Breaking News
Home / ਹਫ਼ਤਾਵਾਰੀ ਫੇਰੀ / ਸਰਕਾਰੀ ਦਾਅਵੇ ਕਿ ਜੇਲ੍ਹ ‘ਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਹਕੀਕਤ ਸਮੇਂ-ਸਮੇਂ ਜੇਲ੍ਹਾਂ ‘ਚੋਂ ਉਡਾਰੀ ਮਾਰਦੇ ਰਹੇ ਨੇ ਕੈਦੀ

ਸਰਕਾਰੀ ਦਾਅਵੇ ਕਿ ਜੇਲ੍ਹ ‘ਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਹਕੀਕਤ ਸਮੇਂ-ਸਮੇਂ ਜੇਲ੍ਹਾਂ ‘ਚੋਂ ਉਡਾਰੀ ਮਾਰਦੇ ਰਹੇ ਨੇ ਕੈਦੀ

nabha-2-copy-copy-copyਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਜੇਲ੍ਹ ਬਰੇਕ ਦੀਆਂ ਘਟਨਾਵਾਂ
ਚੰਡੀਗੜ੍ਹ : ਨਾਭਾ ਜੇਲ੍ਹ ਬਰੇਕ ਪਹਿਲੀ ਘਟਨਾ ਨਹੀਂ, ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ। ਸਰਕਾਰ ਕਿੰਨੇ ਵੀ ਦਾਅਵੇ ਕਰੇ ਕਿ ਉਸ ਦੀਆਂ ਜੇਲ੍ਹਾਂ ਵਿਚ ਪਰਿੰਦਾ ਵੀ ਨਹੀਂ ਫਟਕ ਸਕਦਾ, ਪਰ ਅਤੀਤ ਵਿਚ ਹੋਈਆਂ ਵੱਡੀਆਂ ਘਟਨਾਵਾਂ ਉਸਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹਨ। ਇਨ੍ਹਾਂ ਪਿੱਛੇ ਗੈਂਗਸਟਰਾਂ ਤੇ ਖਾੜਕੂਆਂ ਦਾ ਉਹ ਨੈਟਵਰਕ ਜਿਹੜਾ ਸੁਰੱਖਿਆ ਬਲ ਤੋੜ ਨਹੀਂ ਸਕੇ, ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਤੋਂ ਇਲਾਵਾ ਸਰਕਾਰ ਦੀ ਲਾਪਰਵਾਹੀ ਵੀ ਜੇਲ੍ਹ ਬਰੇਕ ਵਿਚ ਵੱਡਾ ਰੋਲ ਅਦਾ ਕਰਦੀ ਹੈ। ਨਾਭਾ ਜੇਲ੍ਹ ਬਰੇਕ ਅਤੇ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਤਾਂ ਇਹੀ ਦੱਸਦੀਆਂ ਹਨ।
31 ਅਕਤੂਬਰ, 2016 :ਭੋਪਾਲ ਸੈਂਟਰਲ ਜੇਲ੍ਹ ਤੋਂ ਸਿਮੀ ਦੇ 8 ਅੱਤਵਾਦੀ ਡਿਊਟੀ ‘ਤੇ ਤਾਇਨਾਤ ਗਾਰਡ ਦੀ ਹੱਤਿਆ ਕਰਕੇ ਫਰਾਰ ਹੋ ਜਾਂਦੇ ਹਨ। ਮਗਰੋਂ 10 ਕਿਲੋਮੀਟਰ ਦੂਰ ਪੁਲਿਸ ਮੁਕਾਬਲੇ ਵਿਚ ਸਾਰੇ ਮਾਰੇ ਗਏ। ਇਨ੍ਹਾਂ ਵਿਚੋਂ ਚਾਰ 2013 ਵਿਚ ਖੰਡਵਾ ਜੇਲ੍ਹ ਤੋਂ ਭੱਜੇ 6 ਕੈਦੀਆਂ ਵਿਚ ਸ਼ਾਮਲ ਰਹੇ ਸਨ।
ਦਸੰਬਰ, 2014 : ਝਾਰਖੰਡ ਦੇ ਪੱਛਮੀ ਸਿੰਹਭੂਮ ਜ਼ਿਲ੍ਹੇ ਦੀ ਜੇਲ੍ਹ ਵਿਚ ਹੋਈ ਪੁਲਿਸ ਫਾੲਰਿੰਗ ਵਿਚ ਦੋ ਕੈਦੀ ਮਾਰੇ ਗਏ ਜਦਕਿ 15 ਭੱਜ ਨਿਕਲੇ।
ਨਵੰਬਰ, 2005 : ਬਿਹਾਰ ਦੀ ਜਹਾਨਾਬਾਦ ਜੇਲ੍ਹ ‘ਤੇ ਮਾਓਵਾਦੀਆਂ ਨੇ ਧਾਵਾ ਬੋਲਿਆ। ਪੁਲਿਸ ਨਾਲ ਗੋਲੀਬਾਰੀ ਦੌਰਾਨ ਕਰੀਬ 300 ਕੈਦੀ ਭੱਜਣ ਵਿਚ ਸਫਲ ਰਹੇ।
ਜਨਵਰੀ, 2004 :ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਤਿੰਨ ਕੈਦੀ 94 ਫੁੱਟ ਸੁਰੰਗ ਪੁੱਟ ਕੇ ਭੱਜ ਗਏ ਸਨ।
ਸਤੰਬਰ, 2000 :ਹਰਿਆਣਾ ਦੀ ਮਹਿੰਦਰਗੜ੍ਹ ਜੇਲ੍ਹ ਤੋਂ 15 ਅੰਡਰਟ੍ਰਾਇਲ ਰੌਸ਼ਨਦਾਨ ਰਾਹੀਂ ਭੱਜਣ ਵਿਚ ਸਫਲ ਰਹੇ।
ਮਾਰਚ, 1998 : ਤੇਲੰਗਾਨਾ ਦੀ ਨਿਜ਼ਾਮਾਬਾਦ ਜੇਲ੍ਹ ਤੋਂ 78 ਕੈਦੀ ਇਕੱਠੇ ਭੱਜ ਗਏ ਸਨ।
ਅਗਸਤ, 1995 :ਤਾਮਿਲਨਾਡੂ ਵਿਚ ਵੈਲੋਰ ਫੋਰਟ ਦੀ ਟੀਪੂ ਮਹਿਲ ਜੇਲ੍ਹ ਤੋਂ ਲਿੱਟੇ ਦੇ 43 ਲੜਾਕੇ 153 ਫੁੱਟ ਲੰਮੀ ਸੁਰੰਗ ਪੁੱਟ ਕੇ ਭੱਜ ਗਏ।
ਤਿਹਾੜ ਵਿਚ ਵੀ ਤਿਕੜਮ
1965 : ਤਿਹਾੜ ਜੇਲ੍ਹ ਤੋਂ ਭੱਜਣ ਦਾ ਇਹ ਪਹਿਲਾ ਮਾਮਲਾ ਸੀ। ਇਸ ਮਗਰੋਂ ਤਿਹਾੜ ਦੀ ਪਹਿਲੀ ਸੁਰੱਖਿਆ ਸਮੀਖਿਆ ਕੀਤੀ ਗਈ। ਅਮਰੀਕੀ ਸਮੱਗਲਰ ਡੈਨੀਅਨ ਵਾਲਕਾਟ ਨੇ  ਭੱਜਣ ਵਿਚ ਪੁਲਿਸ ਵਾਹਨ ਦਾ ਇਸਤੇਮਾਲ ਕੀਤਾ। ਸਫਦਰਜੰਗ ਏਅਰਪੋਰਟ ਪੁੱਜਿਆ ਤੇ ਉਥੇ ਜ਼ਬਤ ਕੀਤੇ ਜਹਾਜ਼ ਰਾਹੀਂ ਦੇਸ਼ ਤੋਂ ਬਾਹਰ ਉਡ ਗਿਆ।
ਮਾਰਚ, 1986 : ਡੈਨੀਅਨ ਦੇ ਭੱਜਣ ਮਗਰੋਂ ਤਿਹਾੜ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ, ਜਿਨ੍ਹਾਂ ਕਾਰਨ ਅਗਲੇ 2 ਦਹਾਕੇ ਤੱਕ ਕੋਈ ਕੈਦੀ ਭੱਜਣ ਦੀ ਜ਼ੁਰਅਤ ਨਹੀਂ ਕਰ ਸਕਿਆ। ਪਰ ਚਾਰਲਸ ਸ਼ੋਭਰਾਜ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਸੀ। ਹੱਤਿਆ ਦੇ 20 ਮਾਮਲਿਆਂ ਵਿਚ ਚਾਰਲਸ ਸ਼ੋਭਰਾਜ ਤਿਹਾੜ ਵਿਚ ਬੰਦ ਸੀ।  1986 ਵਿਚ ਮਾਰਚ ਮਹੀਨੇ ਦਾ ਵਾਕਿਆ ਹੈ। ਉਸ ਨੇ ਆਪਣਾ ਜਨਮ ਦਿਨ ਮਨਾਇਆ ਅਤੇ ਬੇਹੋਸ਼ੀ ਦੀ ਦਵਾਈ ਵਾਲੀਆਂ ਮਠਿਆਈਆਂ ਸੁਰੱਖਿਆ ਗਾਰਡ ਨੂੰ ਖੁਆ ਕੇ ਰਫੂਚੱਕਰ ਹੋ ਗਿਆ। ਹਾਲਾਂਕਿ ਬਾਅਦ ਵਿਚ ਉਹ ਫੜਿਆ ਗਿਆ ਪਰ ਤਿਹਾੜ ਦੀ ਸੁਰੱਖਿਆ ਦਾ ਜ਼ਿੰਮਾ ਦਿੱਲੀ ਆਰਮਡ ਪੁਲਿਸ ਤੋਂ ਹਟਾ ਕੇ ਤਾਮਿਲਨਾਡੂ ਦੀ ਸਪੈਸ਼ਲ ਪੁਲਿਸ ਨੂੰ ਸੌਂਪ ਦਿੱਤਾ ਗਿਆ। ਇਹ ਕਦਮ ਕੈਦੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਭਾਸ਼ਾਈ ਅੜਿੱਕਾ ਖੜ੍ਹਾ ਕਰਨ ਲਈ ਚੁੱਕਿਆ ਗਿਆ।
ਫਰਵਰੀ, 2004 : ਚਾਰਲਸ ਸ਼ੋਭਰਾਜ ਦੇ ਭੱਜ ਜਾਣ ਦੇ ਕਰੀਬ ਦੋ ਦਹਾਕੇ ਬਾਅਦ ਸੰਸਦ ਮੈਂਬਰ ਫੂਲਨ ਦੇਵੀ ਦੇ ਕਾਤਲ ਸ਼ੇਰ ਸਿੰਘ ਰਾਣਾ ਤਿਹਾੜ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ।
2005 :13 ਅੰਡਰਟ੍ਰਾਇਲ ਕੈਦੀ ਤਿਹਾੜ ਵਿਚ ਹੀ ਬਣੀ ਕੋਰਟ ਵਿਚ ਲਿਜਾਉਂਦੇ ਸਮੇਂ ਭੱਜ ਗਏ ਪਰ ਬਾਅਦ ਵਿਚ ਫੜੇ ਗਏ।
2011 :ਵੈਨ ਵਿਚ ਲਿਜਾਉਂਦੇ ਸਮੇਂ ਤਿਹਾੜ ਦੇ ਅੰਡਰ ਟ੍ਰਾਇਲ ਕੈਦੀ ਭੱਜ ਗਏ ਹਾਲਾਂਕਿ ਮਗਰੋਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।
29 ਜੂਨ, 2015 :ਤੀਹਰੀ ਸੁਰੱਖਿਆ ਘੇਰੇ ਨਾਲ ਲੈਸ ਤਿਹਾੜ ਜੇਲ੍ਹ ਦੇ ਦੋ ਅੰਡਰ ਟ੍ਰਾਇਲ ਕੈਦੀ ਸੁਰੰਗ ਪੁੱਟ ਕੇ ਭੱਜ ਨਿਕਲਣ ਵਿਚ ਕਾਮਯਾਬ ਹੋ ਗਏ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …