21.1 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਪੁੰਨ ਦਾ ਕੰਮ : ਬਿੱਲੀਆਂ ਤੇ ਬਲੂੰਗੜਿਆਂ ਨਾਲ ਹੋਇਆ ਅਣਮਨੁੱਖੀ ਵਰਤਾਰਾ, ਚੀਕੂ...

ਪੁੰਨ ਦਾ ਕੰਮ : ਬਿੱਲੀਆਂ ਤੇ ਬਲੂੰਗੜਿਆਂ ਨਾਲ ਹੋਇਆ ਅਣਮਨੁੱਖੀ ਵਰਤਾਰਾ, ਚੀਕੂ ਸਿੰਘ ਨੇ ਦੱਸੀ ਦਰਦ ਭਰੀ ਦਾਸਤਾਨ

ਆਬੂਧਾਬੀ ਦੇ ਮਾਰੂਥਲ ‘ਚੋਂ ਪੰਜਾਬ ਦੀ ਧੀ ਨੇ ਬਚਾਈਆਂ ਬਿੱਲੀਆਂ
ਜਲੰਧਰ/ਬਿਊਰੋ ਨਿਊਜ਼ : ਬਹੁਚਰਚਿਤ ਪੰਜਾਬੀ ਲੇਖਿਕਾ ਅਮਰ ਜਿਓਤੀ ਦੀ ਧੀ ਚੀਕੂ ਸਿੰਘ ਅੱਜਕੱਲ੍ਹ ਕੌਮਾਂਤਰੀ ਪੱਧਰ ਦੇ ਅਖਬਾਰਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਮਾਮਲੇ ਨੂੰ ਲੈ ਕੇ ਇੰਗਲੈਂਡ ਦੇ ਨਾਗਰਿਕ ਚੀਕੂ ਸਿੰਘ ਹੁਰਾਂ ਦਾ ਹੁਣ ਜ਼ਿਕਰ ਚੱਲ ਰਿਹਾ ਹੈ, ਉਹ ਲੂੰ ਕੰਡੇ ਖੜ੍ਹੇ ਕਰਕੇ ਰੱਖ ਦੇਣ ਵਾਲਾ ਹੈ। ਇਹ ਮੁੱਦਾ ਇਨਸਾਨੀਅਤ ਦੇ ਜਾਨਵਰਾਂ ਪ੍ਰਤੀ ਫਰਜ਼ਾਂ ਨੂੰ ਸਮਰਪਿਤ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਰਹਿੰਦੇ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਨੂੰ ਆਬੂਧਾਬੀ ਦੇ ਸੜਦੇ ਬਲਦੇ ਮਾਰੂਥਲ ਅਲਫਲਾਹ ਵਿਚ ਇਕ ਅਜਿਹੀ ਥਾਂ ਮਿਲੀ ਸੀ, ਜਿੱਥੇ ਲੋਕਾਂ ਨੂੰ ਵੱਡੇ ਪੱਧਰ ‘ਤੇ ਆਪਣੀਆਂ ਪਾਲਤੂ ਬਿੱਲੀਆਂ ਨੂੰ ਮਰਨ ਲਈ ਛੱਡਿਆ ਹੋਇਆ ਸੀ। ਇੱਥੇ ਵਰਨਣਯੋਗ ਹੈ ਕਿ ਮੱਧ ਪੂਰਬੀ ਦੇਸ਼ਾਂ ਵਿਚ ਕੁੱਤਿਆਂ ਨਾਲੋਂ ਬਿੱਲੀਆਂ ਨੂੰ ਘਰਾਂ ਵਿਚ ਰੱਖਣ ਦਾ ਰਿਵਾਜ਼ ਵਧੇਰੇ ਹੈ, ਪਰ ਇਹ ਗੱਲ ਕਿਸੇ ਦੇ ਸਮਝ ਨਹੀਂ ਪਈ ਕਿ ਆਖਰ ਇਸ ਇਕ ਜਗ੍ਹਾ ‘ਤੇ ਲੋਕਾਂ ਨੇ ਕਿਵੇਂ ਤੇ ਕਿਉਂ ਮਿੱਥ ਕੇ ਆਪਣੇ ਮਾਸੂਮ ਪਾਲਤੂ ਬਿੱਲੀਆਂ ਨੂੰ ਇੰਜ ਸੁੰਨਸਾਨ ਤੇ 50 ਡਿਗਰੀ ਸੈਲਸੀਅਸ (122 ਡਿਗਰੀ ਫਾਰਨਹੀਟ) ਤਾਪਮਾਨ ਵਾਲੇ ਬੀਆਬਾਨ ਰੇਗਿਸਤਾਨ ਵਿਚ ਭੁੱਖੀਆਂ ਭਾਣੀਆਂ ਮਰਨ ਲਈ ਛੱਡਣਾ ਸ਼ੁਰੂ ਕਰ ਦਿੱਤਾ। ਉਧਰ ਜਿਵੇਂ ਹੀ ਪਾਲਤੂ ਬਿੱਲੀਆਂ ‘ਤੇ ਹੋ ਰਹੇ ਇਸ ਮੂਕ ਤਸ਼ੱਦਦ ਦੀ ਖਬਰ ਯੂਕੇ ਪੁੱਜੀ ਤਾਂ ਬੀਬਾ ਚੀਕੂ ਸਿੰਘ ਆਪਣੇ ਕੁਝ ‘ਪੈਟ ਲਵਰ’ ਦੋਸਤਾਂ ਦੀ ਪੂਰੀ ਟੀਮ ਨਾਲ ਆਬੂਧਾਬੀ ਰਵਾਨਾ ਹੋ ਗਏ। ਅੱਗਿਓਂ ਆਬੂਧਾਬੀ, ਦੁਬਈ, ਸ਼ਾਰਜਾਹ ਤੇ ਹੋਰ ਦੇਸ਼ਾਂ ਦੇ ਪਸ਼ੂ ਪ੍ਰੇਮੀ ਵੀ ਉਨ੍ਹਾਂ ਦੇ ਨਾਲ ਹੋ ਤੁਰੇ। ਉਹ ਸਾਰੇ ਜਦੋਂ ਉਸ ਰੇਗਿਸਤਾਨ ‘ਚ ਪੁੱਜੇ ਤਾਂ ਉਨ੍ਹਾਂ ਦਾ ਸਾਹਮਣਾ ਡੇਢ ਸੌ ਤੋਂ ਵੱਧ ਬਿੱਲੀਆਂ ਤੇ ਬਲੂੰਗੜਿਆਂ ਨਾਲ ਹੋਇਆ, ਜਿਨ੍ਹਾਂ ਵਿਚੋਂ 60 ਤਾਂ ਰੇਗਿਸਤਾਨ ਦੀ ਤਪਦੀ ਮਿੱਟੀ ਦਾ ਤਿੱਖੜ ਸੇਕ ਨਾ ਝੱਲਦੀਆਂ ਦਮ ਤੋੜ ਚੁੱਕੀਆਂ ਸਨ, ਜਦਕਿ 94 ਨੂੰ ਬਚਾ ਕੇ ਸੁਰੱਖਿਅਤ ਠੰਢੇ ਸਥਾਨਾਂ ‘ਤੇ ਪਹੁੰਚਾਇਆ ਗਿਆ। ਜਿਨ੍ਹਾਂ ਬਿੱਲੀਆਂ ‘ਚ ਥੋੜ੍ਹੀ ਬਹੁਤ ਜਾਨ ਬਚੀ ਹੋਈ ਸੀ, ਉਹ ਇਨਸਾਨਾਂ ਨੂੰ ਵੇਖ ਕੇ ਦੁਪਹਿਰ ਸਮੇਂ ਤਪਦੀ ਰੇਤ ਵਿਚ ਕਿਵੇਂ ਨਾ ਕਿਵੇਂ ਡਿਗਦੀਆਂ ਢਹਿੰਦੀਆਂ ਟੀਮ ਦੇ ਮੈਂਬਰਾਂ ਤੱਕ ਪੁੱਜਣ ਲੱਗੀਆਂ। ਉਹ ਛਿਣ ਬਹੁਤ ਦੁਖਦਾਈ ਸਨ। ਪਤਾ ਨਹੀਂ ਕਿੰਨੇ ਕੁ ਦਿਨਾਂ ਦੇ ਰੇਤਲੋ ਤੂਫਾਨਾਂ ਨੇ ਉਨ੍ਹਾਂ ਦੀ ਹਾਲਤ ਖਰਾਬ ਕੀਤੀ ਗਈ ਸੀ। ਕਈ ਬਿੱਲੀਆਂ ਦੀਆਂ ਰੇਤ ਅੰਦਰ ਆਪਮੁਹਾਰੇ ਕਬਰਾਂ ਬਣੀਆਂ ਹੋਈਆਂ ਸਨ।
ਇੰਗਲੈਂਡ ‘ਚ ਆਈ.ਟੀ. ਪ੍ਰਾਜੈਕਟ ਮੈਨੇਜਮੈਂਟ ਦੇ ਮੁਖੀ ਵਜੋਂ ਵਿਚਰ ਰਹੇ ਚੀਕੂ ਸਿੰਘ ਦੱਸਦੇ ਹਨ ਕਿ ਉਨ੍ਹਾਂ ਛਿਣਾਂ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਣਗੇ। ਇੰਨੇ ਸੋਹਣੇ ਪਸ਼ੂਆਂ ਦੀ ਇੰਨੀ ਮਾੜੀ ਦਸ਼ਾ ਤੇ ਬੇਕਦਰੀ। ਜਿਹੜੇ ਲੋਕ ਉਨ੍ਹਾਂ ਨੂੰ ਇੰਜ ਲਾਵਾਰਸ ਤੇ ਬੇਸਹਾਰਾ ਹਾਲਤ ਵਿਚ ਛੱਡ ਕੇ ਗਏ ਸਨ, ਉਨ੍ਹਾਂ ਦੀ ਸੋਚ ਤੇ ਸਮਝ ‘ਤੇ ਗੁੱਸੇ ਦੀ ਥਾਂ ਤਰਸ ਆ ਰਿਹਾ ਸੀ। ਇਹ ਸਭ ਦੱਸਦਿਆਂ ਵੀ ਚੀਕੂ ਸਿੰਘ ਦੀਆਂ ਅੱਖਾਂ ਵਿਚੋਂ ਅੱਥਰੂ ਤਿੱਪਤਿੱਪ ਵਹਿ ਰਹੇ ਸਨ। ਉਨ੍ਹਾਂ ਬੇਜ਼ੁਬਾਨਾਂ ਨੂੰ ਬਚਾਉਣ ਲਈ ਚੀਕੂ ਸਿੰਘ ਤੇ ਉਨ੍ਹਾਂ ਦੀ ਟੀਮ ਨੂੰ ਦਿਨ -ਰਾਤ ਕੰਮ ਕਰਨਾ ਪਿਆ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਬਿੱਲੀਆਂ ਦੇ ਖਤਰੇ ਵਿਚ ਹੋਣ ਦੀ ਖਬਰ ਸੁਣ ਕੇ ਚੀਕੂ ਸਿੰਘ ਤੇ ਉਨ੍ਹਾਂ ਦੇ ਜਿਹੜੇ ਸਾਰੇ ਸਾਥੀਆਂ ਦੀ ਟੀਮ ਤੁਰਤਫੁਰਤ ਆਬੂਧਾਬੀ ਪੁੱਜੀ ਸੀ, ਉਹ ਸਾਰੇ ਹੀ ਪਾਲਤੂ ਜਾਨਵਰਾਂ ਨੂੰ ਦਿਲੋਂ ਪਿਆਰ ਕਰਨ ਵਾਲੇ ਸਨ। ਮੱਧਪੂਰਬੀ ਦੇਸ਼ਾਂ ਦੇ ਮੀਡੀਆ ਨੇ ਇਸ ਟੀਮ ਦਾ ਭਰਪੂਰ ਸਵਾਗਤ ਕੀਤਾ। ਇਨ੍ਹਾਂ ਦੀਆਂ ਖਬਰਾਂ ਪੜ੍ਹ ਕੇ ਹੋਰ ਵੀ ਕਈ ਪਸ਼ੂ ਪ੍ਰੇਮੀ ਉਸ ‘ਮੰਦਭਾਗੀ’ ਥਾਂ ‘ਤੇ ਪੁੱਜਣ ਲੱਗੇ ਤੇ ਉਨ੍ਹਾਂ ‘ਚੋਂ ਕਈ ਬਲੂੰਗੜੇ ਤੇ ਬਿੱਲੀਆਂ ਨੂੰ ਪਾਲਣ ਲਈ ਉਹ ਆਪਣੇ ਨਾਲ ਲੈ ਗਏ।
ਆਬੂਧਾਬੀ ਦੇ ਕੁਝ ਅਜਿਹੇ ਦੁਖੀ ਪਸ਼ੂਪ੍ਰੇਮੀ ਅਜਿਹੇ ਵੀ ਸਾਹਮਣੇ ਆਏ, ਜਿਨ੍ਹਾਂ ਦੀਆਂ ਬਿੱਲੀਆਂ ਹੈਰਾਨੀਜਨਕ ਢੰਗ ਨਾਲ ਗਾਇਬ ਹੋ ਗਈਆਂ ਸਨ, ਪਰ ਬਾਅਦ ਵਿਚ ਉਹ ਰੇਗਿਸਤਾਨ ਵਿਚੋਂ ਮਿਲੀਆਂ। ਉਂਜ ਆਬੂਧਾਬੀ ਦੀ ਸਰਕਾਰ ਨੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS