Breaking News
Home / ਪੰਜਾਬ / ‘ਆਪ’ ਸਰਕਾਰ ਨੂੰ ਆਪਣਾ ਸਿਆਸੀ ਹਸ਼ਰ ਵੀ ਯਾਦ ਰੱਖਣਾ ਚਾਹੀਦੈ : ਵੜਿੰਗ

‘ਆਪ’ ਸਰਕਾਰ ਨੂੰ ਆਪਣਾ ਸਿਆਸੀ ਹਸ਼ਰ ਵੀ ਯਾਦ ਰੱਖਣਾ ਚਾਹੀਦੈ : ਵੜਿੰਗ

ਕਾਂਗਰਸ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਤਰਨਤਾਰਨ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ
ਤਰਨ ਤਾਰਨ : ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ਵੱਲੋਂ ਹਰ ਮਸਲੇ ‘ਤੇ ਪਹਿਲੀਆਂ ਸਰਕਾਰਾਂ ਨੂੰ ਕਸੂਰਵਾਰ ਆਖਣ ‘ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਤੋਂ ‘ਆਪ’ ਸਰਕਾਰ ਨੂੰ ਆਪਣਾ ਹਸ਼ਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕਾਂਗਰਸ ਵੱਲੋਂ ਸੂਬੇ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਲਈ ਦਿੱਤੇ ਜਾ ਰਹੇ ਜ਼ਿਲ੍ਹਾ ਪੱਧਰੀ ਧਰਨਿਆਂ ਦੀ ਲੜੀ ਤਹਿਤ ਤਰਨਤਾਰਨ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ।
ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਹੜ੍ਹ ਪੀੜਤ ਕਿਸਾਨਾਂ ਲਈ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਵਾਰ ਹੜ੍ਹਾਂ ਨੇ ਜਿਥੇ ਫਸਲ ਬਰਬਾਦ ਕੀਤੀ ਹੈ, ਉਥੇ ਹੀ ਖੇਤਾਂ ਵਿੱਚ ਦਰਿਆ ਦੀ ਰੇਤ ਭਰ ਜਾਣ ਕਾਰਨ ਅਗਲੀਆਂ ਫ਼ਸਲਾਂ ਲਈ ਵੀ ਦਿੱਕਤ ਖੜ੍ਹੀ ਕਰ ਦਿੱਤੀ ਹੈ। ਇਸ ਲਈ ਉਹ ‘ਆਪ’ ਸਰਕਾਰ ਤੋਂ ਮੰਗ ਕਰਦੇ ਹਨ ਕਿ ਕਿਸਾਨਾਂ ਨੂੰ ਦੋ ਫ਼ਸਲਾਂ ਦੇ ਖਰਾਬੇ ਲਈ ਮੁਆਵਜ਼ਾ ਜਾਰੀ ਕਰਨ। ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ‘ਆਪ’ ਨਾਲ ਕਿਸੇ ਵੀ ਕਿਸਮ ਦੇ ਗਠਜੋੜ ਤੋਂ ਇਨਕਾਰ ਕਰਦਿਆਂ ਵੜਿੰਗ ਨੇ ਕਿਹਾ ਕਿ ਪਾਰਟੀ ਕੋਲ ਚੋਣ ਲੜਨ ਲਈ ਮਜ਼ਬੂਤ ਉਮੀਦਵਾਰ ਮੌਜੂਦ ਹਨ। ਉਨ੍ਹਾਂ ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਰਕਾਰ ਦੀਆਂ ਖਾਮੀਆਂ ਕਰਕੇ ਹੀ ਅੱਜ ਨਸ਼ਿਆਂ ਨਾਲ ਚਾਰ ਗੁਣਾ ਜ਼ਿਆਦਾ ਮੌਤਾਂ ਹੋ ਰਹੀਆਂ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ‘ਆਪ’ ‘ਤੇ ਆਰੋਪ ਲਗਾਇਆ ਕਿ ਸਰਕਾਰ ਅੰਦਰ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਕਰਕੇ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕਰਵਾ ਕੇ ਪੰਚਾਇਤਾਂ ਦੇ ਖਾਤਿਆਂ ‘ਚ ਜਮ੍ਹਾਂ ਕਰੋੜਾਂ ਰੁਪਏ ਖਰਚ ਕਰਨ ਲਈ ਅਧਿਕਾਰੀਆਂ ਰਾਹੀਂ ਆਪਣੀ ਮਨਮਰਜ਼ੀ ਨਾਲ ਗਰਾਂਟਾਂ ਖਰਚਣ ਦਾ ਰਾਹ ਖੋਲ੍ਹ ਲਿਆ ਹੈ। ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ, ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਗਿੱਲ, ਕਪੂਰਥਲਾ ਦੇ ਵਿਧਾਇਕ ਰਾਜਾ ਗੁਰਜੀਤ ਸਿੰਘ, ਸਾਬਕ ਵਿਧਾਇਕ ਸੁਖਪਾਲ ਸਿੰਘ ਭੁੱਲਰ, ਰਮਨਜੀਤ ਸਿੰਘ ਸਿੱਕੀ ਤੇ ਸੰਤੋਖ ਸਿੰਘ ਭਲਾਈਪੁਰ ਨੇ ਵੀ ਸੰਬੋਧਨ ਕੀਤਾ।

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …