Breaking News
Home / ਸੰਪਾਦਕੀ / ਭਾਰਤ ‘ਚ ਵਿਰੋਧੀ ਧਿਰਾਂ ਵਲੋਂ ਤਾਕਤਵਰ ਹੋਣ ਲਈ ਮਸ਼ਕਾਂ!

ਭਾਰਤ ‘ਚ ਵਿਰੋਧੀ ਧਿਰਾਂ ਵਲੋਂ ਤਾਕਤਵਰ ਹੋਣ ਲਈ ਮਸ਼ਕਾਂ!

ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਦੀ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਹੋਈ ਦੋ ਦਿਨਾਂ ਦੀ ਮੀਟਿੰਗ ਨੂੰ ਕਈ ਪੱਖਾਂ ਤੋਂ ਪ੍ਰਭਾਵਸ਼ਾਲੀ ਮੰਨਿਆ ਜਾ ਸਕਦਾ ਹੈ। ਇਸ ਨੇ ਦੇਸ਼ ਦੇ ਸਿਆਸੀ ਮੰਚ ‘ਤੇ ਇਕ ਨਵੀਂ ਉਮੀਦ ਪੈਦਾ ਕੀਤੀ ਹੈ। ਇਸ ਤੋਂ ਪਹਿਲਾਂ 23 ਜੂਨ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਅਜਿਹੀ ਹੀ ਮੀਟਿੰਗ ਸੱਦੀ ਗਈ ਸੀ, ਜਿਸ ਵਿਚ 15 ਵਿਰੋਧੀ ਪਾਰਟੀਆਂ ਦੇ ਆਗੂ ਸ਼ਾਮਿਲ ਹੋਏ ਸਨ। ਇਸ ਵਾਰ ਪਾਰਟੀਆਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਬਿਹਾਰ ਵਿਚ ਜਨਤਾ ਦਲ (ਯੂ) ਦੀ ਅਗਵਾਈ ਵਿਚ ਨਿਤੀਸ਼ ਕੁਮਾਰ ਮੁੱਖ ਮੰਤਰੀ ਹਨ ਅਤੇ ਕਰਨਾਟਕ ਵਿਚ ਕਾਂਗਰਸ ਨੇ ਕੁਝ ਮਹੀਨੇ ਪਹਿਲਾਂ ਹੀ ਸੱਤਾ ਪ੍ਰਾਪਤ ਕੀਤੀ ਹੈ। ਇਸ ਮੀਟਿੰਗ ਦੀ ਇਸ ਭਾਵਨਾ ਦੀ ਪ੍ਰਸ਼ੰਸਾ ਕੀਤੀ ਜਾ ਸਕਦੀ ਹੈ ਕਿ ਆਪਣੇ ਅਨੇਕਾਂ ਤਰ੍ਹਾਂ ਦੇ ਵਖਰੇਵਿਆਂ ਦੇ ਬਾਵਜੂਦ ਵੀ ਇਸ ਵਿਚ ਇਕ ਰਾਜਨੀਤਕ ਸੁਰ ਦਿਖਾਈ ਦਿੱਤੀ ਹੈ। ਵੱਖ-ਵੱਖ ਪ੍ਰਾਂਤਾਂ ਵਿਚ ਇਨ੍ਹਾਂ ਪਾਰਟੀਆਂ ਦਾ ਅਕਸਰ ਸਿਆਸੀ ਟਕਰਾਅ ਵੀ ਚਲਦਾ ਰਿਹਾ ਹੈ। ਪੱਛਮੀ ਬੰਗਾਲ ਵਿਚ ਮਾਰਕਸੀ ਪਾਰਟੀ ਮਮਤਾ ਬੈਨਰਜੀ ਦੇ ਰਾਜ ਤੋਂ ਵਧੇਰੇ ਦੁਖੀ ਨਜ਼ਰ ਆਉਂਦੀ ਹੈ। ਇਸ ਸੰਬੰਧੀ ਪਾਰਟੀ ਦੇ ਆਗੂ ਸੀਤਾ ਰਾਮ ਯੇਚੁਰੀ ਨੇ ਇਥੋਂ ਤੱਕ ਵੀ ਕਿਹਾ ਹੈ ਕਿ ਉਹ ਇਕ ਮੰਚ ‘ਤੇ ਮਮਤਾ ਨਾਲ ਬੈਠਣ ਲਈ ਤਿਆਰ ਨਹੀਂ ਹਨ।
ਇਸੇ ਹੀ ਤਰ੍ਹਾਂ ਪੰਜਾਬ ਵਿਚ ਸੂਬਾ ਕਾਂਗਰਸ, ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਤੋਂ ਬੇਹੱਦ ਪ੍ਰੇਸ਼ਾਨ ਨਜ਼ਰ ਆਉਂਦੀ ਹੈ, ਕਿਉਂਕਿ ਹਰ ਦਿਨ ਹੀ ਉਨ੍ਹਾਂ ਦੇ ਕਿਸੇ ਨਾ ਕਿਸੇ ਆਗੂ ਨੂੰ ਵਿਜੀਲੈਂਸ ਦੇ ਕਟਹਿਰੇ ਵਿਚ ਖੜ੍ਹਾ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਸੰਬੰਧੀ ਸੂਬੇ ਦੇ ਵੱਡੇ ਆਗੂ ਆਪਣੇ ਕੇਂਦਰੀ ਆਗੂਆਂ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਅਰਵਿੰਦ ਕੇਜਰੀਵਾਲ ਨਾਲ ਕੋਈ ਗੱਠਜੋੜ ਜਾਂ ਸਮਝੌਤਾ ਨਾ ਕਰਨ ਸੰਬੰਧੀ ਆਪਣਾ ਪੱਖ ਦੱਸ ਕੇ ਅਜਿਹੀ ਸੰਭਾਵਨਾ ‘ਤੇ ਨਾਰਾਜ਼ਗੀ ਪ੍ਰਗਟਾਈ ਸੀ। ਇਸੇ ਹੀ ਤਰ੍ਹਾਂ ਇਸ ਮੀਟਿੰਗ ਵਿਚ ਕਾਫ਼ੀ ਹੋਰ ਅਜਿਹੀਆਂ ਪਾਰਟੀਆਂ ਵੀ ਸ਼ਾਮਿਲ ਹਨ, ਜੋ ਸਿਧਾਂਤਕ ਤੌਰ ‘ਤੇ ਵੱਖੋ-ਵੱਖ ਖੜ੍ਹੀਆਂ ਦਿਖਾਈ ਦਿੰਦੀਆਂ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਉਨ੍ਹਾਂ ਦਾ ਇਕ ਸੁਰ ਹੋਣਾ ਅਜਿਹਾ ਪ੍ਰਭਾਵ ਜ਼ਰੂਰ ਦਿੰਦਾ ਹੈ ਕਿ ਉਹ ਆਉਂਦੇ ਸਾਲ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਸਰਕਾਰ ਨਾਲ ਪੂਰਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰ ਰਹੀਆਂ ਹਨ। ਬੈਂਗਲੁਰੂ ਦੀ ਦੂਸਰੀ ਮੀਟਿੰਗ ਵਿਚ ਜੋ ਕੁਝ ਫ਼ੈਸਲੇ ਲਏ ਗਏ ਹਨ ਉਨ੍ਹਾਂ ਤੋਂ ਇਹ ਵੀ ਜਾਪਦਾ ਹੈ ਕਿ ਇਹ ਪਾਰਟੀਆਂ ਆਉਂਦੇ ਸਮੇਂ ਵਿਚ ਵੱਡੀ ਹੱਦ ਤੱਕ ਇਕਜੁਟ ਰਹਿਣ ਦਾ ਯਤਨ ਕਰ ਸਕਦੀਆਂ ਹਨ। ਇਸ ਵਿਚ 11 ਮੈਂਬਰੀ ਆਪਸੀ ਤਾਲਮੇਲ ਕਮੇਟੀ ਬਣਾਉਣ ਦਾ ਫ਼ੈਸਲਾ ਕਰਨਾ, ਸੰਭਾਵੀ ਗੱਠਜੋੜ ਦੇ ਇਕ ਨਾਂਅ ‘ਤੇ ਸਹਿਮਤੀ ਬਣਾਉਣਾ, ਆਪਣਾ ਸਾਂਝਾ ਕੇਂਦਰੀ ਦਫ਼ਤਰ ਕਾਇਮ ਕਰਨਾ, ਪ੍ਰਚਾਰ ਤੇ ਹੋਰ ਵੱਖ-ਵੱਖ ਖੇਤਰਾਂ ਲਈ ਕਮੇਟੀਆਂ ਬਣਾਉਣ ਦੀ ਗੱਲ ਕਰਨਾ ਆਦਿ ਅਮਲਾਂ ਤੋਂ ਇਨ੍ਹਾਂ ਸਿਆਸੀ ਪਾਰਟੀਆਂ ਦੀ ਕੌਮੀ ਪੱਧਰ ‘ਤੇ ਇਕ ਰਾਜਨੀਤਕ ਬਦਲ ਖੜ੍ਹਾ ਕਰਨ ਸੰਬੰਧੀ ਗੰਭੀਰ ਪ੍ਰਤੀਬੱਧਤਾ ਨਜ਼ਰ ਆਉਂਦੀ ਹੈ।
ਇਸ ਮੀਟਿੰਗ ਵਿਚ ਸਿਧਾਂਤਕ ਪੱਖ ਤੋਂ ਵੀ ਭਾਜਪਾ ਦੀ ਪਹੁੰਚ ਨਾਲੋਂ ਨਿਖੇੜਾ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਆਉਂਦੇ ਸਮੇਂ ਵਿਚ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨ, ਵੱਖ-ਵੱਖ ਭਾਈਚਾਰਿਆਂ ਨਾਲ ਇਕੋ ਜਿਹਾ ਵਿਵਹਾਰ ਕਰਨ ਅਤੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਨ ਵਿਚ ਵੱਡਾ ਵਜ਼ਨ ਜਾਪਦਾ ਹੈ। ਜਿਥੇ ਇਸ ਦੂਸਰੀ ਮੀਟਿੰਗ ਨੂੰ ਪ੍ਰਭਾਵਸ਼ਾਲੀ ਸਮਝਿਆ ਜਾ ਰਿਹਾ ਗੈ, ਉਥੇ ਇਸ ਗੱਲ ਬਾਰੇ ਅਜੇ ਵੀ ਸ਼ੰਕਾ ਬਣੀ ਹੋਈ ਹੈ ਕਿ ਅਮਲੀ ਰੂਪ ਵਿਚ ਇਹ ਦੋ ਦਰਜਨ ਪਾਰਟੀਆਂ ਕਿੰਨੀ ਕੁ ਦੇਰ ਇਕ ਸੁਰ ਰਹਿ ਸਕਣਗੀਆਂ? ਇਸ ਲਈ ਇਨ੍ਹਾਂ ਨੂੰ ਆਉਂਦੇ ਸਮੇਂ ਵਿਚ ਬੇਹੱਦ ਜ਼ਾਬਤੇ ਵਿਚ ਰਹਿ ਕੇ ਕਦਮ ਉਠਾਉਣ ਦੀ ਜ਼ਰੂਰਤ ਹੋਵੇਗੀ।

 

Check Also

ਗੈਰ-ਕਾਨੂੰਨੀ ਪਰਵਾਸ

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 104 ਭਾਰਤੀਆਂ ਨੂੰ ਟਰੰਪ ਪ੍ਰਸ਼ਾਸਨ ਵਲੋਂ ਹਥਕੜੀਆਂ ਵਿਚ ਜਕੜ ਕੇ …