
ਨਵੀਂ ਦਿੱਲੀ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਖੇਤੀ ਆਰਡੀਨੈਂਸਾਂ ਬਾਰੇ ਸੁਖਬੀਰ ਸਿੰਘ ਬਾਦਲ ‘ਤੇ ਗੁਮਰਾਹਕੁਨ ਬਿਆਨਬਾਜ਼ੀ ਕਰਨ ਦੇ ਦੋਸ਼ ਲਾਏ ਹਨ। ਭਗਵੰਤ ਮਾਨ ਨੇ ਸੁਖਬੀਰ ਸਿੰਘ ਨੂੰ ਝੂਠਾ ਤੇ ਗੱਪੀ ਕਰਾਰ ਦਿੰਦਿਆਂ ਕਿਹਾ ਕਿ ਆਰਡੀਨੈਂਸਾਂ ਬਾਰੇ ਗ਼ਲਤ ਬਿਆਨਬਾਜ਼ੀ ਕਰਕੇ ਉਨ੍ਹਾਂ ਨੇ ਸੰਸਦ ਦੇ ਮਾਣ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਖੇਤੀ ਆਰਡੀਨੈਂਸਾਂ ਦੀ ਜ਼ੋਰਦਾਰ ਵਕਾਲਤ ਕਰਦੇ ਆ ਰਹੇ ਬਾਦਲ ਅਚਾਨਕ ਵਿਰੋਧ ਕਰਨ ਲੱਗੇ ਹਨ, ਪਰ ਅਸਲੀਅਤ ਵਿਚ ਇਹ ਵਿਰੋਧ ਦਿਖਾਵੇ ਅਤੇ ਧੋਖੇ ਤੋਂ ਵੱਧ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਜਿਵੇਂ ਪਹਿਲਾਂ ਖੇਤੀ ਆਰਡੀਨੈਂਸਾਂ ਦੇ ਹੱਕ ਵਿਚ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਉਸੇ ਤਰ੍ਹਾਂ ਹੁਣ ਵਿਰੋਧ ਦਾ ਦਿਖਾਵਾ ਵੀ ਗੁਮਰਾਹ ਕਰਨ ਵਾਲਾ ਹੀ ਹੈ। ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ਵਿਚ ਮੰਗਲਵਾਰ ਨੂੰ ਪੇਸ਼ ਹੋਏ ਜ਼ਰੂਰੀ ਵਸਤਾਂ (ਸੋਧ) ਬਿੱਲ- 2020 ਦੇ ਵਿਰੋਧ ਵਿਚ ਵੋਟ ਪਾਉਣ ਦੇ ਦਾਅਵੇ ਨੂੰ ਝੂਠ ਕਰਾਰ ਦਿੱਤਾ। ਮਾਨ ਮੁਤਾਬਿਕ, ‘ਬੀਤੇ ਦਿਨ ਜ਼ਰੂਰੀ ਵਸਤਾਂ ਸੋਧ ਬਿੱਲ ‘ਤੇ ਵੋਟਿੰਗ ਹੀ ਨਹੀਂ ਕਰਵਾਈ ਗਈ। ਸਪੀਕਰ ਵੱਲੋਂ ਜੋ ਹੱਕ ਵਿਚ ਹਨ ਉਹ ਹਾਂ ਕਹਿਣ ਅਤੇ ਜੋ ਵਿਰੋਧ ਵਿਚ ਹਨ ਉਹ ਨਾਂਹ ਕਹਿਣ ਮੁਤਾਬਕ ਇਹ ਬਿੱਲ ਪਾਸ ਕੀਤਾ ਗਿਆ। ਅਸਲ ਵਿਚ ਸੁਖਬੀਰ ਬਾਦਲ ਨੇ ਨਾ ‘ਹਾਂ’ ਕਹੀ ਤੇ ਨਾ ‘ਨਾਂਹ’ ਕਹੀ, ਜਦਕਿ ਮੈਂ ਬੁਲੰਦ ਆਵਾਜ਼ ਵਿਚ ਬਿੱਲ ਦੇ ਵਿਰੋਧ ਵਿਚ ਨਾਂਹ ਕਹੀ ਸੀ।