ਪੰਜਾਬ ’ਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਕਹਿਰ ਜਾਰੀ
ਮੌਸਮ ਵਿਭਾਗ ਨੇ 31 ਦਸੰਬਰ ਤੱਕ ਧੁੰਦ ਛਾਏ ਰਹਿਣ ਦੀ ਦਿੱਤੀ ਚਿਤਾਵਨੀ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਣੇ ਪੂਰੇ ਉਤਰੀ ਭਾਰਤ ’ਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਕਹਿਰ ਲਗਾਤਾਰ ਜਾਰੀ ਹੈ। ਅੰਮਿ੍ਰਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵੀ ਸੰਘਣੀ ਧੁੰਦ ਨੇ ਆਪਣੀ ਸਫੇਦ ਚਾਦਰ ਵਿਚ ਛੁਪਾ ਲਿਆ। ਦੂਜੇ ਪਾਸੇ ਸੜਕ ਤੋਂ ਲੈ ਕੇ ਹਵਾਈ ਸਫ਼ਰ ਵੀ ਸੰਘਣੀ ਧੁੰਦ ਕਾਰਨ ਪ੍ਰਭਾਵਿਤ ਹੋਇਆ ਨਜ਼ਰ ਆਇਆ ਜਿਸ ਦੇ ਚਲਦਿਆਂ ਚੰਡੀਗੜ੍ਹ ਏਅਰਪੋਰਟ ’ਤੇ ਵੀਰਵਾਰ ਨੂੰ ਕਈ ਫਲਾਇਟਾਂ ਜਿੱਥੇ ਦੇਰੀ ਨਾਲ ਪਹੁੰਚੀਆਂ ਉਥੇ ਹੀ ਚੰਡੀਗੜ੍ਹ ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਵੀ ਦੇਰੀ ਨਾਲ ਉਡੀਆਂ। ਮੌਸਮ ਵਿਭਾਗ ਨੇ ਜਿੱਥੇ ਸੂਬੇ ਦੇ 23 ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਰੈਡ ਅਲਰਟ ਜਾਰੀ ਕੀਤਾ ਹੈ ਉਥੇ ਹੀ ਸੀਤ ਲਹਿਰ ਦਾ ਇਹ ਕਹਿਰ 31 ਦਸੰਬਰ ਤੱਕ ਜਾਰੀ ਰਹਿਣ ਦੀ ਚਿਤਾਵਨੀ ਵੀ ਦਿੱਤੀ ਹੈ। ਇਸੇ ਤਰ੍ਹਾਂ ਸੜਕਾਂ ’ਤੇ ਵੀ ਟ੍ਰੈਫਿਕ ਬਹੁਤ ਹੌਲੀ ਰਫਤਾਰ ਨਾਲ ਚੱਲ ਰਹੀ ਹੈ ਅਤੇ ਪੰਜਾਬ ’ਚ ਵੀਰਵਾਰ ਨੂੰ ਪੂਰਾ ਦਿਨ ਸੰਘਣੀ ਧੁੰਦ ਛਾਈ ਰਹੀ। ਉਧਰ ਕੌਮੀ ਰਾਜਧਾਨੀ ਦਿੱਲੀ ਵਿਚ ਵੀ ਸੰਘਣੀ ਧੁੰਦ ਕਾਰਨ ਜਿੱਥੇ ਸੜਕੀ ਆਵਾਜਾਈ ਪ੍ਰਭਾਵਿਤ ਰਹੀ, ਉਥੇ ਹੀ ਰੇਲ ਗੱਡੀਆਂ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਇਆ। ਦਿੱਲੀ ਆਉਣ ਵਾਲੀਆਂ 22 ਰੇਲ ਗੱਡੀਆਂ ਨਿਰਧਾਰਤ ਸਮੇਂ ਤੋਂ ਲੇਟ ਚੱਲ ਰਹੀਆਂ ਹਨ। ਉਥੇ ਹੀ ਦਿੱਲੀ ਹਵਾਈ ਅੱਡੇ ਤੋਂ 134 ਘਰੇਲੂ ਅਤੇ 35 ਅੰਤਰਰਾਸ਼ਟਰੀ ਉਡਾਣਾਂ ਵੀ ਦੇਰੀ ਨਾਲ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ।a