2.1 C
Toronto
Friday, November 14, 2025
spot_img
Homeਕੈਨੇਡਾ19ਵੀਂ ਗੁਰੂ ਨਾਨਕ ਕਾਰ ਰੈਲੀ ਤੇ ਪਰਿਵਾਰਕ ਪਿਕਨਿਕ ਵਿਚ ਲੱਗੀਆਂ ਖ਼ੂਬ ਰੌਣਕਾਂ

19ਵੀਂ ਗੁਰੂ ਨਾਨਕ ਕਾਰ ਰੈਲੀ ਤੇ ਪਰਿਵਾਰਕ ਪਿਕਨਿਕ ਵਿਚ ਲੱਗੀਆਂ ਖ਼ੂਬ ਰੌਣਕਾਂ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 24 ਸਤੰਬਰ ਨੂੰ ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਵੱਲੋਂ ‘ਯੂਨਾਈਟਡ ਸਪੋਰਟਸ ਕਲੱਬ’ ਦੇ ਸਹਿਯੋਗ ਨਾਲ 19ਵੀਂ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 3430 ਡੈਰੀ ਰੋਡ (ਈਸਟ) ਸਥਿਤ ‘ਪਾਲ ਕੌਫ਼ੇ ਪਾਰਕ’ ਵਿਖੇ ਆਯੋਜਿਤ ਕੀਤੀ ਗਈ। ਸਵੇਰੇ 11.30 ਵਜੇ ਹੀ ਇਸ ਪਾਰਕ ਵਿਚ ਰੌਣਕ ਹੋਣੀ ਸ਼ੁਰੂ ਹੋ ਗਈ ਅਤੇ ਨਾਲ ਹੀ ਚਾਹ-ਪਾਣੀ, ਕੋਲਡ-ਡਰਿੰਕਸ ਤੇ ਸਨੈਕਸ ਦਾ ਖਾਣ-ਪੀਣ ਚੱਲ ਪਿਆ। ਠੀਕ ਸਾਢੇ ਗਿਆਰਾਂ ਵਜੇ ਕਾਰ-ਰੈਲੀ ਨੂੰ ਹਰੀ ਝੰਡੀ ਵਿਖਾਈ ਗਈ ਜਿਸ ਵਿਚ 20 ਕਾਰਾਂ ਸ਼ਮਲ ਸਨ ਜੋ ਨਿਰਧਾਰਤ ਰੂਟ ਵੱਲ ਰਵਾਨਾ ਹੋਈਆਂ। ਇਸ ਗੁਪਤ ਰੂਟ ਦੀ ਜਾਣਕਾਰੀ ਕਾਰ ਡਰਾਈਵਰ ਦੇ ਨਾਲ ਬੈਠੇ ‘ਨੇਵੀਗੇਟਰ’ ਕੋਲ ‘ਆਨ-ਆਈਨ’ ਉਪਲਬਧ ਸੀ ਜੋ ਡਰਾਈਵਰ ਨੂੰ ਇਸ ਦੇ ਬਾਰੇ ਨਾਲ ਦੀ ਨਾਲ ਸੂਚਿਤ ਕਰਦਾ ਸੀ।
ਰੈਲੀ ਨੂੰ ਰਵਾਨਾ ਕਰਨ ਪਿੱਛੋਂ ਪਰਿਵਾਰਕ ਪਿਕਨਿਕ ਦੀ ਕਾਰਵਾਈ ਸ਼ੁਰੂ ਹੋ ਗਈ ਜਿਸ ਵਿਚ ਗੀਤ-ਸੰਗੀਤ, ਗ਼ਜ਼ਲ ਗਾਇਕੀ, ਸ਼ੇਅਰੋ-ਸ਼ਾਇਰੀ, ਚੁਟਕਲੇ-ਬਾਜ਼ੀ, ਅੰਤਾਕਸ਼ਰੀ ਆਦਿ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਜਿਸ ਨੂੰ ਪੰਜਾਬੀ ਨਾਟਕ ਤੇ ਟੀ.ਵੀ. ਕਲਾਕਾਰ ਲਿਵਲੀਨ ਨੇ ਬਹੁਤ ਸ਼ਾਨਦਾਰ ਤਰਤੀਬ ਦਿੱਤੀ ਅਤੇ ਮੰਚ-ਸੰਚਾਲਕ ਦੀ ਖ਼ੂਬਸੂਰਤ ਭੂਮਿਕਾ ਨਿਭਾਉਂਦਿਆਂ ਕਈ ਹਾਸਰਸ ਸ਼ੇਅਰ ਤੇ ਚੁਟਕਲੇ ਸੁਣਾਏ। ਪਿਕਨਿਕ ਨੂੰ ਔਰਤਾਂ ਤੇ ਮਰਦਾਂ ਦੀ ਕਰਵਾਈ ਗਈ ਵੱਖ-ਵੱਖ ਮਿਊਜ਼ੀਕਲ ਚੇਅਰ-ਰੇਸ, ਮਰਦਾਂ ਦੀ ਰੱਸਾ-ਕਸ਼ੀ ਅਤੇ ਔਰਤਾਂ ਦੀ ‘ਚਾਟੀ-ਰੇਸ’ (ਜਿਸ ਨੂੰ ਚਾਟੀਆਂ ਉਪਲੱਭਧ ਨਾ ਹੋਣ ‘ਗਾਗਰ-ਰੇਸ’ ਕਹਿਣਾ ਵਧੇਰੇ ਮੁਨਾਸਿਮ ਹੋਵੇਗਾ) ਨੇ ਹੋਰ ਵੀ ਦਿਲਚਸਪ ਬਣਾਇਆ। ਇਸ ਦੌਰਾਨ ਹੀ ਹਾਜ਼ਰੀਨ ਵੱਲੋਂ ਦੁਪਹਿਰ ਦਾ ਸੁਆਦਲਾ ਭੋਜਨ ਛਕਿਆ ਗਿਆ। ਸ਼ਾਮ ਦੇ ਲੱਗਭੱਗ 4.00 ਵਜੇ ਤੱਕ ਰੈਲੀ ਵਿਚ ਸ਼ਾਮਲ ਕਾਰਾਂ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ ਇਸ ਵਿਚ ਪਹਿਲੇ, ਦੂਸਰੇ ਤੇ ਤੀਸਰੇ ਨੰਬਰ ‘ਤੇ ਆਉਣ ਵਾਲਿਆਂ ਅਤੇ ਹੋਰ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲਿਆਂ ਨੂੰ ਇਨਾਮ ਵਜੋਂ ਟਰਾਫ਼ੀਆਂ ਪ੍ਰਦਾਨ ਕੀਤੀਆਂ ਗਈਆਂ। ਪਹਿਲੇ ਨੰਬਰ ‘ਤੇ ਕਾਰ ਨੰਬਰ 19 ਆਈ ਜਿਸ ਦੇ ਡਰਾਈਵਰ ਸਤਨਾਮ ਜੌਹਲ ਤੇ ਨੇਵੀਗੇਟਰ ਜਸਵਿੰਦਰ ਢਿੱਲੋਂ ਸਨ। ਦੂਸਰੇ ਨੰਬਰ ‘ਤੇ ਆਉਣ ਵਾਲੀ ਕਾਰ ਨੰਬਰ 3 ਦੇ ਡਰਾਈਵਰ ਰਾਜਨ ਭੋਗਲ ਤੇ ਨੇਵੀਗੇਟਰ ਸਤਨਾਮ ਸੱਗੂ ਸਨ ਅਤੇ ਇੰਜ ਹੀ ਤੀਸਰੇ ਨੰਬਰ ‘ਤੇ ਆਈ ਕਾਰ ਦੇ ਡਰਾਈਵਰ ਗੁਰਿੰਦਰ ਗਰੇਵਾਲ ਤੇ ਨੇਵੀਗੇਟਰ ਜੈਬੀਰ ਗਰੇਵਾਲ ਸਨ। ਮਰਦਾਂ ਦੀ ਮਿਊਜ਼ੀਕਲ ਚੇਅਰ ਰੇਸ ਦੇ ਜੇਤੂ ਮਲੂਕ ਸਿੰਘ ਕਾਹਲੋਂ ਰਹੇ। ਉਨ੍ਹਾਂ ਸਮੇਤ ਔਰਤਾਂ ਦੀ ਮਿਊਜ਼ੀਕਲ ਚੇਅਰ ਰੇਸ ਅਤੇ ਚਾਟੀ-ਰੇਸ ਦੀਆਂ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ। ਵਾਲੰਟੀਅਰਾਂ ਵੱਲੋਂ ਨਿਭਾਈ ਗਈ ਸ਼ਾਨਦਾਰ ਸੇਵਾ ਲਈ ਉਨ੍ਹਾਂ ਨੂੰ ਸਰਟੀਫੀਕੇਟ ਦਿੱਤੇ ਗਏ। ਇਸ ਦੇ ਨਾਲ ਹੀ ਸ਼ਾਨਦਾਰ ਮੀਡੀਆ ਸੇਵਾਵਾਂ ਲਈ ‘ਸਿੱਖ ਸਪੋਕਸਮੈਨ’ ਨੂੰ ਸਰਟੀਫ਼ੀਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਵਿਚ ਬਲਰਾਜ ਚੀਮਾ, ਗੁਰਦੇਵ ਚੌਹਾਨ, ਪਿਆਰਾ ਸਿੰਘ ਤੂਰ, ਦਲਜੀਤ ਸਿੰਘ ਗੇਦੂ, ਸੁਖਵੰਤ ਸਿੰਘ ਠੇਠੀ, ਹਰਜੀਤ ਬਾਜਵਾ, ਗੁਰਤੇਜ ਸਿੰਘ ਔਲਖ, ਜਰਨੈਲ ਸਿੰਘ ਮਠਾੜੂ, ਜੈਕਾਰ ਲਾਲ ਦੁੱਗਲ, ਆਦਿ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ। ਇਸ ਸਫ਼ਲ ਕਾਲ ਰੈਲੀ ਅਤੇ ਪਰਿਵਾਰਕ ਪਿਕਨਿਕ ਦੇ ਸਫ਼ਲ ਆਯੋਜਨ ਲਈ ਆਯੋਜਕਾਂ ਵਿਚ ਸ਼ਾਮਲ ਦਰਸ਼ਨ ਸਿੰਘ ਬਿਲਖੂ, ਬਿਕਰਮਜੀਤ (ਚੈਰੀ), ਮੇਜਰ ਸਿੰਘ ਨਾਗਰਾ, ਗੁਰਸ਼ਰਨ ਚੌਹਾਨ, ਬਲਬੀਰ ਸਿੰਘ ਸੰਧੂ, ਡਾ. ਕੁਲਦੀਪ ਝੁਨ, ਕਰਨ ਅਜਾਇਬ ਸਿੰਘ ਸੰਘਾ, ਨਵ ਭੱਟੀ, ਕਮਲਜੀਤ ਸਿੰਘ, ਅਮਨਦੀਪ, ਮਨਜੋਤ ਆਦਿ ਸਾਰੇ ਵਧਾਈ ਦੇ ਹੱਕਦਾਰ ਹਨ।

 

RELATED ARTICLES
POPULAR POSTS