-2.8 C
Toronto
Friday, December 19, 2025
spot_img
Homeਦੁਨੀਆਟਰੰਪ ਖ਼ਿਲਾਫ਼ ਨਿਊਯਾਰਕ ਅਤੇ ਐਰੀਜ਼ੋਨਾ 'ਚ ਜ਼ੋਰਦਾਰ ਮੁਜ਼ਾਹਰੇ

ਟਰੰਪ ਖ਼ਿਲਾਫ਼ ਨਿਊਯਾਰਕ ਅਤੇ ਐਰੀਜ਼ੋਨਾ ‘ਚ ਜ਼ੋਰਦਾਰ ਮੁਜ਼ਾਹਰੇ

Donald Trumpਟਕਸਨ ਵਿਚ ਟਰੰਪ ਵਿਰੋਧੀ ਦੀ ਕੁੱਟਮਾਰ ਤੋਂ ਭੜਕੇ ਲੋਕਾਂ ਨੇ ਰੋਕੀ ਆਵਾਜਾਈ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਰਿਪਬਲੀਕਨ ਪਾਰਟੀ ਦੀ ਉਮੀਦਵਾਰੀ ਦੇ ਦਾਅਵੇਦਾਰ ਡੌਨਲਡ ਟਰੰਪ ਖ਼ਿਲਾਫ਼ ਵੱਡੀ ਗਿਣਤੀ ਲੋਕਾਂ ਨੇ ਨਿਊਯਾਰਕ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸੇ ਤਰ੍ਹਾਂ ਦੱਖਣ-ਪੱਛਮੀ ਸੂਬੇ ਐਰੀਜ਼ੋਨਾ ਵਿੱਚ ਵੀ ਲੋਕਾਂ ਨੇ ਟਰੰਪ ਖ਼ਿਲਾਫ਼ ਆਵਾਜਾਈ ਠੱਪ ਕੀਤੀ, ਜਿਥੇ ਉਨ੍ਹਾਂ ਦੀ ਰੈਲੀ ਦੌਰਾਨ ਵਿਰੋਧ ਪ੍ਰਗਟਾਉਣ ਵਾਲੇ ਇਕ ਵਿਅਕਤੀ ਦੀ ਕੁੱਟ-ਮਾਰ ਕੀਤੀ ਗਈ ਸੀ। ਇਸ ਸਬੰਧ ਵਿੱਚ ਕੁਝ ਗ੍ਰਿਫ਼ਤਾਰੀਆਂ ਦੀ ਵੀ ਖ਼ਬਰ ਹੈ। ਗ਼ੌਰਤਲਬ ਹੈ ਕਿ ਐਰੀਜ਼ੋਨਾ ਵਿੱਚ ਟਕਸਨ ਵਿਖੇ ਟਰੰਪ ਦੀ ਰੈਲੀ ਦੌਰਾਨ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਇਕ ਵਿਅਕਤੀ ਦੀ ਉਨ੍ਹਾਂ ਦੇ ਇਕ ਹਮਾਇਤੀ ਨੇ ਕੁੱਟ-ਮਾਰ ਕਰ ਦਿੱਤੀ ਸੀ। ਮੁਜ਼ਾਹਰਾਕਾਰੀ ਨੇ ਟਰੰਪ ਦੀ ਫੋਟੋ ਲਾ ਕੇ ਥੱਲੇ ‘ਅਮਰੀਕਾ ਲਈ ਮਾੜਾ ਬੰਦਾ’ ਲਿਖਿਆ ਹੋਇਆ ਸੀ। ਐਨਬੀਸੀ ਵੱਲੋਂ ਇਸ ਸਬੰਧੀ ਇੰਟਰਨੈੱਟ ਉਤੇ ਪਾਈ ਗਈ ਵੀਡੀਉ ਵਿੱਚ ਉਸ ਵਿਅਕਤੀ ਨੂੰ ਸਕਿਉਰਿਟੀ ਵੱਲੋਂ ਰੈਲੀ ਵਾਲੀ ਥਾਂ ਤੋਂ ਬਾਹਰ ਲਿਜਾਇਆ ਜਾਂਦਾ ਦਿਖਾਇਆ ਗਿਆ ਹੈ। ਐਨਬੀਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੁੱਟ-ਮਾਰ ਕਰਨ ਵਾਲੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਨਿਊਯਾਰਕ ਵਿੱਚ ਮੁਜ਼ਾਹਰੇ ਦੌਰਾਨ ਲੋਕਾਂ ਨੇ ਟਰੰਪ ਵਿਰੋਧੀ ਨਾਅਰੇ ਲਾਉਂਦਿਆਂ ઠਉਨ੍ਹਾਂ ਨੂੰ ‘ਨਸਲਪ੍ਰਸਤ ਤੇ ਹਮਜਿਨਸੀਆਂ ਦਾ ਵਿਰੋਧੀ’ ਕਰਾਰ ਦਿੱਤਾ। ਉਨ੍ਹਾਂ ‘ਟਰੰਪ ਵਾਪਸ ਜਾਉ’ ਤੇ ‘ਟਰੰਪ ਨੂੰ ਦੇਸ਼ ਨਿਕਾਲਾ ਦੇਵੋ’ ਆਦਿ ਨਾਅਰੇ ਲਾਏ। ਇਸ ਦੌਰਾਨ ਹੋਈ ਮਾਮੂਲੀ ਝੜਪ ਨੂੰ ਛੇਤੀ ਹੀ ਕਾਬੂ ਕਰ ਲਿਆ ਗਿਆ, ਜਿਸ ਸਬੰਧੀ ਘੱਟੋ-ਘੱਟ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੈਮੋਕਰੈਟਿਕ ਬੀਬੀਆਂ ‘ਚ ਹਿਲੇਰੀ ਦੀ ਮਕਬੂਲੀਅਤ ਘਟੀ
ਰਾਸ਼ਟਰਪਤੀ ਦੀ ਉਮੀਦਵਾਰੀ ਲਈ ਰਿਪਬਲੀਕਨ ਦਾਅਵੇਦਾਰ ਡੌਨਲਡ ਟਰੰਪ ਤੇ ਡੈਮੋਕਰੈਟਿਕ ਦਾਅਵੇਦਾਰ ਹਿਲੇਰੀ ਕਲਿੰਟਨ ਦੇ ਟਵਿੱਟਰ ਫਾਲੋਅਰਾਂ ਉਤੇ ਨਜ਼ਰ ਰੱਖਣ ਵਾਲੇ ਖੋਜਕਾਰਾਂ ਦਾ ਕਹਿਣਾ ਹੈ ਕਿ ਬੀਬੀ ਕਲਿੰਟਨ ਭਾਵੇਂ ਡੈਮੋਕਰੈਟਿਕ ਮਹਿਲਾ ਆਗੂਆਂ ਵਿੱਚ ਤਾਂ ਕਾਫ਼ੀ ਮਕਬੂਲ ਹੈ ਪਰ ਆਮ ਡੈਮੋਕਰੈਟਿਕ ਔਰਤਾਂ ਵਿੱਚ ਉਨ੍ਹਾਂ ਦੀ ਮਕਬੂਲੀਅਤ ਘਟੀ ਹੈ। ਇਸ ਵਕਤ ਟਵਿੱਟਰ ਉਤੇ ਟਰੰਪ ਦੇ ਪੈਰੋਕਾਰਾਂ ਦੀ ਗਿਣਤੀ 70 ਲੱਖ ਤੇ ਬੀਬੀ ਕਲਿੰਟਨ ਦੇ ਪੈਰੋਕਾਰਾਂ ਦੀ ਗਿਣਤੀ 57 ਲੱਖ ਦੱਸੀ ਗਈ ਹੈ।

RELATED ARTICLES
POPULAR POSTS