ਵਿਦੇਸ਼ ਮੰਤਰਾਲਾ ਬੋਲਿਆ : ਆਪਣੇ ਨਾਗਰਿਕਾਂ ਦੀ ਰੱਖਿਆ ਕਰਦੇ ਰਹਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਤਰ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣੇ ਕਰ ਰਹੇ ਭਾਰਤੀ ਨੇਵੀ ਦੇ ਸਾਬਕਾ ਅੱਠ ਅਧਿਕਾਰੀਆਂ ਨੂੰ ਕਤਰ ਦੀ ਅਦਾਲਤ ਨੇ ਅੱਜ ਵੱਡੀ ਰਾਹਤ ਦਿੱਤੀ ਹੈ। ਕਤਰ ਦੀ ਜੇਲ੍ਹ ’ਚ ਬੰਦ ਇਨ੍ਹਾਂ ਸਾਬਕਾ ਭਾਰਤੀ ਅਧਿਕਾਰੀਆਂ ਦੀ ਫਾਂਸੀ ਦੀ ਸਜ਼ਾ ’ਤੇ ਕੋਰਟ ਨੇ ਵੀਰਵਾਰ ਨੂੰ ਰੋਕ ਲਗਾ ਦਿੱਤੀ। ਇਸ ਸਬੰਧੀ ਵਿਦੇਸ਼ ਮੰਤਰਾਲੇ ਵੱਲੋਂ ਲਿਖਤੀ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ, ਜਿਸ ’ਚ ਸਜ਼ਾ ਏ ਮੌਤ ਨੂੰ ਕੈਦ ’ਚ ਬਦਲੇ ਜਾਣ ਸਬੰਧੀ ਵੀ ਆਖਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਫੈਸਲੇ ਦੀ ਡਿਟੇਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਅਗਲੇ ਕਦਮ ’ਤੇ ਵਿਚਾਰ ਕੀਤਾ ਜਾਵੇਗਾ। ਅੱਜ ਹੋਈ ਸੁਣਵਾਈ ਦੌਰਾਨ ਭਾਰਤ ਦੇ ਰਾਜਦੂਤ ਸਮੇਤ ਸਜ਼ਾ ਦਾ ਸਾਮਹਣਾ ਕਰ ਰਹੇ ਅਧਿਕਾਰੀਆਂ ਦੇ ਪਰਿਵਾਰ ਵੀ ਅਦਾਲਤ ਵਿਚ ਮੌਜੂਦ ਸਨ। ਧਿਆਨ ਰਹੇ ਕਿ ਪਿਛਲੇ ਸਾਲ ਕਤਰ ’ਚ ਗਿ੍ਰਫ਼ਤਾਰ ਕੀਤੇ ਗਏ ਇਨ੍ਹਾਂ ਭਾਰਤੀਆਂ ਨੂੰ ਜਾਸੂਸੀ ਦੇ ਮਾਮਲੇ ’ਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।