ਲੱਖਾਂ ਰੁਪਏ ਖਰਚ ਕੇ ਗੈਰਕਾਨੂੰਨੀ ਤਰੀਕੇ ਨਾਲ ਪਹੁੰਚੇ ਸਨ ਅਮਰੀਕਾ
ਰਾਜਾਸਾਂਸੀ : ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ 110 ਭਾਰਤੀ ਨੌਜਵਾਨ ਡਿਪੋਰਟ ਹੋਣ ਮਗਰੋਂ ਆਪਣੇ ਵਤਨ ਪਰਤ ਆਏ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਇਨ੍ਹਾਂ ਨੌਜਵਾਨਾਂ ਨੂੰ ਸਬੰਧਿਤ ਵੱਖ-ਵੱਖ ਜ਼ਿਲ੍ਹਿਆਂ ਵਿਚ ਇਕਾਂਤਵਾਸ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਵਲੋਂ ਵਿਸ਼ੇਸ਼ ਬੱਸਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਕਰੀਬ ਪਿਛਲੇ ਵਰ੍ਹੇ ਮਾਪਿਆਂ ਤੋਂ ਵਿਦਾ ਹੋਣ ਮਗਰੋਂ ਲੱਖਾਂ ਰੁਪਏ ਏਜੰਟਾਂ ਦੀ ਝੋਲੀ ਪਾਉਣ ਤੇ ਕਈ ਕਈ ਦਿਨ ਭੁੱਖ ਨਾਲ ਲੜਨ ਅਤੇ ਵੱਖੋ-ਵੱਖਰੇ ਢੰਗਾਂ ਨਾਲ ਹੋਰਨਾਂ ਮੁਲਕਾਂ ਦੀਆਂ ਸਰਹੱਦਾਂ ਟੱਪਦੇ ਹੋਏ ਅਮਰੀਕਾ ਵਿਚ ਦਾਖ਼ਲ ਹੋਏ ਇਹ ਨੌਜਵਾਨ ਅਮਰੀਕਾ ਦੀ ਹੱਦ ‘ਤੇ ਪਹੁੰਚਦਿਆਂ ਸਾਰ ਹੀ ਉੱਥੋਂ ਦੀ ਪੁਲਿਸ ਦੇ ਅੜਿੱਕੇ ਚੜ੍ਹ ਗਏ ਸਨ। ਇਕ ਨੌਜਵਾਨ ਹਰਜੀਤ ਸਿੰਘ ਵਾਸੀ ਗੋਬਿੰਦਰਪੁਰ ਲੋਹਗੜ੍ਹ ਜਲੰਧਰ ਨੇ ਦੱਸਿਆ ਕਿ ਉਹ ਸਾਲ 2019 ਵਿਚ ਸੁਲਤਾਨ ਸਿੰਘ ਨਾਮ ਦੇ ਇਕ ਏਜੰਟ ਨੂੰ 28 ਲੱਖ ਰੁਪਏ ਦੇ ਕੇ ਅਮਰੀਕਾ ਲਈ ਰਵਾਨਾ ਹੋਇਆ ਸੀ। ਏਜੰਟ ਵਲੋਂ ਉਸ ਨੂੰ ਮੈਕਸੀਕੋ ਰਾਹੀਂ ਕੰਧ ਟਪਾ ਕੇ ਅਮਰੀਕਾ ਵਿਚ ਪ੍ਰਵੇਸ਼ ਕਰਵਾਇਆ ਗਿਆ ਸੀ ਪਰ ਕੰਧ ਟੱਪਦਿਆਂ ਸਾਰ ਹੀ 10 ਕਦਮ ਚੱਲਣ ਉਪਰੰਤ ਉੱਥੋਂ ਦੀ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਜੇਲ੍ਹ ਵਿਚ ਭੇਜ ਦਿੱਤਾ ਗਿਆ ਅਤੇ ਕਾਨੂੰਨੀ ਲੜਾਈ ਹਾਰਨ ਮਗਰੋਂ ਹੁਣ ਉਸ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਤੋਂ ਪਰਤਣ ਵਾਲੇ ਇਨ੍ਹਾਂ ਨੌਜਵਾਨਾਂ ਵਿਚ ਅੰਮ੍ਰਿਤਸਰ ਦੇ 2, ਫ਼ਰੀਦਕੋਟ 1, ਫ਼ਤਹਿਗੜ੍ਹ ਸਾਹਿਬ 3, ਗੁਰਦਾਸਪੁਰ 10, ਹੁਸ਼ਿਆਰਪੁਰ 8, ਜਲੰਧਰ 5, ਲੁਧਿਆਣਾ 2, ਕਪੂਰਥਲਾ 11, ਪਟਿਆਲਾ, 4, ਸੰਗਰੂਰ 2, ਐਸ.ਬੀ.ਐਸ. ਨਗਰ 2, ਐਸ.ਏ.ਐਸ. ਨਗਰ 1, ਪਠਾਨਕੋਟ 1, ਫਿਰੋਜ਼ਪੁਰ ਦਾ ਇਕ ਨੌਜਵਾਨ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦਾ 1, ਯੂ.ਪੀ. 1, ਆਂਧਰਾ ਪ੍ਰਦੇਸ਼ 1, ਮਹਾਰਾਸ਼ਟਰ 3, ਦਿੱਲੀ 1, ਤੇਲੰਗਾਨਾ 1 ਤੇ ਹਰਿਆਣਾ ਨਾਲ ਸਬੰਧਿਤ 36 ਨੌਜਵਾਨ ਸ਼ਾਮਿਲ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …