21 ਅਕਤੂਬਰ ਨੂੰ ਚੋਣਾਂ-21 ਨੂੰ ਹੀ ਸਰਕਾਰ
338 ਹਲਕਿਆਂ ‘ਚੋਂ ਚੁਣੀ ਜਾਵੇਗੀ ਸਰਕਾਰ, ਲਿਬਰਲ ਤੇ ਕੰਸਰਵੇਟਿਵ ‘ਚ ਸਿੱਧਾ ਮੁਕਾਬਲਾ ਐਨਡੀਪੀ ਤੇ ਗਰੀਨ ਪਾਰਟੀ ਜਿੱਤ-ਹਾਰ ‘ਚ ਨਿਭਾ ਸਕਦੀਆਂ ਅਹਿਮ ਭੂਮਿਕਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਗਵਰਨਰ ਜਨਰਲ ਜੂਲੀ ਪੇਅਟ ਨਾਲ ਰਾਜਧਾਨੀ ਓਟਾਵਾ ਵਿਖੇ ਮੁਲਾਕਾਤ ਕੀਤੀ। ਜਿਸ ਤੋਂ ਬਾਅਦ 43ਵੀਂ ਸੰਸਦ ਭੰਗ ਕਰਕੇ 44ਵੀਂ ਸੰਸਦ ਦੇ ਗਠਨ ਲਈ ਆਮ ਚੋਣਾਂ ਦਾ ਐਲਾਨ ਕੀਤਾ ਗਿਆ। ਤਹਿਸ਼ੁਦਾ ਤਰੀਕ ਵਜੋਂ 21 ਅਕਤੂਬਰ 2019 ਵੋਟਾਂ ਦਾ ਆਖ਼ਰੀ ਦਿਨ ਹੋਵੇਗਾ ਇਸ ਤੋਂ 10 ਕੁ ਦਿਨ ਪਹਿਲਾਂ ਤੋਂ ਵੋਟਰਾਂ ਨੂੰ ਐਡਵਾਂਸ ਪੋਲਿੰਗ ਦੇ ਦਿਨਾਂ ਦੌਰਾਨ ਵੋਟਰਾਂ ਨੂੰ ਵੋਟਾਂ ਪਾਉਣ ਦਾ ਖੁੱਲ੍ਹਾ ਮੌਕਾ ਦਿੱਤਾ ਜਾਵੇਗਾ ਤਾਂ ਕਿ ਕੰਮਕਾਜ ਤੋਂ ਵੇਲ ਮੁਤਾਬਿਕ ਵੱਧ ਤੋਂ ਵੱਧ ਲੋਕ ਵੋਟ ਪਾ ਸਕਣ। ਅਗਲੇ 40 ਦਿਨ ਚੋਣ ਪ੍ਰਚਾਰ ਦਾ ਸਮਾਂ ਹੈ। ਜਿਸ ਦੌਰਾਨ ਸਾਰੇ 338 ਹਲਕਿਆਂ ‘ਚ ਉਮੀਦਵਾਰ ਲੋਕਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦੀ ਹਮਾਇਤ ਪ੍ਰਾਪਤ ਕਰਨ ਦੀ ਕੋਸ਼ਿਸ਼ ‘ਚ ਰਹਿਣਗੇ। ਪ੍ਰਮੁੱਖ ਤੌਰ ‘ਤੇ ਪੰਜ ਰਾਜਨੀਤਕ ਰਾਸ਼ਟਰੀ ਅਤੇ ਇਕ ਖੇਤਰੀ ਪਾਰਟੀ (ਬਲਾਕ ਕਿਊਬਕ) ਪਾਰਟੀਆਂ ਚਰਚਾ ਵਿਚ ਹਨ। ਸੱਤਾਧਾਰੀ ਲਿਬਰਲ ਪਾਰਟੀ, ਵਿਰੋਧੀ ਧਿਰ ਕੰਸਰਵੇਟਿਵ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.), ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੀ ਸਰਵੇਖਣਾਂ ‘ਚ ਚਰਚਾ ਰਹਿੰਦੀ ਹੈ। ਹਾਲ ਦੀ ਘੜੀ ਟਰੂਡੋ ਦੀ ਅਗਵਾਈ ‘ਚ ਲਿਬਰਲ ਪਾਰਟੀ ਦੀ ਸਭ ਤੋਂ ਮਜ਼ਬੂਤ ਸਥਿਤੀ (37 ਫ਼ੀਸਦੀ) ਦੱਸੀ ਜਾ ਰਹੀ ਹੈ ਪਰ 2015 ਦੀ ਤਰ੍ਹਾਂ ਉਹ ਸ਼ਾਇਦ ਬਹੁਮਤ ਵਾਲੀ ਸਰਕਾਰ ਦਾ ਗਠਨ ਨਾ ਕਰ ਸਕਣ। ਕੰਸਰਵੇਟਿਵ ਪਾਰਟੀ 34 ਫ਼ੀਸਦੀ ਦੀ ਹਰਮਨ ਪਿਆਰਤਾ ਨਾਲ ਲਿਬਰਲ ਪਾਰਟੀ ਨੂੰ ਸਖ਼ਤ ਟੱਕਰ ਦੇ ਰਹੀ ਹੈ। ਕੈਨੇਡਾ ‘ਚ ਆਮ ਤੌਰ ‘ਤੇ ਤੀਜੇ ਨੰਬਰ ਦੀ ਪਾਰਟੀ ਐਨ.ਡੀ.ਪੀ. ਹੋਇਆ ਕਰਦੀ ਹੈ ਪਰ ਲੰਘੇ ਕਈ ਮਹੀਨਿਆਂ ਤੋਂ ਗਰੀਨ ਪਾਰਟੀ ਦਾ ਲੋਕ ਆਧਾਰ ਵਧਿਆ ਦੱਸਿਆ ਜਾ ਰਿਹਾ ਹੈ ਜੋ ਲਗਭਗ 11 ਫ਼ੀਸਦੀ ਦੀ ਹਰਮਨ ਪਿਆਰਤਾ ਨਾਲ ਸਾਢੇ ਕੁ ਅੱਠ ਫ਼ੀਸਦੀ ਦੇ ਅੰਕੜੇ ਤੱਕ ਪੁੱਜਦੀ ਐਨ.ਡੀ.ਪੀ.ਨੂੰ ਪਛਾੜ ਕੇ ਤੀਸਰੇ ਨੰਬਰ ਦੀ ਪਾਰਟੀ ਵਜੋਂ ਸਾਹਮਣੇ ਆ ਰਹੀ ਹੈ।
ਐਨ.ਡੀ.ਪੀ. ਨੂੰ ਅਜੇ ਤੱਕ ਉਮੀਦਵਾਰ ਪੂਰੇ ਕਰਨ ਵਾਸਤੇ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਵੱਧ ਯਤਨਸ਼ੀਲ ਰਹਿਣਾ ਪੈ ਰਿਹਾ ਹੈ।
ਲਿਬਰਲ ਪਾਰਟੀ ਵੱਲ ਔਰਤ ਵੋਟਰਾਂ, ਨੌਜਵਾਨ ਵਰਗ ਅਤੇ ਇਮੀਗ੍ਰਾਂਟ ਭਾਈਚਾਰਿਆਂ ਦਾ ਵੱਧ ਝੁਕਾਅ ਦੱਸਿਆ ਜਾਂਦਾ ਹੈ ਜਦਕਿ ਕੰਸਰਵੇਟਿਵ ਪਾਰਟੀ ਆਦਮੀਆਂ, ਬਜ਼ੁਰਗਾਂ ਅਤੇ ਖਾਸ ਤੌਰ ‘ਤੇ ਪੇਂਡੂ ਖੇਤਰਾਂ ‘ਚ ਮਜ਼ਬੂਤ ਹੈ। ਵਾਤਾਵਰਨ ਪ੍ਰੇਮੀਆਂ ਦਾ ਗਰੀਨ ਪਾਰਟੀ ਵੱਲ ਖਾਸ ਝੁਕਾਅ ਹੈ। ਹਰੇਕ ਪਾਰਟੀ ਨਾਲ਼ ਨਾਰਾਜ਼ ਵੋਟਰ ਵਰਗ ਬਦਲ ਵਾਸਤੇ ਪੀ.ਪੀ.ਸੀ. ਨਾਲ਼ ਜੁੜਿਆ ਹੈ। ਕੈਨੇਡਾ ਦੇ ਪੂਰਬੀ ਪ੍ਰਾਂਤਾਂ ਤੋਂ ਕਿਊਬਕ ਅਤੇ ਉਨਟਾਰੀਓ ਤੱਕ ਲਿਬਰਲ ਪਾਰਟੀ ਦਾ ਠੋਸ ਆਧਾਰ ਦੱਸਿਆ ਜਾਂਦਾ ਹੈ। ਮੈਨੀਟੋਬਾ, ਸਸਕਾਚਵਾਨ ਅਤੇ ਅਲਬਰਟਾ ‘ਚ ਰਿਵਾਇਤ ਅਨੁਸਾਰ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਵੱਧ ਸਫਲਤਾ ਦੀ ਆਸ ਰੱਖ ਰਹੇ ਹਨ। ਬਿਮਸ਼ਿ ਕੋਲੰਬੀਆ ‘ਚ ਫਸਵੇਂ ਮੁਕਾਬਲੇ ਹੋ ਸਕਦੇ ਹਨ, ਕਿਉਂਕਿ ਓਥੇ ਕੁਝ ਹਲਕਿਆਂ ‘ਚ ਗਰੀਨ ਪਾਰਟੀ ਅਤੇ ਐਨ.ਡੀ.ਪੀ. ਵਲੋਂ ਲਿਬਰਲ ਅਤੇ ਕੰਸਰਵੇਟਿਵ ਪਾਰਟੀ ਨੂੰ ਸਖ਼ਤ ਟੱਕਰ ਮਿਲਣ ਦੀ ਸੰਭਾਵਨਾ ਹੈ। ਵੱਖ-ਵੱਖ ਪਾਰਟੀਆਂ ਤੋਂ 2 ਦਰਜਨ ਦੇ ਕਰੀਬ ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …