ਰਿਹਾਇਸ਼ ਦੀ ਘਾਟ ਤੇ ਕਾਲਜਾਂ ਦੇ ਮੰਦੇ ਹਾਲ ਜ਼ਿੰਮੇਵਾਰ : ਭਾਰਤੀ ਅਧਿਕਾਰੀ
ਹੋਰ ਦੇਸ਼ਾਂ ਤੋਂ ਵਧੇ ਵਿਦਿਆਰਥੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਬੀਤੇ ਸਾਲਾਂ ਤੋਂ ਭਾਰਤੀ ਪਰਿਵਾਰਾਂ ਦੀ ਕੈਨੇਡਾ ਵਿਚ ਜਾਣ ਦੀ ਰੁਚੀ ਬਰਕਰਾਰ ਰਹਿਣ ਕਾਰਨ ਕੈਨੇਡਾ ਦਾ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਬਹੁਤ ਹਰਮਨ ਪਿਆਰਾ ਸਾਧਨ ਸੀ, ਪਰ ਹੁਣ ਕੈਨੇਡਾ ਦੇ ਇਮੀਗਰੇਸ਼ਨ ਅਧਿਕਾਰੀਆਂ ਰਾਹੀਂ ਮਿਲ ਰਹੀ ਜਾਣਕਾਰੀ ਅਨੁਸਾਰ ਦੇਸ਼ ‘ਚ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਬੀਤੇ ਸਾਲ ਦੇ ਸਤੰਬਰ ਅਤੇ ਬੀਤੇ ਦਿਨੀਂ 2024 ਦੇ ਸ਼ੁਰੂ ਹੋਏ ਸਮੈਸਟਰਾਂ ਵਾਸਤੇ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਜਾਰੀ ਕਰਨ ਵਿਚ ਵੱਡੀ ਗਿਰਾਵਟ (85 ਫੀਸਦ ਤੋਂ ਵੱਧ) ਦਰਜ ਕੀਤੀ ਜਾ ਰਹੀ ਹੈ।
ਕੁਝ ਮਾਹਿਰ ਇਸ ਗਿਰਾਵਟ ਦਾ ਕਾਰਨ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੀ ਕੂਟਨੀਤਕ ਕਸਮਕਸ਼ ਸਮਝ ਰਹੇ ਹਨ। ਭਾਰਤ ਅਤੇ ਕੈਨੇਡਾ ਦੇ ਵਿਗੜੇ ਸਬੰਧਾਂ ਕਾਰਨ ਅਕਤੂਬਰ 2023 ਵਿਚ ਭਾਰਤ ਵਿਚੋਂ 41 ਕੈਨੇਡੀਅਨ ਕੂਟਨੀਤਕ ਕੱਢੇ ਗਏ ਸਨ, ਜਿਸ ਕਾਰਨ ਕੈਨੇਡਾ ਦੇ ਵੀਜ਼ੇ ਜਾਰੀ ਕਰਨ ਵਿਚ ਰੁਕਾਵਟ ਪਈ ਹੋ ਸਕਦੀ ਹੈ। ਪਰ ਇਸਦੇ ਉਲਟ ਕੈਨੇਡਾ ਵਿਚ ਕੁਝ ਵਿਦਿਅਕ ਅਦਾਰਿਆਂ ਦੇ ਮੁਖੀ ਦੱਸ ਰਹੇ ਹਨ ਕਿ ਹੋਰ ਕਈ ਦੇਸ਼ਾਂ ਦੇ ਨੌਜਵਾਨਾਂ ਦਾ ਕੈਨੇਡਾ ਵੱਲ ਝੁਕਾਅ ਵਧ ਚੁੱਕਾ ਹੈ। ਲਗਭਗ 5000 ਵਿਦਿਆਰਥੀਆਂ ਦੀ ਸਮਰੱਥਾ ਵਾਲੀ ਅਲਗੋਮਾ ਯੂਨੀਵਰਸਿਟੀ ਦੀ ਮੁਖੀ ਅਸਿਮਾ ਵਸੀਨਾ ਨੇ ਦੱਸਿਆ ਕਿ ਭਾਰਤ ਤੋਂ ਵਿਦਿਆਰਥੀ ਘਟਣ ਦਾ ਕੋਈ ਅਸਰ ਨਹੀਂ ਹੈ, ਕਿਉਂਕਿ ਹੋਰ ਕਈ ਦੇਸ਼ਾਂ, ਵਿਸ਼ੇਸ਼ ਤੌਰ ‘ਤੇ ਅਫਰੀਕਾ ਤੋਂ ਨੌਜਵਾਨਾਂ ਦੇ ਦਾਖਲੇ ਵਧੇ ਹਨ। ਕੈਨੇਡਾ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੈਨੇਡਾ ਵਿਚ ਰਿਹਾਇਸ਼ ਦੀ ਕਮੀ ਅਤੇ ਕਾਲਜਾਂ ਵਿਚ ਚੰਗੇ ਪ੍ਰਬੰਧ ਨਾ ਹੋਣ ਕਾਰਨ ਭਾਰਤੀਆਂ ਦੀ ਰੁਚੀ ਘਟ ਗਈ ਹੈ ਅਤੇ ਭਾਰਤੀ ਪਰਿਵਾਰ ਆਪਣੇ ਬੱਚਿਆਂ ਨੂੰ ਕੈਨੇਡਾ ਵਿਚ ਭੇਜਣ ਤੋਂ ਗੁਰੇਜ਼ ਕਰਨ ਲੱਗੇ ਹਨ।
ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਬੀਤੇ ਦਿਨੀਂ ਕਿਹਾ ਸੀ ਕਿ ਨਿੱਝਰ ਮਾਮਲੇ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਬਣੀ ਹੋਈ ਸਥਿਤੀ ਕਾਰਨ ਭਾਰਤ ਤੋਂ ਵਿਦਿਆਰਥੀਆਂ ਦੀ ਗਿਣਤੀ ਨੇੜ ਭਵਿੱਖ ਵਿਚ ਵਧਣ ਦੀ ਸੰਭਾਵਨਾ ਨਹੀਂ ਹੈ।
ਹੁਣ ਤੱਕ ਹਰੇਕ ਸਮੈਸਟਰ ਵਾਸਤੇ ਤਕਰੀਬਨ 1,00000 ਭਾਰਤੀ ਨੌਜਵਾਨਾਂ ਨੂੰ ਕੈਨੇਡਾ ਦੇ ਸਟੱਡੀ ਪਰਮਿਟ ਜਾਰੀ ਕਰਨ ਦਾ ਰੁਝਾਨ ਚੱਲ ਰਿਹਾ ਸੀ, ਜੋ ਹੁਣ 15000 ਤੋਂ ਵੀ ਘੱਟ ਹੋ ਚੁੱਕਾ ਹੈ। 2022 ਦੌਰਾਨ ਕੈਨੇਡਾ ਵਲੋਂ ਭਾਰਤੀ ਵਿਦਿਆਰਥੀਆਂ ਨੂੰ 2,25,835 ਸਟੱਡੀ ਪਰਮਿਟ ਜਾਰੀ ਕੀਤੇ ਗਏ, ਜੋ 365 ਦਿਨਾਂ ਦੌਰਾਨ ਦੇਸ਼ ਵਲੋਂ ਕੁੱਲ ਜਾਰੀ ਕੀਤੇ ਗਏ ਸਟੱਡੀ ਵੀਜ਼ਿਆਂ ਦਾ ਲਗਪਗ 41 ਫੀਸਦੀ ਸੀ।
ਇਸੇ ਦੌਰਾਨ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬੀਤੇ ਦਿਨਾਂ ਤੋਂ ਕੁਝ (ਪੰਜਾਬੀ) ਵਿਦਿਆਰਥੀਆਂ ਵਲੋਂ ਅਲਗੋਮਾ ਯੂਨੀਵਰਸਿਟੀ ਦੇ ਬਾਹਰ ਹੜਤਾਲ ਕੀਤੀ ਗਈ ਅਤੇ ਵਿਦਿਆਰਥੀਆਂ ਨਾਲ ਬੇਇਨਸਾਫੀ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਤਿਆਰੀ
ਓਟਾਵਾ : ਕੈਨੇਡਾ ਵਿਚ ਵਧਦੇ ਬੇਰੁਜ਼ਗਾਰੀ ਤੇ ਹਾਊਸਿੰਗ ਸੰਕਟ ਦੇ ਮੱਦੇਨਜ਼ਰ ਆਵਾਸ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਉਹ ਅਗਲੇ ਕੁਝ ਮਹੀਨਿਆਂ ‘ਚ ਦੇਸ਼ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਸੰਭਾਵਨਾ ਉਤੇ ਵਿਚਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਰਿਹਾਇਸ਼ ਕਾਫੀ ਮਹਿੰਗੀ ਹੋ ਗਈ ਹੈ ਤੇ ਘਰ ਖ਼ਰੀਦਣਾ ਲੋਕਾਂ ਦੀ ਸਮਰੱਥਾ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਮਿੱਲਰ ਨੇ ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੇ ਸੰਦਰਭ ਵਿਚ ਕਿਹਾ ਕਿ ‘ਵਰਤਮਾਨ ਗਿਣਤੀ ਚਿੰਤਾਜਨਕ ਹੈ’। ਮਿਲਰ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਤੇ ਦੂਜੀ ਤਿਮਾਹੀ ਵਿਚ ਉਹ ਹਾਊਸਿੰਗ ਦੀ ਮੰਗ ਘਟਾਉਣ ਲਈ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਸੰਭਾਵਨਾ ਉਤੇ ਵਿਚਾਰ ਕਰ ਰਹੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …