Breaking News
Home / ਕੈਨੇਡਾ / ਟੋਰਾਂਟੋ ਪੀਅਰਸਨ ਏਅਰਪੋਰਟ ਦੇ ਰੱਨਵੇਅ ‘ਤੇ ਹੋਈ ’10ਵੀਂ ਦੌੜ ਤੇ ਵਾਕ’ ਵਿਚ ਲਿਆ ਹਜ਼ਾਰਾਂ ਨੇ ਹਿੱਸਾ

ਟੋਰਾਂਟੋ ਪੀਅਰਸਨ ਏਅਰਪੋਰਟ ਦੇ ਰੱਨਵੇਅ ‘ਤੇ ਹੋਈ ’10ਵੀਂ ਦੌੜ ਤੇ ਵਾਕ’ ਵਿਚ ਲਿਆ ਹਜ਼ਾਰਾਂ ਨੇ ਹਿੱਸਾ

ਮਿਸੀਸਾਗਾ/ਡਾ.ਝੰਡ
ਗਰੇਟਰ ਟੋਰਾਂਟੋ ਏਅਰਪੋਰਟਸ ਅਥਾਰਿਟੀ (ਕੈਨੇਡਾ) ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਸਹਿਯੋਗ ਨਾਲ ਲੰਘੇ ਸ਼ਨੀਵਾਰ 23 ਸਤੰਬਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਰੱਨਵੇਅ ‘ਤੇ ਕਰਵਾਈ ਗਈ ’10ਵੀਂ ਸਲਾਨਾ ਰੱਨਵੇਅ-ਰੱਨ’ ਵਿਚ ਭਾਗ ਲੈਣ ਵਾਲਿਆਂ ਦਾ ਜੋਸ਼ ‘ਤੇ ਉਤਸ਼ਾਹ ਵੇਖਣ ਹੀ ਵਾਲਾ ਸੀ। ਇਸ 5 ਕਿਲੋਮੀਟਰ ਅਤੇ 2 ਕਿਲੋਮੀਟਰ ਦੌੜ ਅਤੇ ਵਾਕ ਵਿਚ ਭਾਗ ਲੈਣ ਦੇ ਚਾਹਵਾਨ, ਜਿਨ੍ਹਾਂ ਨੇ ਕਈ ਦਿਨ ਪਹਿਲਾਂ ਹੀ ਅਗਾਊਂ-ਰਜਿਸਟ੍ਰੇਸ਼ਨ ਕਰਵਾਈ ਹੋਈ ਸੀ, ਨਿਸਚਿਤ ਸਮੇਂ ਸਵੇਰੇ 9.00 ਵਜੇ ਤੋਂ ਪਹਿਲਾਂ ਹੀ ਇਕ ਵਿਸ਼ਾਲ ਹਾਲ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ ਜਿੱਥੇ ਪ੍ਰਬੰਧਕਾਂ ਵੱਲੋਂ ਹਾਲ ਵਿਚ ਚਾਹ, ਪਾਣੀ ਤੇ ਕੌਫ਼ੀ ਆਦਿ ਦਾ ਵਧੀਆ ਇੰਤਜ਼ਾਮ ਕੀਤਾ ਗਿਆ। ਪੰਜ ਕਿਲੋਮੀਟਰ ਰੇਸ ਵਿਚ ਭਾਗ ਲੈਣ ਵਾਲਿਆਂ ਨੇ ‘ਏਅਰ ਕੈਨੇਡਾ’ ਵੱਲੋਂ ਸਪਾਂਸਰ ਕੀਤੀਆਂ ਹੋਈਆਂ ਲਾਲ ਰੰਗ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ ਅਤੇ ਦੋ ਕਿਲੋਮੀਟਰ ਦੌੜਨ ਵਾਲੇ ਚਿੱਟੀਆਂ ਟੀ-ਸ਼ਰਟਾਂ ਪਹਿਨ ਕੇ ਆਏ ਹੋਏ ਸਨ।
‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ’ ਦੇ ਮੋਹਰੀ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿਚ ਇਸ ‘ਰੱਨਵੇਅ ਰੱਨ’ ਵਿਚ ਸ਼ਾਮਲ ਹੋਏ ਕਲੱਬ ਦੇ ਲੱਗਭੱਗ 50 ਮੈਂਬਰ ਕੇਸਰੀ ਰੰਗ ਦੀਆਂ ਟੀ-ਸ਼ਰਟਾਂ ਵਿਚ ਆਪਣੀ ਵੱਖਰੀ ਦਿੱਖ ਵਿਚ ਅਤੇ ਉਨ੍ਹਾਂ ਵਿੱਚੋਂ ਵੀ ਕਈ ਵੱਖ-ਵੱਖ ਰੰਗਾਂ ਦੀਆਂ ਦਸਤਾਰਾਂ ਨਾਲ ਹਜ਼ਾਰਾਂ ਦੇ ਇਕੱਠ ਵਿੱਚ ਦੂਰੋਂ ਹੀ ਪਛਾਣੇ ਜਾ ਰਹੇ ਸਨ। ਇਹ ਕੇਸਰੀ ਟੀ-ਸ਼ਰਟਾਂ ‘A.T.A.’ (ਏਅਰਪੋਰਟ ਟੈਕਸੀ ਐਸੋਸੀਏਸ਼ਨ) ਵੱਲੋਂ ਸਪਾਂਸਰ ਕੀਤੀਆਂ ਗਈਆਂ ਸਨ ਜਿਸ ਦੇ ਪ੍ਰਧਾਨ ਬਲਕਾਰ ਸਿੰਘ ਹੇਅਰ ਅਤੇ ਸਕੱਤਰ ਰਾਜਬੀਰ ਸਿੰਘ ਵਿਰਕ ਦੇ ਉਪਰਾਲੇ ਸਦਕਾ ਸਪੋਰਟਸ ਰੱਨਰਜ਼ ਕਲੱਬ ਦੇ ਮੈਂਬਰਾਂ ਨੇ ਇਸ ਰੇਸ ਵਿਚ ਪਹਿਲੀ ਵਾਰ ਭਾਗ ਲਿਆ।
ਇਸ ’10ਵੀਂ ਰੱਨਵੇਅ ਰੱਨ’ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕਲੱਬ ਦੇ ਮੈਂਬਰਾਂ ਸੰਧੂਰਾ ਸਿੰਘ ਬਰਾੜ, ਧਿਆਨ ਸਿੰਘ ਸੋਹਲ, ਹਰਭਜਨ ਸਿੰਘ ਗਿੱਲ, ਹਜ਼ੂਰਾ ਸਿੰਘ ਬਰਾੜ, ਜੈਪਾਲ ਸਿੰਘ ਸਿੱਧੂ, ਬਲਕਾਰ ਸਿੰਘ ਹੇਅਰ, ਨਰਿੰਦਰ ਕੌਰ ਹੇਅਰ, ਨਵਨੀਤ ਕੌਰ ਹੇਅਰ, ਅਮਨਬੀਰ ਹੇਅਰ, ਜਸਵੀਰ ਸਿੰਘ ਪਾਸੀ, ਪ੍ਰਦੀਪ ਕੌਰ ਪਾਸੀ, ਮੇਜਰ ਸਿੰਘ ਕਲੇਰ, ਬਲਜੀਤ ਕੌਰ ਕਲੇਰ, ਪ੍ਰਭਨੂਰ ਕਲੇਰ, ਕਾਕਾ ਪਾਹਲ ਕਲੇਰ, ਸੰਦੀਪ ਸਿੰਘ, ਰਾਜੂ ਕੌਰ ਰੰਧਾਵਾ, ਗੁਰਜੀਤ ਲੋਟੇ, ਹਰਮਿੰਦਰ ਬਰਾੜ, ਕੁਲਦੀਪ ਗਰੇਵਾਲ, ਮਹਿੰਦਰ ਘੁੰਮਣ, ਮਨਜੀਤ ਸਿੰਘ ਘੋਮਾਣ, ਪ੍ਰਮਿੰਦਰ ਗਿੱਲ, ਜੀਤ ਸਿੰਘ, ਜਗਤਾਰ ਗਰੇਵਾਲ, ਸੱਤਪਾਲ ਤੱਖਰ, ਮਨਜੀਤ ਸਿੰਘ, ਜਸਵਿੰਦਰ ਲੇਲਣਾ, ਕੁਲਦੀਪ ਸਿੰਘ ਰੰਧਾਵਾ, ਪ੍ਰਮਿੰਦਰ ਸਿੰਘ, ਧਰਮਿੰਦਰ ਜੱਸੀ, ਪਲਵਿੰਦਰ ਚੌਹਾਨ, ਮਲੂਕ ਸਿੰਘ ਕਾਹਲੋਂ, ਪ੍ਰਿੰ. ਸਰਵਣ ਸਿੰਘ, ਹਰਜੀਤ ਸਿੰਘ ਬੇਦੀ ਤੇ ਸੁਖਦੇਵ ਸਿੰਘ ਝੰਡ ਦੇ ਨਾਮ ਜ਼ਿਕਰਯੋਗ ਹਨ। ਅਗਾਊਂ-ਰਜਿਸਟ੍ਰੇਸ਼ਨ ਦੋ ਹਫ਼ਤੇ ਪਹਿਲਾਂ ਬੰਦ ਹੋ ਜਾਣ ਕਾਰਨ ਕਲੱਬ ਦੇ ਕਈ ਮੈਂਬਰ ਇਸ ਦੌੜ ਵਿਚ ਸ਼ਾਮਲ ਹੋਣੋਂ ਰਹਿ ਗਏ।
ਕਲੱਬ ਦੇ ਸੀਨੀਅਰ ਮੈਂਬਰ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੇ ਪੰਜ ਕਿਲੋਮੀਟਰ ਦੌੜ 26 ਮਿੰਟਾਂ ਵਿਚ ਪੂਰੀ ਕੀਤੀ, ਜਦ ਕਿ ਮਲੂਕ ਸਿੰਘ ਕਾਹਲੋਂ ਨੇ ਇਸ ਦੌੜ ਲਈ 29 ਮਿੰਟ ਲਏ। ਕਲੱਬ ਦੇ ਹੋਰ ਮੈਂਬਰਾਂ ਵਿਚੋਂ ਕੋਈ ਇਹ ਦੌੜ 35 ਮਿੰਟਾਂ ਵਿਚ ਤੇ ਕੋਈ 40-50 ਮਿੰਟਾਂ ਵਿਚ ਦੌੜਨ ਵਿਚ ਸਫ਼ਲ ਹੋਇਆ। ਦੋ ਕਿਲੋਮੀਟਰ ਦੌੜਨ ਵਾਲਿਆਂ ਨੂੰ ਪੰਜ ਕਿਲੋਮੀਟਰ ਵਾਲੇ ਪਹਿਲੇ ਗਰੁੱਪ ਤੋਂ ਕੁਝ ਮਿੰਟਾਂ ਬਾਅਦ ਹਰੀ ਝੰਡੀ ਦਿੱਤੀ ਗਈ। ਉਨ੍ਹਾਂ ਦਾ ਰੂਟ ਵੀ ਪ੍ਰਬੰਧਕਾਂ ਵੱਲੋਂ ਓਸੇ ਹਿਸਾਬ ਨਾਲ ਕੁਝ ਵੱਖਰਾ ਨਿਸਚਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਮੇਨ-ਰੂਟ ਦੇ ਅੱਧ ਵਿੱਚੋਂ ਹੀ ‘ਯੂ-ਟਰਨ’ ਮਾਰਨੀ ਸੀ। ਦੌੜ ਸਮਾਪਤ ਹੋਣ ਵਾਲੀ ‘ਫ਼ਿਨਿਸ਼ ਲਾਈਨ’ ਉੱਪਰ ਪਹੁੰਚਣ ‘ਤੇ ਦੌੜਾਕਾਂ ਦੇ ਗਲਾਂ ਵਿਚ ਮੈਡਲ ਪਾ ਕੇ ਉਨ੍ਹਾਂ ਦਾ ਬਾ-ਕਾਇਦਾ ਸਨਮਾਨ ਕੀਤਾ ਗਿਆ। ਦੌੜ ਦੀ ਸਮਾਪਤੀ ‘ਤੇ ਬਲਕਾਰ ਸਿੰਘ ਹੇਅਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਇਸ ਵਾਰ ਪੰਜਾਬੀ ਕਮਿਊਨਿਟੀ ਦੇ 50 ਤੋਂ ਵਧੇਰੇ ਲੋਕ ਇਸ ਦੌੜ ਵਿਚ ਸ਼ਾਮਲ ਹੋਏ ਹਨ, ਕਿਉਂਕਿ ਪਿਛਲੇ ਸਾਲ ਉਹ ਇਕੱਲੇ ਹੀ ਪੰਜਾਬੀ ਇਸ ਵਿਚ ਦੌੜੇ ਸਨ। ਉਮੀਦ ਹੈ ਕਿ ਅਗਲੇ ਸਾਲ ਸਾਡੀ ਕਮਿਊਨਿਟੀ ਹੋਰ ਵੀ ਵਧੇਰੇ ਗਿਣਤੀ ਵਿਚ ਇਸ ਦੌੜ ਵਿਚ ਆਪਣੀ ਸ਼ਮੂਲੀਅਤ ਕਰੇਗੀ। ਇਸ ਦੌਰਾਨ ਪਤਾ ਲੱਗਾ ਹੈ ਕਿ ਤਿੰਨ ਹਜ਼ਾਰ ਤੋਂ ਵਧੇਰੇ ਦੌੜਾਕਾਂ ਅਤੇ ਪੈਦਲ ਚੱਲਣ ਵਾਲਿਆਂ ਨੇ ਇਸ ‘ਰੱਨਵੇਅ ਰੱਨ’ ਵਿਚ ਭਾਗ ਲਿਆ। ਕਈ ਤਾਂ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਪਰਿਵਾਰਾਂ ਸਮੇਤ ਇਸ ਮੇਲੇ ਵਰਗੇ ਈਵੈਂਟ ਵਿਚ ਪਹੁੰਚੇ ਹੋਏ ਸਨ ਜਿਸ ਤੋਂ ਪਤਾ ਲੱਗਦਾ ਸੀ ਕਿ ਲੋਕ ਆਪਣੀ ਸਿਹਤ ਸਬੰਧੀ ਕਾਫ਼ੀ ਜਾਗਰੂਕ ਹੋ ਰਹੇ ਹਨ। ਅਲਬੱਤਾ, ਇਸ ਵੱਡੇ ਇਕੱਠ ਵਿਚ ਵੱਡੀ ਗਿਣਤੀ ਗੋਰੇ ਲੋਕਾਂ ਤੇ ਹੋਰ ਕਮਿਊਨਿਟੀਆਂ ਦੀ ਸੀ ਅਤੇ ਇਸ ਵਿਚ ਪੰਜਾਬੀਆਂ ਦੀ ਘੱਟ ਸ਼ਮੂਲੀਅਤ ਕੁਝ ਹੱਦ ਤੱਕ ਰੜਕ ਵੀ ਰਹੀ ਸੀ। ਉਨ੍ਹਾਂ ਵਿਚ ਇਸ ਪ੍ਰਤੀ ਅਜੇ ਹੋਰ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਸੰਧੂਰਾ ਸਿੰਘ ਬਰਾੜ ਅਤੇ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ’ ਦੇ ਸਮੂਹ ਮੈਂਬਰਾਂ ਵੱਲੋਂ ਬਲਰਾਜ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਦਿਲਚਸਪ ਈਵੈਂਟ ਦੇ ਯਾਦਗਾਰੀ ਦ੍ਰਿਸ਼ਾਂ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …