ਭਾਰਤ ‘ਚ ਰਾਜਨੀਤੀ ਅਤੇ ਆਮ ਲੋਕਾਂ ‘ਚ ਵੱਡਾ ਫਾਸਲਾ : ਰਾਹੁਲ
ਕੈਲੀਫੋਰਨੀਆ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਅਮਰੀਕਾ ਪਹੁੰਚ ਕੇ ਭਾਰਤੀ ਜਨਤਾ ਪਾਰਟੀ ਦੀ ਸਖਤ ਆਲੋਚਨਾ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਮਾਣਹਾਨੀ ਦੇ ਮਾਮਲੇ ਵਿਚ ਸਭ ਤੋਂ ਵੱਧ ਸਜ਼ਾ ਮਿਲੇਗੀ ਅਤੇ ਸੰਸਦ ਮੈਂਬਰ ਵਜੋਂ ਆਯੋਗ ਕਰਾਰ ਦੇ ਦਿੱਤਾ ਜਾਵੇਗਾ। ਕੈਲੀਫੋਰਨੀਆ ਵਿਚ ਸਟੈਨਫੋਰਡ ਯੂਨੀਵਰਸਿਟੀ ਵਿਚ ਇਕ ਲੈਕਚਰ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਸੰਸਦ ਦੀ ਮੈਂਬਰਸ਼ਿਪ ਗੁਆ ਦਿੱਤੀ ਹੈ, ਪਰ ਇਸ ਨੇ ਮੈਨੂੰ ਕੰਮ ਕਰਨ ਦਾ ਬਹੁਤ ਮੌਕਾ ਦਿੱਤਾ। ਮੈਂ ਲੋਕਤੰਤਰ ਦੇ ਵਿਰੁੱਧ ਨਹੀਂ ਬੋਲ ਰਿਹਾ, ਮੈਂ ਉਨ੍ਹਾਂ ਪਵਿੱਤਰ ਸੁਤੰਤਰ ਸੰਸਥਾਵਾਂ ਬਾਰੇ ਗੱਲ ਕਰ ਰਿਹਾ ਹਾਂ, ਜਿਨ੍ਹਾਂ ਨੂੰ ਸਰਕਾਰ ਆਪਣੇ ਕਬਜ਼ੇ ਵਿਚ ਲੈ ਕੇ ਆਪਣੀ ਭੂਮਿਕਾ ਨੂੰ ਯਕੀਨੀ ਤੌਰ ‘ਤੇ ਬਦਲਣਾ ਚਾਹੁੰਦੀ ਹੈ। ਰਾਹੁਲ ਨੇ ਕਿਹਾ ਕਿ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਮਾਣਹਾਨੀ ਲਈ ਵੱਧ ਤੋਂ ਵੱਧ ਸਜ਼ਾ ਮਿਲੇਗੀ ਅਤੇ ਮੈਨੂੰ ਆਯੋਗ ਕਰਾਰ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸੰਸਥਾਵਾਂ ਨੂੰ ਖਤਰੇ ਵਿਚ ਦੇਖ ਕੇ ਹੀ ਅਸੀਂ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਯਾਤਰਾ ਦੌਰਾਨ ਖੇਤੀ ਤੋਂ ਲੈ ਕੇ ਹੈਲਥ ਕੇਅਰ ਅਤੇ ਸਿੱਖਿਆ ਦੇ ਬਾਰੇ ਵਿਚ ਲੋਕਾਂ ਨੂੰ ਦੱਸਿਆ। ਰਾਹੁਲ ਨੇ ਕਿਹਾ ਕਿ ਭਾਰਤ ਵਿਚ ਰਾਜਨੀਤੀ ਅਤੇ ਆਮ ਲੋਕਾਂ ਵਿਚ ਇਕ ਵੱਡਾ ਫਾਸਲਾ ਹੈ। ਰਾਹੁਲ ਨੇ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਕੈਂਪਸ ‘ਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਵਿਦਿਆਰਥੀਆਂ ਨੇ ਰਾਹੁਲ ਨੂੰ ਪੁੱਛਿਆ ਕਿ ਤੁਸੀਂ ਅਗਲੇ ਪੰਜ ਤੋਂ ਦਸ ਸਾਲਾਂ ਵਿੱਚ ਭਾਰਤ ਅਤੇ ਚੀਨ ਦੇ ਸਬੰਧਾਂ ਨੂੰ ਕਿਵੇਂ ਦੇਖਦੇ ਹੋ? ਇਸ ਦੇ ਜੁਆਬ ਵਿਚ ਕਾਂਗਰਸ ਨੇਤਾ ਨੇ ਕਿਹਾ ਕਿ ਹਾਲਾਤ ਠੀਕ ਨਹੀਂ, ਚੀਨ ਨੇ ਸਾਡੇ ਕੁਝ ਖੇਤਰ ‘ਤੇ ਕਬਜ਼ਾ ਕਰ ਲਿਆ ਹੈ ਅਤੇ ਸਬੰਧ ਸੌਖੇ ਨਹੀਂ ਹਨ।