇਸ਼ ਟਿਕੈਤ ਵੀ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਮੱਥਾ ਟੇਕਣ ਪਹੁੰਚੇ। ਟਿਕੈਤ ਦਾ ਰਸਤੇ ਵਿਚ ਥਾਂ-ਥਾਂ ਭਰਵਾਂ ਸਵਾਗਤ ਵੀ ਹੋਇਆ। ਜਲੰਧਰ ਨੇੜੇ ਪਰਾਗਪੁਰ ਵਿਚ ਟਿਕੈਤ ਦੇ ਪਹੁੰਚਣ ’ਤੇ ਕਿਸਾਨਾਂ ਨੇ ਮਿਠਾਈਆਂ ਅਤੇ ਬਦਾਮ ਵੀ ਵੰਡੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਕਿਸੇ ਇਕ ਜਾਤੀ, ਧਰਮ ਜਾਂ ਵਰਗ ਦੀ ਨਹੀਂ ਹੈ, ਇਹ ਸਾਰਿਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਦੇ ਲੋਕਾਂ ਦੇ ਏਕੇ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਹੈ। ਟਿਕੈਤ ਨੇ ਕਿਹਾ ਕਿ ਜੇਕਰ ਹੁਣ ਟੋਲ ਟੈਕਸ ਦੇ ਰੇਟ ਵਧਦੇ ਹਨ ਤਾਂ ਫਿਰ ਅੰਦੋਲਨ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਸਮਝ ਲੈਣ ਕਿ ਅੰਦੋਲਨ ਅਜੇ ਖਤਮ ਨਹੀਂ ਹੋਇਆ ਅਤੇ ਬਹੁਤ ਸਾਰੇ ਮਸਲੇ ਅਜਿਹੇ ਹਨ ਜਿਨ੍ਹਾਂ ਦਾ ਹੱਲ ਹੋਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਣਕ ਅਤੇ ਝੋਨੇ ਦੇ ਰੇਟ ਜਿਸ ਤਰ੍ਹਾਂ ਦੋ-ਢਾਈ ਪ੍ਰਤੀਸ਼ਤ ਵਧਾਉਂਦੀ ਹੈ, ਉਸੇ ਤਰ੍ਹਾਂ ਟੋਲ ਦੇ ਰੇਟ ਵਧਾਏ ਜਾਣ। ਟਿਕੈਤ ਨੇ ਕਿਹਾ ਕਿ ਜੇਕਰ ਟੋਲ ਦੇ ਰੇਟ 40 ਫੀਸਦੀ ਵਧਦੇ ਤਾਂ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਧਿਆਨ ਰਹੇ ਕਿ ਹੁਣ ਟੋਲ ਪਲਾਜ਼ੇ ਵੀ ਖੁੱਲ੍ਹ ਗਏ ਹਨ ਅਤੇ ਚਰਚਾ ਚੱਲ ਰਹੀ ਹੈ ਕਿ ਟੋਲ ਦੇ ਰੇਟ ਵੀ 40 ਫੀਸਦੀ ਤੱਕ ਵਧਾਏ ਜਾ ਰਹੇ ਹਨ।
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …