40 ਹਜ਼ਾਰ ਤੋਂ ਵੱਧ ‘ਮਹਿਮਾਨ’ ਪੁੱਜੇ ਤੇ 50 ਹਜ਼ਾਰ ਹੋਰ ਆਉਣ ਦੀ ਸੰਭਾਵਨਾ
ਹਰੀਕੇ/ਬਿਊਰੋ ਨਿਊਜ਼ : ਪੰਜਾਬ ਦੇ ਹਰੀਕੇ ਜਲਗਾਹ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਹੁਣ ਤੱਕ 40 ਹਜ਼ਾਰ ਤੋਂ ਵੱਧ ਪਰਵਾਸੀ ਪੰਛੀ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਜਲਗਾਹ ਵਿੱਚ ਪਹੁੰਚ ਚੁੱਕੇ ਹਨ। ਸਾਇਬੇਰੀਆ, ਮੰਗੋਲੀਆ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਰੂਸ ਅਤੇ ਦੁਨੀਆ ਦੇ ਹੋਰ ਹਿੱਸਿਆਂ ਸਮੇਤ ਵੱਖ-ਵੱਖ ਦੇਸ਼ਾਂ ਤੋਂ 90 ਤੋਂ ਵੱਧ ਪ੍ਰਜਾਤੀਆਂ ਦੇ 90 ਹਜ਼ਾਰ ਤੋਂ ਵੱਧ ਪਰਵਾਸੀ ਪੰਛੀ ਹਰ ਸਾਲ ਸਰਦੀਆਂ ਵਿੱਚ ਆਪਣੇ ਜੱਦੀ ਸਥਾਨਾਂ ਵਿੱਚ ਪਾਣੀ ਦੇ ਭੰਡਾਰ ਜੰਮ ਜਾਣ ਤੋਂ ਬਾਅਦ ਹਰੀਕੇ ਪਹੁੰਚਦੇ ਹਨ। ਤਰਨਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 86 ਵਰਗ ਕਿਲੋਮੀਟਰ ਵਿੱਚ ਫੈਲਿਆ ਹਰੀਕੇ ਜਲਗਾਹ ਸਰਦੀਆਂ ਦੇ ਮੌਸਮ ਵਿੱਚ ਪਰਵਾਸੀ ਜਲ ਪੰਛੀਆਂ ਦੀਆਂ ਦੁਰਲੱਭ ਕਿਸਮਾਂ ਦਾ ਘਰ ਬਣ ਜਾਂਦਾ ਹੈ। ਇਹ ਜਲਗਾਹ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ‘ਤੇ ਸਥਿਤ ਹੈ। ਪੰਜਾਬ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਅਨੁਸਾਰ ਹਰੀਕੇ ਵੈਟਲੈਂਡ, ਜਿਸ ਨੂੰ ‘ਹਰੀ ਕੇ ਪੱਤਣ’ ਵੀ ਕਿਹਾ ਜਾਂਦਾ ਹੈ, ‘ਤੇ ਹੁਣ ਤੱਕ 40 ਹਜ਼ਾਰ ਤੋਂ ਵੱਧ ਪਰਵਾਸੀ ਪੰਛੀ ਆ ਚੁੱਕੇ ਹਨ। ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ ਅਤੇ 50 ਹਜ਼ਾਰ ਹੋਰ ਪੰਛੀ ਆਉਣ ਦੀ ਸੰਭਾਵਨਾ ਹੈ। ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਮੁਤਾਬਿਕ ਹੁਣ ਤੱਕ ਹਰੀਕੇ ਝੀਲ ‘ਤੇ ਕੂਟ, ਬਾਰ ਹੈਡਿਡ ਗੀਜ, ਨਾਰਥਾਰਨ ਸ਼ਵਲਰ, ਕੋਮਨ ਪਚਾਰਡ, ਰੂਡੀ ਸੈਲਡਿੱਕ, ਲਿਟਨ ਕਾਰਮੋਨੈਂਟ, ਪਰਪਲ ਹੈਰਨ, ਗਰੇਟ ਈਗਰੇਟ, ਟਫਟਫ ਪੌਚਿਡ, ਇੰਡੀਅਨ ਸਪਾਟਬਿੱਲ ਡੱਕ, ਗਡਵਾਲ, ਬਲੈਕ ਹੈਡਿਡ ਈਬਿਜ, ਬਰਾਊਨ ਹੈਡਿਡ ਗਲਜ, ਬਲੈਕ ਹੈਡਿਡ ਗਲਜ, ਏਸ਼ੀਅਨ ਓਪਨ ਫਿਲਮਜ਼, ਬਲੈਕ ਬਿਪਰਨ, ਗਲੋਸੀ ਈਬਿਜ਼, ਕੋਮਿਨ ਟੀਲ, ਕੋਟਨ ਟੀਲ, ਇੰਡੀਅਨ ਸਪੋਟਬਿੱਲ ਡੱਕ, ਰੂਡੀ ਸ਼ੈਲਡਿੱਕ, ਮਾਰਗ, ਰਿਵਰ ਟਰਨ, ਵਿਟਨ ਗਲਜ਼, ਵਾਟਰ ਨਿਪਟ ਅਤੇ ਕੋਮਿਨ ਕਿੰਗਫਿਸ਼ਰ ਆਦਿ ਕਈ ਕਿਸਮਾਂ ਦੇ ਹਜ਼ਾਰਾਂ ਪਰਵਾਸੀ ਪੰਛੀਆਂ ਦੀ ਆਮਦ ਹਰੀਕੇ ਝੀਲ ‘ਤੇ ਹੋ ਚੁੱਕੀ ਹੈ।
ਸੁਰੱਖਿਆ ਦੇ ਪ੍ਰਬੰਧ ਸਖ਼ਤ :ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਰੇਂਜ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਮਹਿਮਾਨ ਪੰਛੀਆਂ ਦੀ ਸੁਰੱਖਿਆ ਨੂੰ ਲੈ ਕੇ ਵਣ ਮੰਡਲ ਅਫਸਰ ਲਖਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਕਰਮਚਾਰੀਆਂ ਵਲੋਂ ਹਰੀਕੇ ਝੀਲ ਦੇ ਵੱਖ-ਵੱਖ ਖੇਤਰਾਂ ‘ਚ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਪਰਵਾਸੀ ਪੰਛੀਆਂ ਦਾ ਨੁਕਸਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ।
ਸੈਲਾਨੀ ਨੇੜੇ ਤੋਂ ਤੱਕ ਸਕਦੇ ਹਨ ਝੀਲ ਦਾ ਨਜ਼ਾਰਾ
ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਹਰੀਕੇ ਝੀਲ ਦਾ ਨਜ਼ਾਰਾ ਨੇੜੇ ਤੋਂ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਹਰ ਸਾਲ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਝੀਲ ਦੀ ਲੱਕੜ ਵਾਲੀ ਚੈੱਕ ਪੋਸਟ ‘ਤੇ ਵਿਭਾਗ ਵਲੋਂ ਹਰੀਕੇ ਝੀਲ ‘ਚ ਦਾਖਲੇ ਲਈ ਪਰਮਿਟ ਜਾਰੀ ਕੀਤਾ ਜਾਂਦਾ ਹੈ ਤੇ ਸੈਲਾਨੀ ਪਰਮਿਟ ਲੈ ਕੇ ਪੈਦਲ ਝੀਲ ਦਾ ਨਜ਼ਾਰਾ ਨੇੜੇ ਤੋਂ ਤੱਕ ਸਕਦੇ ਹਨ।