Breaking News
Home / ਪੰਜਾਬ / ਭਾਰਤ-ਪਾਕਿ ਦੋਸਤੀ ਸੰਮੇਲਨ ‘ਚ ਦੋਵਾਂ ਮੁਲਕਾਂ ਦੇ ਸਬੰਧਾਂ ਬਾਰੇ ਚਰਚਾ

ਭਾਰਤ-ਪਾਕਿ ਦੋਸਤੀ ਸੰਮੇਲਨ ‘ਚ ਦੋਵਾਂ ਮੁਲਕਾਂ ਦੇ ਸਬੰਧਾਂ ਬਾਰੇ ਚਰਚਾ

ਭਾਈਚਾਰਕ ਸਾਂਝ ਤੇ ਦੋਸਤੀ ਲਈ ਉਪਰਾਲੇ ਜਾਰੀ ਰੱਖਣ ਦਾ ਅਹਿਦ ਲਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਕਰਵਾਏ ਗਏ 28ਵੇਂ ਭਾਰਤ-ਪਾਕਿ ਦੋਸਤੀ ਸੰਮੇਲਨ ਦੌਰਾਨ ਭਾਰਤ-ਪਾਕਿ ਸਬੰਧਾਂ ਦੀ ਅਜੋਕੀ ਸਥਿਤੀ ‘ਤੇ ਵਿਸ਼ੇਸ਼ ਚਰਚਾ ਕਰਵਾਈ ਗਈ। ਇਸ ਚਰਚਾ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਦੋਵੇਂ ਮੁਲਕਾਂ ਵਿੱਚ ਸੁਖਾਵੇਂ ਸਬੰਧਾਂ ਲਈ ਕੀਤੇ ਜਾ ਰਹੇ ਉਪਰਾਲੇ ਜਾਰੀ ਰਹਿਣੇ ਚਾਹੀਦੇ ਹਨ ਕਿਉਂਕਿ ਇਹ ਉਪਰਾਲੇ ਸੁਖਾਵੇਂ ਸਬੰਧਾਂ ਲਈ ਮੈਦਾਨ ਤਿਆਰ ਕਰਨ ਵਿੱਚ ਸਫਲ ਹੋਣਗੇ। ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਦੋਵੇਂ ਸਰਕਾਰਾਂ ਮੁਲਕਾਂ ਦੀ ਤਰੱਕੀ ਲਈ ਵਪਾਰ ਸ਼ੁਰੂ ਕਰਨ ਅਤੇ ਇਸ ਵਾਸਤੇ ਰੇਲ ਤੇ ਸੜਕ ਆਵਾਜਾਈ ਬਹਾਲ ਕੀਤੀ ਜਾਵੇ। ਇਹ ਸੰਮੇਲਨ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਸਾਫਮਾ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫ਼ਾਰ ਪੀਸ ਐਂਡ ਡੈਮੋਕਰੇਸੀ ਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਵੱਲੋਂ ਕਰਵਾਇਆ ਗਿਆ ਹੈ।
ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਜਦੋਂ ਪਾਕਿਸਤਾਨ ਤੋਂ ਉੱਜੜ ਕੇ ਲੋਕ ਖਾਲਸਾ ਕਾਲਜ ਵਿਚ ਆਏ ਸਨ ਤਾਂ ਕਾਲਜ ਸਟਾਫ਼, ਮੈਨੇਜਮੈਂਟ, ਵਿਦਿਆਰਥੀਆਂ ਨੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ, ਰਾਸ਼ਨ ਦਾ ਪ੍ਰਬੰਧ ਕੀਤਾ ਤੇ ਜ਼ਖ਼ਮੀਆਂ ਦੀ ਮਲ੍ਹਮ-ਪੱਟੀ ਵੀ ਕੀਤੀ ਤੇ ਇਮਤਿਹਾਨ ਨਹੀਂ ਦੇ ਸਕੇ। ਇਸ ਲਈ ਵਿਦਿਆਰਥੀਆਂ ਦੀ ਲੋਕ ਸੇਵਾ ਨੂੰ ਮੱਦੇਨਜ਼ਰ ਰੱਖਦਿਆਂ ਉਸ ਸਾਲ ਉਨ੍ਹਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਡਾ. ਮਹਿਲ ਸਿੰਘ ਨੇ ਕਿਹਾ ਕਿ ਵੰਡ ਦਾ ਦੁਖਾਂਤ ਤਤਕਾਲੀ ਸਿਆਸੀ ਆਗੂਆਂ ਦੀਆਂ ਗ਼ਲਤ ਨੀਤੀਆਂ ਕਰਕੇ ਵਾਪਰਿਆ। ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਹਿੰਦ-ਪਾਕਿ ਦੋਸਤੀ ਦਾ ਉਪਰਾਲਾ ਕੁਲਦੀਪ ਨਈਅਰ ਦੀ ਅਗਵਾਈ ਹੇਠ ਖਾਲਸਾ ਕਾਲਜ ਤੋਂ ਹੀ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ, ਇਸ ਨੂੰ ਜਾਰੀ ਰੱਖਣ ਲਈ ਅਸੀਂ ਪ੍ਰਤੀਬੱਧ ਹਾਂ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਪ੍ਰੋ. ਮੋਨਿਕਾ ਦੱਤ ਨੇ ਕਿਹਾ ਕਿ ਵੰਡ ਦਾ ਸੰਤਾਪ ਦੋਵੇਂ ਪੰਜਾਬਾਂ ਨੇ ਭੋਗਿਆ ਤੇ ਦੋਵੇਂ ਪੰਜਾਬ ਸਿਆਸਤ ਦੇ ਸ਼ਿਕਾਰ ਹੋਏ।
ਹਿੰਦੁਸਤਾਨ ਟਾਈਮਜ਼ ਦੇ ਪੱਤਰਕਾਰ ਵਿਨੋਦ ਸ਼ਰਮਾ ਨੇ ਕਿਹਾ ਕਿ ਸਾਂਝ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣੀਆਂ ਚਾਹੀਦੀਆਂ ਹਨ। ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚ ਆਵਾਜਾਈ ਸ਼ੁਰੂ ਹੋਣੀ ਚਾਹੀਦੀ ਹੈ, ਲੋਕ ਸ਼ਾਂਤ ਮਾਹੌਲ ਚਾਹੁੰਦੇ ਹਨ। ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਲੋਕਾਂ ਲਈ ਖ਼ਤਰਨਾਕ ਹੈ।
ਪੱਤਰਕਾਰ ਬਲਵਿੰਦਰ ਜੰਮੂ ਨੇ ਕਿਹਾ ਕਿ ਦੋਸਤੀ, ਭਾਈਚਾਰਕ ਸਾਂਝ ਲਈ ਯਤਨ ਜਾਰੀ ਰਹਿਣੇ ਚਾਹੀਦੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੁਝਾਅ ਦਿੱਤਾ ਕਿ ‘ਇਕ ਰਾਤ ਦੋਸਤੀ ਦੇ ਨਾਂ ਕਰੋ’ ਕਰਦਿਆਂ 14 ਅਗਸਤ ਦੀ ਹਰੇਕ ਰਾਤ ਨੂੰ ਸਰਹੱਦ ਨੇੜਲੇ ਪਿੰਡ ਬੈਟਰੀਆਂ ਨਾਲ ਰੌਸ਼ਨੀ ਉਸ ਪਾਸੇ ਭੇਜਣ।
ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਦੋਸਤੀ ਤੇ ਭਾਈਚਾਰਕ ਸਾਂਝ ਦੀ ਅੱਜ ਬਹੁਤ ਲੋੜ ਹੈ। ਪ੍ਰੋ. ਸੁਰਜੀਤ ਜੱਜ ਨੇ ਮੰਚ ਸੰਚਾਲਨ ਕੀਤਾ, ਫੋਕਲੋਰ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ‘ਪੰਜ ਪਾਣੀ’ ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …