![](https://parvasinewspaper.com/wp-content/uploads/2023/08/Leh-Ladakh-1-1.jpg)
ਚੰਡੀਗੜ੍ਹ/ਬਿਊਰੋ ਨਿਊਜ਼
ਲੱਦਾਖ ਵਿਚ ਸ਼ਨੀਵਾਰ ਰਾਤ ਸਮੇਂ ਵਾਪਰੇ ਭਿਆਨਕ ਹਾਦਸੇ ਵਿਚ ਭਾਰਤੀ ਫੌਜ ਦੇ 9 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦ ਜਵਾਨਾਂ ਵਿਚ ਪੰਜਾਬ ਦੇ 2 ਜਵਾਨ ਵੀ ਸ਼ਾਮਲ ਹਨ। ਇਸ ਹਾਦਸੇ ਵਿਚ ਫਰੀਦਕੋਟ ਦਾ ਜਵਾਨ ਰਮੇਸ਼ ਲਾਲ ਅਤੇ ਬੱਸੀ ਪਠਾਣਾ ਨੇੜਲੇ ਪਿੰਡ ਕਮਾਲੀ ਦਾ ਫੌਜੀ ਜਵਾਨ ਤਰਨਦੀਪ ਸਿੰਘ ਵੀ ਸ਼ਹੀਦ ਹੋ ਗਿਆ ਹੈ। ਇਸ ਹਾਦਸੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸੀਐੱਮ ਮਾਨ ਨੇ ਕਿਹਾ ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੋਂ ਹਮਦਰਦੀ ਹੈ। ਅਸੀਂ ਵਾਅਦੇ ਮੁਤਾਬਕ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ। ਸ਼ਹੀਦ ਜਵਾਨ ਤਰਨਦੀਪ ਸਿੰਘ ਦੀ ਉਮਰ 23 ਸਾਲ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜ਼ਿਕਰਯੋਗ ਹੈ ਕਿ ਲੱਦਾਖ ਵਿਚ ਲੰਘੇ ਕੱਲ੍ਹ ਸ਼ਨੀਵਾਰ ਨੂੰ ਫੌਜ ਦੇ ਜਵਾਨਾਂ ਦੀ ਇਕ ਗੱਡੀ 60 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ ਸੀ। ਇਸ ਹਾਦਸੇ ਵਿਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ ਸਨ।