ਹਰਿਮੰਦਰ ਸਾਹਿਬ ਵਿਖੇ ਸੰਗਤ ਲਈ ਸੈਨੇਟਾਈਜ਼ਰ ਦੀ ਸਹੂਲਤ
ਅੰਮ੍ਰਿਤਸਰ : ਕਰੋਨਾਵਾਇਰਸ ਤੋਂ ਬਚਾਅ ਲਈ ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਨੂੰ ਸੈਨੇਟਾਈਜ਼ਰ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਦਰਬਾਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਵਿੱਚ ਬਣੀਆਂ ਗੈਲਰੀਆਂ ਯਾਤਰੂਆਂ ਵਾਸਤੇ ਬੰਦ ਰੱਖੀਆਂ ਗਈਆਂ। ਸ੍ਰੀ ਦਰਬਾਰ ਸਾਹਿਬ ਦੇ ਸਾਰੇ ਹੀ ਪ੍ਰਵੇਸ਼ ਰਸਤਿਆਂ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਵਾਧੂ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੂੰ ਸੈਨੇਟਾਈਜ਼ਰ ਦੀਆਂ ਬੋਤਲਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਕਰਮਚਾਰੀ ਹਰ ਸ਼ਰਧਾਲੂ ਦੇ ਹੱਥਾਂ ‘ਤੇ ਇਸ ਸੈਨੇਟਾਈਜ਼ਰ ਦੀਆਂ ਕੁਝ ਬੂੰਦਾਂ ਪਾ ਰਹੇ ਹਨ ਅਤੇ ਸ਼ਰਧਾਲੂਆਂ ਨੂੰ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਕੇ ਅੰਦਰ ਜਾਣ ਲਈ ਪ੍ਰੇਰ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਹ ਕਾਰਵਾਈ ਐਤਵਾਰ ਨੂੰ ਸ਼ੁਰੂ ਕੀਤੀ ਗਈ ਹੈ। ਘੰਟਾ ਘਰ ਪ੍ਰਵੇਸ਼ ਦੁਆਰ, ਸ੍ਰੀ ਗੁਰੂ ਰਾਮਦਾਸ ਲੰਗਰ ਘਰ, ਆਟਾ ਮੰਡੀ ਪ੍ਰਵੇਸ਼ ਦੁਆਰ, ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਪ੍ਰਵੇਸ਼ ਦੁਆਰ ਅਤੇ ਇਕ ਹੋਰ ਪ੍ਰਵੇਸ਼ ਦੁਆਰ ਰਾਹੀਂ ਆਉਣ ਵਾਲੀ ਸੰਗਤ ਨੂੰ ਸੈਨੇਟਾਈਜ਼ਰ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੇ ਆਖਿਆ ਕਿ ਜਲਦੀ ਹੀ ਮੈਡੀਕਲ ਵਿਵਸਥਾ ਵੀ ਉਪਲਬੱਧ ਕੀਤੀ ਜਾਵੇਗੀ ਤਾਂ ਜੋ ਮੌਜੂਦਾ ਸਥਿਤੀ ਵਿਚ ਲੋੜ ਪੈਣ ‘ਤੇ ਮਦਦ ਮਿਲ ਸਕੇ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੋਰ ਗੁਰਦੁਆਰਿਆਂ ਵਿਚ ਵੀ ਇਸੇ ਤਰ੍ਹਾਂ ਸੰਗਤ ਦੇ ਬਚਾਅ ਲਈ ਉਪਰਾਲੇ ਕੀਤੇ ਜਾਣਗੇ।
ਦੂਰਬੀਨ ਤੋਂ ਬਾਅਦ ਹੁਣ ਦਰਸ਼ਨ ਸਥਾਨ ‘ਤੇ ਵੀ ਲੱਗੀ ਰੋਕ
ਡੇਰਾ ਬਾਬਾ ਨਾਨਕ : ਕਰੋਨਾਵਾਇਰਸ ਦੇ ਚੱਲ ਰਹੇ ਖ਼ਤਰੇ ਕਾਰਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਤਹਿਤ ਸਥਾਨਕ ਕੌਮਾਂਤਰੀ ਸਰਹੱਦ ਦੀ ਧੁੱਸੀ ਬੰਨ੍ਹ ਉੱਪਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰੋਂ ਖੜ੍ਹੇ ਹੋ ਕੇ ਦਰਸ਼ਨ ਕਰਨ ਲਈ ਬਣਾਏ ਗਏ ਦਰਸ਼ਨ ਸਥਲ ‘ਤੇ ਵੀ ਸ਼ਰਧਾਲੂਆਂ ਦੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਪਾਬੰਦੀ 31 ਮਾਰਚ ਤੱਕ ਲਗਾਈ ਗਈ ਹੈ, ਜਿਸ ਕਰਕੇ ਹੁਣ ਡੇਰਾ ਬਾਬਾ ਨਾਨਕ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਿਸੇ ਵੀ ਤਰੀਕੇ ਨਾਲ ਨਹੀਂ ਨਹੀਂ ਹੋ ਸਕਣਗੇ। ਕਰੋਨਾਵਾਇਰਸ ਦੇ ਖ਼ਤਰੇ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਵਲੋਂ ਕਰਤਾਰਪੁਰ ਲਾਂਘਾ 16 ਮਾਰਚ ਨੂੰ ਹੀ ਬੰਦ ਕਰ ਦਿੱਤਾ ਗਿਆ ਸੀ ਅਤੇ ਕੌਮਾਂਤਰੀ ਸਰਹੱਦ ਉੱਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਗਾਈ ਗਈ ਦੂਰਬੀਨ ਵੀ ਬੀਐਸਐਫ ਵੱਲੋਂ ਨਾਲ ਹੀ ਹਟਾ ਲਈ ਗਈ ਸੀ। ਲਾਂਘਾ ਬੰਦ ਹੋਣ ਅਤੇ ਦੂਰਬੀਨ ਹਟਾਏ ਜਾਣ ਦੇ ਬਾਅਦ ਵੀ ਡੇਰਾ ਬਾਬਾ ਨਾਨਕ ਆਉਣ ਵਾਲੇ ਸ਼ਰਧਾਲੂ ਦਰਸ਼ਨ ਸਥੱਲ ‘ਤੇ ਜਾ ਕੇ ਦੂਰੋਂ ਹੀ ਖੜ੍ਹੇ ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਸਨ ਜਿਸ ਕਰਕੇ ਲੋਕਾਂ ਦੀ ਭੀੜ ਜਮ੍ਹਾਂ ਹੋ ਰਹੀ ਸੀ। ਇਸ ਨੂੰ ਧਿਆਨ ‘ਚ ਰੱਖਦਿਆਂ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਹੁਣ ਸ਼ਰਧਾਲੂਆਂ ਦੇ ਸਰਹੱਦ ਉੱਪਰ ਜਾਣ ‘ਤੇ ਵੀ ਰੋਕ ਲਗਾਈ ਗਈ ਹੈ। ਪੁਲਿਸ ਵਲੋਂ ਹੁਣ ਕਰਤਾਰਪੁਰ ਸਾਹਿਬ ਲਾਂਘੇ ਤੇ ਦਰਸ਼ਨ ਸਥੱਲ ਵੱਲ ਜਾਣ ਵਾਲੇ ਰਸਤਿਆਂ ‘ਤੇ ਵਿਸ਼ੇਸ਼ ਨਾਕੇਬੰਦੀ ਕਰ ਦਿੱਤੀ ਗਈ ਹੈ।
Check Also
ਬਿਕਰਮ ਮਜੀਠੀਆ ਨੇ ਏਅਰਪੋਰਟ ’ਤੇ ਕਿਰਪਾਨ ਪਾ ਕੇ ਡਿਊਟੀ ਕਰਨ ’ਤੇ ਪਾਬੰਦੀ ਲਗਾਉਣ ਨੂੰ ਦੱਸਿਆ ਮੰਦਭਾਗਾ
ਕਿਹਾ : ਸਿਵਲ ਏਵੀਏਸ਼ਨ ਆਪਣੇ ਹੁਕਮਾਂ ’ਤੇ ਮੁੜ ਤੋਂ ਕਰੇ ਗੌਰ ਅੰਮਿ੍ਰਤਸਰ/ਬਿਊਰੋ ਨਿਊਜ਼ : ਸੀਨੀਅਰ …