ਚਰਨਜੀਤ ਸਿੰਘ ਚੰਨੀ ਵੀ ਕਮੇਟੀ ’ਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ’ਤੇ ਕਾਂਗਰਸ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ। ਇਸ ਵਰਕਿੰਗ ਕਮੇਟੀ ਵਿਚ 39 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਵਾਡਰਾ ਸ਼ਾਮਲ ਹਨ। ਇਸ ਦੇ ਚੱਲਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਕਮੇਟੀ ਵਿਚ ਬਰਕਰਾਰ ਰੱਖਿਆ ਗਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਸ ਗੱਲ ਇਹ ਹੈ ਕਿ ਖੜਗੇ ਨੇ ਉਨ੍ਹਾਂ ਦੇ ਹੀ ਖਿਲਾਫ ਚੋਣ ਲੜਨ ਵਾਲੇ ਸ਼ਸ਼ੀ ਥਰੂਰ ਨੂੰ ਵੀ ਇਸ ਕਮੇਟੀ ਵਿਚ ਜਗ੍ਹਾ ਦਿੱਤੀ ਹੈ। ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਜਾਰੀ ਕੀਤੀ ਗਈ ਸੂਚੀ ’ਚ ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅੰਬਿਕਾ ਸੋਨੀ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਖੜਗੇ ਵਲੋਂ ਐਲਾਨ ਕੀਤੀ ਗਈ ਕਮੇਟੀ ਵਿਚ ਕੁੱਲ 84 ਨਾਮ ਹਨ। ਇਨ੍ਹਾਂ ਵਿਚ ਕਾਂਗਰਸ ਵਰਕਿੰਗ ਕਮੇਟੀ, ਜਨਰਲ ਸਕੱਤਰ ਅਤੇ ਇੰਚਾਰਜਾਂ ਦੇ ਨਾਮ ਸ਼ਾਮਲ ਹਨ ਅਤੇ ਇਨ੍ਹਾਂ ਵਿਚ ਪੰਜਾਬ ਤੋਂ ਸੁਖਜਿੰਦਰ ਸਿੰਘ ਰੰਧਾਵਾ, ਮੁਨੀਸ਼ ਤਿਵਾੜੀ ਅਤੇ ਪਵਨ ਕੁਮਾਰ ਬਾਂਸਲ ਨੂੰ ਵੀ ਜਗ੍ਹਾ ਮਿਲੀ ਹੈ। ਧਿਆਨ ਰਹੇ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਮੇਟੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।