-3.5 C
Toronto
Monday, December 22, 2025
spot_img
Homeਦੁਨੀਆਭਾਰਤ ਤੇ ਬੰਗਲਾਦੇਸ਼ ਵਿਚਾਲੇ ਸੱਤ ਸਮਝੌਤਿਆਂ 'ਤੇ ਹੋਏ ਦਸਤਖਤ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੱਤ ਸਮਝੌਤਿਆਂ ‘ਤੇ ਹੋਏ ਦਸਤਖਤ

ਸ਼ੇਖ ਹਸੀਨਾ ਨੇ ਉਠਾਇਆ ਐਨ.ਆਰ.ਸੀ. ਦਾ ਮਾਮਲਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਵਿਚਾਲੇ ਗੱਲਬਾਤ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਸੱਤ ਸਮਝੌਤੇ ਸਹੀਬੱਧ ਕੀਤੇ ਗਏ ਤੇ ਤਿੰਨ ਪ੍ਰਾਜੈਕਟ ਲਾਂਚ ਕੀਤੇ ਗਏ ਹਨ। ਇਨ੍ਹਾਂ ‘ਚੋਂ ਇੱਕ ਸਮਝੌਤਾ ਬੰਗਲਾਦੇਸ਼ ਤੋਂ ਭਾਰਤ ਤੇ ਉੱਤਰ-ਪੂਰਬੀ ਸੂਬਿਆਂ ‘ਚ ਐਲਪੀਜੀ ਦੀ ਦਰਾਮਦ ਕਰਨਾ ਹੈ।ਇਸੇ ਦੌਰਾਨ ਸ਼ੇਖ ਹਸੀਨਾ ਨੇ ਅਸਮ ‘ਚ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਲਿਆਏ ਜਾਣ ਦਾ ਮੁੱਦਾ ਉਠਾਉਂਦਿਆਂ ਇਸ ‘ਤੇ ਚਿੰਤਾ ਜ਼ਾਹਿਰ ਕੀਤੀ। ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਪੱਖ ਨੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਐਨਆਰਸੀ ਦਾ ਪ੍ਰਕਾਸ਼ ਅਦਾਲਤ ਦੀ ਨਿਗਰਾਨੀ ਹੇਠ ਚੱਲੀ ਪ੍ਰਕਿਰਿਆ ਹੈ ਅਤੇ ਇਸ ਮੁੱਦੇ ‘ਤੇ ਆਖਰੀ ਰੂਪ ਰੇਖਾ ਸਾਹਮਣੇ ਆਉਣੀ ਅਜੇ ਬਾਕੀ ਹੈ। ਸੂਤਰਾਂ ਅਨੁਸਾਰ ਦੋਵਾਂ ਆਗੂਆਂ ਵਿਚਾਲੇ ਰੋਹਿੰਗੀਆ ਸ਼ਰਨਾਰਥੀਆਂ ਬਾਰੇ ਵੀ ਚਰਚਾ ਕੀਤੀ ਗਈ। ਸਮਝੌਤੇ ਸਹੀਬੱਧ ਕਰਨ ਤੋਂ ਪਹਿਲਾਂ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਜਲ ਸਰੋਤਾਂ, ਨੌਜਵਾਨ ਮਾਮਲਿਆਂ, ਸੱਭਿਆਚਾਰ, ਸਿੱਖਿਆ ਤੇ ਤੱਟੀ ਨਿਗਰਾਨੀ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੇ ਸੰਖੇਪ ਵੇਰਵੇ ਦੱਸਦਿਆਂ ਮੋਦੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਨਾਲ ਆਪਣੇ ਸਮਝੌਤੇ ਨਿਭਾਉਣ ਲਈ ਵਚਨਬੱਧ ਹੈ। ਸ਼ੇਖ ਹਸੀਨਾ ਦੀ ਹਾਜ਼ਰੀ ‘ਚ ਮੋਦੀ ਨੇ ਕਿਹਾ, ‘ਮੈਂ ਇਸ ਗੱਲੋਂ ਬਹੁਤ ਖੁਸ਼ ਹਾਂ ਕਿ ਇਸ ਵਾਰਤਾ ਨਾਲ ਸਾਡੇ ਭਵਿੱਖੀ ਰਿਸ਼ਤੇ ਮਜ਼ਬੂਤ ਹੋਣਗੇ।’ ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਦੋਵਾਂ ਮੁਲਕਾਂ ਨੇ ਕੁੱਲ 12 ਪ੍ਰਾਜੈਕਟ ਲਾਂਚ ਕੀਤੇ ਹਨ ਜਿਨ੍ਹਾ ‘ਚੋਂ ਤਿੰਨ ਦਾ ਉਦਘਾਟਨ ਕੀਤਾ ਗਿਆ ਹੈ। ਸ਼ੇਖ ਹਸੀਨਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਸਮੁੰਦਰੀ ਸੁਰੱਖਿਆ, ਸਿਵਲ ਪਰਮਾਣੂ ਊਰਜਾ ਅਤੇ ਕਾਰੋਬਾਰ ਤੋਂ ਇਲਾਵਾ ਹੋਰਨਾਂ ਖੇਤਰਾਂ ‘ਚ ਰਿਸ਼ਤੇ ਮਜ਼ਬੂਤ ਹੋਏ ਹਨ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਵਿਦੇਸ਼ ਵਿਭਾਗ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ‘ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਦੀ ਚੰਗੀ ਗੱਲਬਾਤ ਹੋਈ ਹੈ।’

RELATED ARTICLES
POPULAR POSTS