ਯੂਪੀਏ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਦੇਵੇਗੀ ਟੱਕਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਲੇ ਮਹੀਨੇ ਯਾਨੀ ਆਉਂਦੀ 25 ਜੁਲਾਈ ਨੂੰ ਭਾਰਤ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ। ਜਿਸ ਦੇ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ 29 ਜੂਨ ਨਾਮਜ਼ਦਗੀ ਪੇਪਰ ਦਾਖਲ ਕਰਨ ਦੀ ਆਖਰੀ ਤਰੀਕ ਹੈ। ਇਸ ਦੇ ਚਲਦਿਆਂ ਐਨਡੀਏ ਨੇ ਝਾਰਖੰਡ ਦੀ ਰਾਜਪਾਲ ਰਹਿ ਚੁੱਕੀ ਦਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਇਆ ਹੈ। ਦਰੌਪਦੀ ਮੁਰਮੂ ਓੜੀਸਾ ਤੋਂ ਆਉਣ ਵਾਲੀ ਆਦਿਵਾਸੀ ਆਗੂ ਹੈ ਅਤੇ ਉਹ ਝਾਰਖੰਡ ਦੇ ਨੌਵੇਂ ਰਾਜਪਾਲ ਵੀ ਰਹਿ ਚੁੱਕੇ ਹਨ। ਦਰੌਪਦੀ ਓੜੀਸਾ ਦੇ ਰਾਏਰੰਗਪੁਰ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਜਦਕਿ ਵਿਰੋਧੀ ਧਿਰਾਂ ਨੇ ਸਾਬਕਾ ਭਾਜਪਾ ਆਗੂ ਅਤੇ ਟੀਐਮਸੀ ਤੋਂ ਅਸਤੀਫ਼ਾ ਦੇ ਚੁੱਕੇ ਯਸ਼ਵੰਤ ਸਿਨਹਾ ਨੂੰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਇਆ ਹੈ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਰਬਸੰਮਤੀ ਨਾਲ ਯਸ਼ਵੰਤ ਸਿਨਹਾ ਨੂੰ 18 ਜੁਲਾਈ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਵਿਰੋਧੀ ਧਿਰਾਂ ਦੇ ਉਮੀਦਵਾਰ ਦੇ ਰੂਪ ਵਿਚ ਚੁਣਿਆ ਹੈ। ਉਹ ਭਾਰਤ ਦੇ ਧਰਮ ਨਿਰਪੱਖ ਲੋਕਤੰਤਰਿਕ ਤਾਣੇ-ਬਾਣੇ ਨੂੰ ਕਾਇਮ ਰੱਖਣ ਲਈ ਯੋਗ ਉਮੀਦਵਾਰ ਹਨ।