Breaking News
Home / ਨਜ਼ਰੀਆ / ਪੌਣ-ਪਾਣੀ ਤਬਦੀਲੀ, ਮਨੁੱਖੀ ਜੀਵਨ ਅਤੇ ਕੁਦਰਤ ਨਾਲ ਖਿਲਵਾੜ

ਪੌਣ-ਪਾਣੀ ਤਬਦੀਲੀ, ਮਨੁੱਖੀ ਜੀਵਨ ਅਤੇ ਕੁਦਰਤ ਨਾਲ ਖਿਲਵਾੜ

ਗੁਰਮੀਤ ਪਲਾਹੀ
ਕੁਝ ਦਿਨ ਪਹਿਲਾਂ ਮੌਸਮ ਵਿਭਾਗ ਵੱਲੋਂ ਦੇਸ਼ ‘ਚ ਭਰਵੇਂ ਮੀਂਹ ਪੈਣ ਅਤੇ ਕੁਝ ਹਿੱਸਿਆਂ ‘ਚ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਗਈ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਪੰਜਾਬ ਵਿੱਚ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਗੜੇਮਾਰੀ ਵੀ ਹੋਈ ਹੈ।
ਜ਼ਿਆਦਾ ਮੀਂਹ ਕਾਰਨ ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਹਨ ਅਤੇ ਇਥੇ ਜਨ-ਜੀਵਨ ਬਦ ਤੋਂ ਬਦਤਰ ਹੋ ਗਿਆ ਹੈ। ਗੁਜਰਾਤ, ਆਸਾਮ, ਉੜੀਸਾ, ਰਾਜਸਥਾਨ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ‘ਚ ਤਾਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ।ઠਦੇਸ਼ ਦੇઠਕਈ ਹਿੱਸਿਆਂ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇ-ਨਜ਼ਰ ਉੱਚ-ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।
ਦੇਸ਼ ਵਿੱਚ ਕੁਝ ਥਾਂ ਇਹੋ ਜਿਹੇ ਹਨ, ਜਿੱਥੇ ਇੱਕ ਹੀ ਇਲਾਕੇ ਦੇ ਲੋਕਾਂ ਨੂੰ ਕਦੇ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਦੇ ਭਾਰੀ ਮੀਂਹ ਦਾ। ਸਰਕਾਰ ਵੱਲੋਂ ਵਿਕਾਸ ਦੀਆਂ ਯੋਜਨਾਵਾਂ ਲਾਗੂ ਕਰਦਿਆਂ ਅੰਨ੍ਹੇਵਾਹ ਜੰਗਲ ਕੱਟੇ ਜਾ ਰਹੇ ਹਨ, ਪਰ ਨਵੇਂ ਦਰੱਖ਼ਤ ਲਗਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਕੁਦਰਤ ਨਾਲ ਖਿਲਵਾੜ ਕਰਨ ਦੇ ਕਾਰਨ ਦੇਸ਼ ਵਿੱਚ ਮਾਰੂ ਸਥਿਤੀ ਪੈਦਾ ਹੋ ਰਹੀ ਹੈ। ਦਰੱਖ਼ਤਾਂ ਦੀ ਕੱਟ-ਕਟਾਈ ਨਾਲ ਮੌਨਸੂਨ ਪ੍ਰਭਾਵਤ ਹੋ ਰਿਹਾ ਹੈ। ਖੇਤੀ ਪੈਦਾਵਾਰ ਉੱਤੇ ਅਸਰ ਪੈਣਾ ਤਾਂ ਫਿਰ ਲਾਜ਼ਮੀ ਸੀ। ਨਦੀਆਂ ਨਾਲ ਧਰਤੀ ਦੇ ਕਟਾਅ ਵਿੱਚ ਵੀ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਹੜ੍ਹ ਅਤੇ ਸੋਕਾ ਮੁੱਢ-ਕਦੀਮ ਤੋਂ ਮਨੁੱਖੀ ਅਤੇ ਪਸ਼ੂ-ਪੰਛੀਆਂ ਦੇ ਜੀਵਨ ਨੂੰ ਪ੍ਰੇਸ਼ਾਨੀ ‘ਚ ਪਾਉਂਦੇ ਰਹੇ ਹਨ। ਸੋਕਾ ਅਤੇ ਹੜ੍ਹ ਸਿਰਫ਼ ਕੁਦਰਤੀ ਆਫ਼ਤਾਂ ਹੀ ਨਹੀਂ ਹਨ, ਇਹ ਕੁਦਰਤ ਵੱਲੋਂ ਦਿੱਤੀਆਂ ਜਾ ਰਹੀਆਂ ਚੇਤਾਵਨੀਆਂ ਵੀ ਹਨ, ਪਰ ਮਨੁੱਖ ਇਹਨਾਂ ਚਿਤਾਵਨੀਆਂ ਨੂੰ ਸਮਝ ਹੀ ਨਹੀਂ ਰਿਹਾ, ਤੇ ਇਹ ਇਸ ਗੱਲ ਦੇ ਬਾਵਜੂਦ ਕਿ ਅੱਜ ਦਾ ਮਨੁੱਖ ਪੁਰਾਣੇ ਸਮੇਂ ਦੇ ਮਨੁੱਖ ਨਾਲੋਂ ਆਪਣੇ ਆਪ ਨੂੰ ਵੱਧ ਸੱਭਿਅਕ ਅਤੇ ਸਿਆਣਾ ਸਮਝ ਰਿਹਾ ਹੈ। ਇਹ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਪਹਿਲਾਂ ਤੋਂ ਵੱਧ ਪੜ੍ਹਿਆ ਮਨੁੱਖ ਸਮਾਜ ਵਿੱਚ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਜੀਵਨ ਜਿਉਣ ਦੀ ਸਮਝਦਾਰੀ ਵਿਕਸਤ ਨਹੀਂ ਕਰ ਪਾ ਰਿਹਾ।
ਮਨੁੱਖ ਵੱਲੋਂ ਹਵਾ ਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਮੋਟਰ-ਕਾਰਾਂ ਤੇ ਹੋਰ ਵਹੀਕਲਾਂ ਦੀ ਵਰਤੋਂ ਦੇ ਨਾਲ-ਨਾਲ ਏਅਰ-ਕੰਡੀਸ਼ਨਰਾਂ ਦੀ ਵਰਤੋਂ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ।ઠਪਾਣੀ ਦਾ ਪ੍ਰਦੂਸ਼ਣ ਫੈਲਾਉਣ ਵਿੱਚ ਤਾਂ ਮਨੁੱਖ ਨੇ ਜਿਵੇਂ ਅੱਤ ਹੀ ਚੁੱਕੀ ਹੋਈ ਹੈ।ઠਕਚਰਾઠਧਰਤੀ ‘ਤੇ ਸ਼ਰੇਆਮ ਸੁੱਟਿਆ ਜਾ ਰਿਹਾ ਹੈ। ਕਚਰੇ ਤੋਂ ਇਲਾਵਾ ਮਨੁੱਖੀ ਜੀਵਨ ਵਿੱਚ ਪਲਾਸਟਿਕ ਨੇ ਜਿਵੇਂ ਥਾਂ ਬਣਾ ਲਈ ਹੈ, ਉਹ ਵੀ ਪ੍ਰਦੂਸ਼ਣ ਲਈ ਵੱਡੀ ਚਿਤਾਵਨੀ ਬਣਿਆ ਹੋਇਆ ਹੈ। 1.60 ਲੱਖ ਪਲਾਸਟਿਕ ਬੈਗਾਂ ਦਾ ਹਰ ਸੈਕਿੰਡ ਵਿੱਚ ਉਤਪਾਦਨ ਹੋ ਰਿਹਾ ਹੈ। 5 ਟ੍ਰਿਲੀਅਨ ਪਲਾਸਟਿਕ ਬੈਗ ਹਰ ਸਾਲ ਵਰਤੋਂ ‘ਚ ਆਉਂਦੇ ਹਨ। ਇਹ ਜਾਣਦਿਆਂ ਹੋਇਆਂ ਵੀ ਕਿ ਪਲਾਸਟਿਕ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਲਈ 1000 ਸਾਲ ਲੱਗਦੇ ਹਨ, ਫਿਰ ਵੀ ਇਹਨਾਂ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ।
ਸੰਨ 1950 ਤੋਂ ਸੰਨ 2015 ਤੱਕ ਮਨੁੱਖ ਨੇ ਧਰਤੀ ਉੱਤੇ 8.3 ਅਰਬ ਟਨ ਪਲਾਸਟਿਕ ਦਾ ਉਤਪਾਦਨ ਕੀਤਾ। ਇਸ ਪਲਾਸਟਿਕ ਵਿੱਚੋਂ 6.3 ਅਰਬ ਟਨ ਪਲਾਸਟਿਕ ਜਾਂ ਤਾਂ ਧਰਤੀ ‘ਤੇ ਡੰਪ ਕੀਤਾ ਜਾ ਰਿਹਾ ਹੈ ਜਾਂ ਸਾਡੇ ਵਾਤਾਵਰਣ ਵਿੱਚ ਮੌਜੂਦ ਪਿਆ ਹੈ। ਇਸ ਵਿੱਚੋਂ ਸਿਰਫ਼ 9 ਫ਼ੀਸਦੀ ਨੂੰ ਹੀ ਰੀਸਾਈਕਲ (ਮੁੜ-ਵਰਤੋਂ) ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੀ ਇੱਕ ਖੋਜ ਅਨੁਸਾਰ 2050 ਤੱਕ 12 ਅਰਬ ਟਨ ਪਲਾਸਟਿਕ ਧਰਤੀ ‘ਤੇ ਡੰਪ ਕੀਤਾ ਜਾਵੇਗਾ ਜਾਂ ਵਾਤਾਵਰਣ ‘ਚ ਮੌਜੂਦ ਹੋਵੇਗਾ। ਕਿਉਂਕਿ ਵੱਡੀ ਮਾਤਰਾ ‘ਚ ਪਲਾਸਟਿਕ ਨੂੰ ਕੁਦਰਤੀ ਤਰੀਕੇ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ, ਇਸ ਲਈ ਇਹ ਸੈਂਕੜੇ ਜਾਂ ਹਜ਼ਾਰਾਂ ਸਾਲਾਂ ਤੱਕ ਮਨੁੱਖ ਦਾ ਪਿੱਛਾ ਨਹੀਂ ਛੱਡੇਗਾ। ‘ਸਾਇੰਸ ਐਡਵਾਂਸ’ ਨਾਂਅ ਦੇ ਇੱਕ ਮੈਗਜ਼ੀਨ ‘ਚ ਛਪੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ 1950 ‘ਚ ਜਿੱਥੇ 20 ਲੱਖ ਟਨ ਪਲਾਸਟਿਕ ਹਰ ਸਾਲ ਪੈਦਾ ਕੀਤਾ ਜਾਂਦਾ ਸੀ, ਉਥੇ 2015 ਵਿੱਚ ਇਹ ਮਾਤਰਾ 40 ਕਰੋੜ ਟਨ ਪ੍ਰਤੀ ਸਾਲ ਤੱਕ ਪਹੁੰਚ ਗਈ ਹੈ। ਇਸ ਸਾਰੇ ਪ੍ਰਦੂਸ਼ਣ ਦਾ ਅਸਰ ਪੌਣ-ਪਾਣੀ ਤਬਦੀਲੀ ਉੱਤੇ ਪੈ ਰਿਹਾ ਹੈ।
ਪੌਣ-ਪਾਣੀ ਤਬਦੀਲੀ, ਭਾਵ ਕਲਾਈਮੇਟ ਚੇਂਜ ਕਾਰਨ ਦੁਨੀਆ ਅਜਿਹੇ ਮੋੜ ‘ਤੇ ਆ ਖੜੀ ਹੈ, ਜਿੱਥੋਂ ਪਿੱਛੇ ਆਉਣਾ ਜਾਂ ਇਸ ਨੂੰ ਸੁਧਾਰ ਸਕਣਾ ਸੰਭਵ ਹੀ ਨਹੀਂ ਹੈ। ਇੱਕ ਖੋਜ ਮੁਤਾਬਕ ਮਨੁੱਖ ਦੀਆਂ ਗ਼ੈਰ-ਕੁਦਰਤੀ ਕਾਰਵਾਈਆਂ ਕਾਰਨ ਦੁਨੀਆ ਅਜਿਹੇ ਪੜਾਅ ਉੱਤੇ ਪੁੱਜ ਜਾਵੇਗੀ, ਜਿੱਥੇ ਪੌਣ-ਪਾਣੀ ਬਦਲਾਅ ਕਾਰਨ ਨਿਕਲਣ ਵਾਲੇ ਖ਼ਤਰਨਾਕ ਅਤੇ ਵਿਨਾਸ਼ਕਾਰੀ ਨਤੀਜਿਆਂ ਨੂੰ ਰੋਕ ਸਕਣਾ ਸੰਭਵ ਹੀ ਨਹੀਂ ਰਹੇਗਾ। ਇਸ ਖੋਜ ਅਨੁਸਾਰ ਕਾਰਬਨ ਗੈਸਾਂ ਦੇ ਨਿਕਾਸ ਨੂੰ ਘਟਾਉਣ ਦਾ ਯਤਨ ਨਹੀਂ ਹੋ ਰਿਹਾ। ਜੇਕਰ ਕਾਰਬਨ ਗੈਸਾਂ ਘਟਾਉਣ ਦਾ ਵੱਧ ਤੋਂ ਵੱਧ ਯਤਨ ਕੀਤਾ ਵੀ ਜਾਵੇਗਾ, ਤਦ ਵੀ 90 ਫ਼ੀਸਦੀ ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਸਦੀ ਦੇ ਅੰਤ ਤੱਕ ਧਰਤੀ ਦੇ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ‘ਚ ਸੋਕਾ ਪਵੇਗਾ, ਤਾਪਮਾਨ ‘ਚ ਬਹੁਤ ਜ਼ਿਆਦਾ ਤਬਦੀਲੀਆਂ ਆਉਣਗੀਆਂ ਤੇઠਸਮੁੰਦਰ ਦੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਪੁੱਜ ਜਾਵੇਗਾ।ઠ
ਪੈਰਿਸ ਕਲਾਈਮੇਟ ਐਗਰੀਮੈਂਟ (ਦੁਨੀਆ ਭਰ ਦੇ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਸਮੇਂ) ‘ਚ ਦੁਨੀਆ ਭਰ ਦੇ ਦੇਸ਼ਾਂ ਨੇ ਧਰਤੀ ਦੇ ਤਾਪਮਾਨ ਨੂੰ ਡੇਢ ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਦਾ ਟੀਚਾ ਤੈਅ ਕੀਤਾ ਸੀ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮਕਸਦ ਦਾ ਨਾਕਾਮ ਹੋਣਾ ਤੈਅ ਹੈ। ਉਹਨਾਂ ਅਨੁਸਾਰ ਧਰਤੀ ਦੀ ਜਨਸੰਖਿਆ ਵਧ ਰਹੀ ਹੈ, ਵਿਕਾਸ ਤੇ ਆਰਥਿਕ ਗਤੀਵਿਧੀਆਂ ਨਾਲ ਸੰਬੰਧਤ ਕੰਮਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਪਿਛਲੇ 50 ਸਾਲਾਂ ਦੇ ਅੰਕੜਿਆਂ ਦੇ ਅਧਿਐਨ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ 99 ਫ਼ੀਸਦੀ ਸੰਭਾਵਨਾ ਹੈ ਕਿ ਤਾਪਮਾਨ ‘ਚ ਵਾਧੇ ਦਾ ਰਿਕਾਰਡ ਪੈਰਿਸ ਡੀਲ ‘ਚ ਤੈਅ ਕੀਤੇ ਗਏ ਤਾਪਮਾਨ ਨੂੰ ਪਾਰ ਕਰ ਜਾਵੇਗਾ। ਤਾਪਮਾਨ ‘ਚ ਵਾਧੇ ਦਾ ਸਿੱਟਾ ਧਰਤੀ ‘ਤੇ ਜੀਵਨ ਜੀਅ ਰਹੇ ਮਨੁੱਖ ਨੂੰ ਭੁਗਤਣਾ ਪਵੇਗਾ, ਜੋ ਜੀਵਨ ਲਈ ਅਤਿਅੰਤ ਘਾਤਕ ਸਾਬਤ ਹੋਵੇਗਾ।
ਭਾਰਤ ਵੀ ਇਸ ਗਲੋਬਲ ਵਾਰਮਿੰਗ ਦੇ ਅਸਰ ਤੋਂ ਬਚੇਗਾ ਨਹੀਂ। ਭਾਰਤ ਨੂੰ ਲਗਾਤਾਰ ਸੋਕੇ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ઠਸੋਕੇ ਨਾਲ ਲੋਕਾਂ ਦਾ ਜੀਵਨ ਪ੍ਰਭਾਵਤ ਹੁੰਦਾ ਹੈ। ਵੱਡੀ ਗਿਣਤੀ ਵਿੱਚ ਲੋਕ ਹੜ੍ਹਾਂ ਨਾਲ ਮਰਦੇ ਹਨ। ਸੰਨ 1950 ਵਿੱਚ ਸਾਡੇ ਦੇਸ਼ ਵਿੱਚ ਲੱਗਭੱਗ ਢਾਈ ਕਰੋੜ ਹੈਕਟੇਅਰ ਜ਼ਮੀਨ ਇਹੋ ਜਿਹੀ ਸੀ, ਜਿੱਥੇ ਹੜ੍ਹ ਆਉਂਦੇ ਸਨ, ਪਰ ਹੁਣ ਸੱਤ ਕਰੋੜ ਹੈਕਟੇਅਰ ਧਰਤੀ ਉੱਤੇ ਹੜ੍ਹ ਆਉਣ ਲੱਗੇ ਹਨ। ਦੇਸ਼ ਵਿੱਚ ਕੇਵਲ ਚਾਰ ਮਹੀਨੇ ਇਹੋ ਜਿਹੇ ਹੁੰਦੇ ਹਨ, ਜਦੋਂ ਮੀਂਹ ਪੈਂਦੇ ਹਨ, ਪਰ ਮੀਂਹ ਪੈਣ ਦੇ ਅਮਲ ਵਿੱਚ ਅਸਮਾਨਤਾ ਹੁੰਦੀ ਹੈ; ਜਿਵੇਂ ਦੇਸ਼ ਦੇ ਇੱਕ ਹਿੱਸੇ ‘ਚ ਤਾਂ ਸੋਕਾ ਹੁੰਦਾ ਹੈ, ਪਰ ਦੂਜੇ ਹਿੱਸੇ ‘ਚ ਹੜ੍ਹ ਆਏ ਹੁੰਦੇ ਹਨ।
ਰਾਸ਼ਟਰੀ ਹੜ੍ਹ ਆਯੋਗ ਦੀ ਰਿਪੋਰਟ ਦੇ ਅਨੁਸਾਰ ਸਾਡੇ ਦੇਸ਼ ‘ਚ ਹੜ੍ਹ ਦੇ ਕਾਰਨ ਹਰ ਸਾਲ ਲਗਭੱਗ ਇੱਕ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਪੂਰੀ ਦੁਨੀਆ ‘ਚ ਹੜ੍ਹਾਂ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਹਨ, ਉਹਨਾ ਦਾ ਪੰਜਵਾਂ ਹਿੱਸਾ ਭਾਰਤ ‘ਚ ਹੁੰਦੀਆਂ ਹਨ। ਇਸ ਵੇਲੇ ਚੀਨ, ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ ਵੀ ਭਾਰਤ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।ઠਵਾਤਾਵਰਣ ਬਦਲਾਅ ਨਾਲ ਅਗਲੇ ਕੁਝ ਦਹਾਕਿਆਂ ‘ਚ ਦੱਖਣੀ ਏਸ਼ੀਆ ਦਾ ਇਲਾਕਾ ਸ਼ਾਇਦ ਲੋਕਾਂ ਤੇ ਜੀਵਾਂ ਦੇ ਰਹਿਣ ਦੇ ਲਾਇਕ ਨਹੀਂ ਰਹੇਗਾ।
ਵਿਗਿਆਨੀਆਂ ਦਾ ਅਨੁਮਾਨ ਹੈ ਕਿ ਵਾਤਾਵਰਣ ਬਦਲਾਅ ਕਾਰਨ ਭਾਰਤ ਤੇ ਪਾਕਿਸਤਾਨ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ‘ਚ ਏਨੀਆਂ ਗਰਮ ਹਵਾਵਾਂ ਚੱਲਣਗੀਆਂ ਕਿ ਇੱਥੇ ਜੀਵਨ ਲੱਗਭੱਗ ਨਾਮੁਮਕਿਨ ਹੋ ਜਾਵੇਗਾ। ਤਾਪਮਾਨ ‘ਚ ਵਾਧੇ ਕਾਰਨ ਪੂਰੀ ਦੁਨੀਆ ‘ਚ ਏਨੀ ਗਰਮੀ ਤੇ ਹੁੰਮਸ ਹੋ ਜਾਵੇਗੀ ਕਿ ਹਾਲਾਤ ਬਰਦਾਸ਼ਤ ਤੋਂ ਬਾਹਰ ਹੋ ਜਾਣਗੇ। ਇਹਨਾਂ ਬਦਲੇ ਹੋਏ ਹਾਲਾਤ ‘ਚ ਜੀਵਨ ਅਸੰਭਵ ਜਿਹਾ ਹੋ ਜਾਵੇਗਾ। ਜਿਨ੍ਹਾਂ ਇਲਾਕਿਆਂ ‘ਤੇ ਇਸ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਹੋਵੇਗਾ, ਉਹਨਾਂ ‘ਚ ਉੱਤਰੀ ਭਾਰਤ, ਬੰਗਲਾਦੇਸ਼ ਤੇ ਦੱਖਣੀ ਪਾਕਿਸਤਾਨ ਸ਼ਾਮਲ ਹਨ। ਇਹਨਾਂ ਇਲਾਕਿਆਂ ਦੀ ਮੌਜੂਦਾ ਆਬਾਦੀ ਡੇਢ ਅਰਬ ਤੋਂ ਜ਼ਿਆਦਾ ਹੈ।
ਇੱਕ ਰਿਸਰਚ ਮੁਤਾਬਕ ਗਰਮੀ ਦਾ ਸਭ ਤੋਂ ਬੁਰਾ ਅਸਰ ਉਦੋਂ ਵੇਖਣ ਨੂੰ ਮਿਲਦਾ ਹੈ, ਜਦੋਂ ਤਾਪਮਾਨ ‘ਚ ਵਾਧੇ ਦੇ ਨਾਲ-ਨਾਲ ਹੁੰਮਸ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਨੂੰ ‘ਵੈੱਟ ਬਲਬ’ ਤਾਪਮਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਤਰੀਕੇ ਨਾਲ ਗਣਨਾ ਕਰਨ ‘ਤੇ ਨਮੀ ਦੇ ਵਾਸ਼ਪੀਕ੍ਰਿਤ ਹੋਣ ਦੀ ਸਮਰੱਥਾ ਦਾ ਪਤਾ ਲੱਗਦਾ ਹੈ। ਜਦੋਂ ਵੈੱਟ ਬਲਬ ਤਾਪਮਾਨ 35 ਡਿਗਰੀ ਸੈਲਸੀਅਸ ‘ਤੇ ਪਹੁੰਚ ਜਾਂਦਾ ਹੈ, ਤਾਂ ਇਨਸਾਨੀ ਸਰੀਰ ਗਰਮੀ ਮੁਤਾਬਕ ਖ਼ੁਦ ਨੂੰ ਢਾਲ ਨਹੀਂ ਸਕਦਾ। ਜੀਵਾਂ ਦੇ ਸਰੀਰ ‘ਚ ਸੁਭਾਵਕ ਤੌਰ ‘ਤੇ ਵਾਤਾਵਰਣ ਦੇ ਅਨੁਕੂਲ ਹੋਣ ਦੀ ਸਮਰੱਥਾ ਹੁੰਦੀ ਹੈ। 35 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਹੋਣ ‘ਤੇ ਇਨਸਾਨਾਂ ਦਾ ਸਰੀਰ ਏਨੀ ਗਰਮੀ ਤੋਂ ਖ਼ੁਦ ਨੂੰ ਬਚਾਉਣ ਲਈ ਠੰਢਾ ਨਹੀਂ ਹੋ ਪਾਉਂਦਾ। ਇਹ ਸਥਿਤੀ ਕਾਇਮ ਰਹੇ ਤਾਂ ਕੁਝ ਹੀ ਘੰਟਿਆਂ ‘ਚ ਇਨਸਾਨ ਦਮ ਤੋੜ ਸਕਦਾ ਹੈ।
ਸਾਲ 2100 ਆਉਂਦੇ-ਆਉਂਦੇ ਭਾਰਤ ਦੀ 70 ਫ਼ੀਸਦੀ ਤੋਂ ਜ਼ਿਆਦਾ ਆਬਾਦੀ 32 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਨੂੰ ਝੱਲਣ ‘ਤੇ ਮਜਬੂਰ ਹੋ ਜਾਵੇਗੀ। ਦੋ ਫ਼ੀਸਦੀ ਆਬਾਦੀ ਨੂੰ 35 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਦੀਆਂ ਭਿਆਨਕ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ। ਧਰਤੀ ਦਾ ਵੈੱਟ ਬਲਬ ਤਾਪਮਾਨ 31 ਡਿਗਰੀ ਸੈਲਸੀਅਸ ਦੇ ਪਾਰ ਜਾ ਚੁੱਕਾ ਹੈ। ਸੰਨ 2015 ‘ਚ ਫਾਰਸ ਦੀ ਖਾੜੀ ਦੇ ਇਲਾਕੇ ‘ਚ ਇਹ ਲੱਗਭੱਗ 35 ਡਿਗਰੀ ਸੈਲਸੀਅਸ ਦੀ ਹੱਦ ਤੱਕ ਪਹੁੰਚ ਗਿਆ ਸੀ। ਇਸ ਕਾਰਨ ਪਾਕਿਸਤਾਨ ਤੇ ਭਾਰਤ ‘ਚ ਲੱਗਭੱਗ 3500 ਲੋਕਾਂ ਦੀ ਮੌਤ ਹੋਈ ਸੀ। ਜੇਕਰ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਨਾ ਕੀਤਾ ਗਿਆ, ਤਾਂ ਬੇਹੱਦ ਗਰਮ ਹਵਾ ਦੇ ਥਪੇੜੇ ਵੈੱਟ ਬਲਬ ਤਾਪਮਾਨ ਨੂੰ 31 ਡਿਗਰੀ ਸੈਲਸੀਅਸ ਤੋਂ 34.2 ਡਿਗਰੀ ਸੈਲਸੀਅਸ ਵਿਚਕਾਰ ਤੱਕ ਲਿਜਾ ਸਕਦੇ ਹਨ।
ਅਸਲ ਵਿੱਚ ਮਨੁੱਖ ਵੱਲੋਂ ਕੁਦਰਤ ਨਾਲ ਅੰਤਾਂ ਦੀ ਛੇੜ-ਛਾੜ ਕਰ ਕੇ ਆਪੇ ਸਹੇੜੀਆਂ ਮੁਸੀਬਤਾਂ ਉਸ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਦੁਨੀਆ ਭਰ ਵਿੱਚ ਸੋਕੇ ਅਤੇ ਹੜ੍ਹ ਤੋਂ ਪੀੜਤ ਲੋਕਾਂ ਲਈ ਅਨੇਕ ਐਲਾਨ ਕੀਤੇ ਜਾ ਰਹੇ ਹਨ, ਪਰ ਇਹਨਾਂ ਦੇ ਸਹਾਰੇ ਹੀ ਪੀੜਤਾਂ ਦਾ ਦਰਦ ਘੱਟ ਨਹੀਂ ਹੋ ਸਕਦਾ।ઠਅਸਲઠਵਿੱਚ ਵਿਸ਼ਵ ਪੱਧਰ ਉੱਤੇ ‘ਕੁਦਰਤ ਨਾਲ ਸਾਂਝ’ ਪਾਉਣ ਦੀ ਮੁਹਿੰਮ ਨਾਲ ਮਨੁੱਖਾਂ ਨੂੰ ਜਾਗਰੂਕ ਕਰ ਕੇ ‘ਕੁਦਰਤੀ ਕਰੋਪੀ’ ਰੋਕਣ ਲਈ ਕੁਝ ਹੱਲ ਕੱਢੇ ਜਾ ਸਕਦੇ ਹਨ। ਮਨੁੱਖੀ ਰਹਿਣ-ਸਹਿਣ ‘ਚ ਤਬਦੀਲੀ ਤੇ ਦਰੱਖ਼ਤ ਲਗਾਉਣ ਜਿਹੇ ਕਦਮ ਸ਼ਾਇਦ ਧਰਤੀ ਦੀ ਤਪਸ਼ ਨੂੰ ਕੁਝ ਠੰਢਿਆਂ ਕਰ ਸਕਣ ‘ਚ ਸਹਾਈ ਹੋ ਸਕਦੇ ਹਨ।

 

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 …