Breaking News
Home / ਰੈਗੂਲਰ ਕਾਲਮ / ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ

ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ

ਜਰਨੈਲ ਸਿੰਘ
(ਕਿਸ਼ਤ 20ਵੀਂ)
ਸਤੰਬਰ, 1969 ਵਿਚ ਮੇਰੀ ਤੇ ਮਨਜੀਤ ਦੀ ਬਦਲੀ ਪੁਣੇ ਦੀ ਹੋ ਗਈ। ਇਹ ਸਾਡੀ ਦੋਸਤੀ ਦੇ ਰਿਸ਼ਤੇ ਵਿਚਲੀ ਸੁਹਿਰਦਤਾ ਹੀ ਸੀ ਕਿ ਸਾਡੀ ਤੀਜੀ ਪੋਸਟਿੰਗ ਵੀ ਇਕੋ ਥਾਂ ਹੋਈ। ਆਗਰੇ ਸਾਡੀਆਂ ਯੂਨਿਟਾਂ ਵੱਖ-ਵੱਖ ਸਨ ਪਰ ਪੁਣੇ ਯੂਨਿਟ ਵੀ ਇਕ ਹੀ ਸੀਂ ਨੰਬਰ 220 ਸੁਕਾਡਰਨ।
ਪੁਣੇ ਹਵਾਈ ਅੱਡੇ ‘ਚ ਕੁਆਟਰ ਛੇਤੀ ਮਿਲ ਜਾਣੇ ਸਨ ਪਰ ਜਾਂਦਿਆਂ ਸਾਰ ਨਹੀਂ ਸੀ ਮਿਲਣੇ। ਓਥੇ ਕੁਆਟਰ ਸ਼ੇਅਰ ਕਰਨ ਦੀ ਰਵਾਇਤ ਹੈਗੀ ਸੀ। ਮੈਂ ਆਪਣੇ ਐਂਟਰੀ-ਮੇਟ ਪਰਦੀਪ ਲੂਥਰਾ ਨੂੰ ਇਸ ਤਰ੍ਹਾਂ ਦਾ ਪ੍ਰਬੰਧ ਕਰਨ ਲਈ ਚਿੱਠੀ ਲਿਖੀ। ਉਹ ਆਪ ਤਾਂ ਅਜੇ ਛੜਾ ਹੀ ਸੀ ਪਰ ੳਸਦੇ ਕੁਝ ਸਾਥੀ ਵਿਆਹੇ ਹੋਏ ਸਨ। ਉਸਨੇ ਕੁਆਟਰਾਂ ‘ਚ ਰਹਿੰਦੇ ਉਨ੍ਹਾਂ ਸਾਥੀਆਂ ਰਾਹੀਂ ਪ੍ਰਬੰਧ ਕਰ ਦਿੱਤਾ। ਮੈਂ ਉਸਨੂੰ ਪੁਣੇ ਪਹੁੰਚਣ ਦੀ ਤਾਰੀਖ਼ ਲਿਖ ਦਿੱਤੀ।
ਸਾਡੀ ਰੇਲ ਗੱਡੀ ਸ਼ਾਮ ਨੂੰ ਛੇ ਕੁ ਵਜੇ ਪੁਣੇ ਸਟੇਸ਼ਨ ‘ਤੇ ਪਹੁੰਚੀ। ਬਦਲੀਆਂ ਵਾਲ਼ਿਆਂ ਨੂੰ ਛੱਡਣ-ਲਿਜਾਣ ਲਈ ਹਵਾਈ ਅੱਡੇ ਤੋਂ ਆਈ ‘ਪੋਸਟਿੰਗ ਰੱਨ’ ਜਾ ਚੁੱਕੀ ਸੀ। ਅਗਲੀ ‘ਪੋਸਟਿੰਗ ਰਨ’ ਰਾਤ ਨੌਂ ਵਜੇ ਆਉਣੀ ਸੀ। ਅਸੀਂ ਦਿਨੇ-ਦਿਨੇ ਪਹੁੰਚਣਾ ਚਾਹੁੰਦੇ ਸਾਂ। ਦੋ ਸਾਧਨ ਸਨ, ਟੈਕਸੀਆਂ ਜਾਂ ਟਾਂਗੇ। ਵਾਟ ਸੀ 12 ਕਿਲੋਮੀਟਰ। ਟੈਕਸੀ ਦਾ ਕਿਰਾਇਆ ਜ਼ਿਆਦਾ ਸੀ। ਸਾਡਾ ਸਾਮਾਨ ਥੋੜ੍ਹਾ ਹੀ ਸੀ। ਮੈਂ ਤੇ ਮਨਜੀਤ ਨੇ ਸਲਾਹ ਕਰਕੇ ਦੋ ਟਾਂਗੇ ਕਰ ਲਏ। ਸ਼ਹਿਰ ‘ਚੋਂ ਨਿੱਕਲ ਹੀ ਰਹੇ ਸਾਂ ਕਿ ਮੀਂਹ-ਹਨ੍ਹੇਰੀ ਦਾ ਝੱਖੜ ਝੁੱਲ ਪਿਆ। ਵਾਛੜਦਾਰ ਮੀਂਹ ਏਨਾ ਜ਼ੋਰਦਾਰ ਸੀ ਕਿ ਟਾਂਗਿਆਂ ਦੀਆਂ ਛੱਤਾਂ ਸਾਨੂੰ ਭਿੱਜਣ ਤੋਂ ਬਚਾ ਨਾ ਸਕੀਆਂ। ਮਿੰਟਾਂ ਵਿਚ ਹੀ ਸਾਰੇ ਪਾਸੇ ਜਲ-ਥਲ ਹੋ ਗਿਆ। ਸੜਕ ‘ਚ ਪਾਣੀ ਵਗਣ ਲੱਗ ਪਿਆ। ਟਾਂਗੇ ਵਾਲ਼ਿਆਂ ਟਾਂਗੇ ਇਕ ਪਾਸੇ ਲਾ ਲਏ। ਝੱਖੜ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਸਾਡੇ ਕੱਪੜਿਆਂ ‘ਚੋਂ ਪਾਣੀ ਨੁੱਚੜ ਰਿਹਾ ਸੀ। ਹਰਪ੍ਰੀਤ ਅੱਠ ਮਹੀਨੇ ਦਾ ਸੀ। ਉਸਨੂੰ ਕੰਬਣੀ ਛਿੜ ਪਈ। ਸੜਕ ਦੇ ਇਕ ਪਾਸੇ ਵਿਰਲੇ-ਵਿਰਲੇ ਮਕਾਨ ਸਨ। ਟਾਂਗਿਆਂ ਤੋਂ ਉੱਤਰ ਅਸੀਂ ਇਕ ਘਰ ਦੇ ਨਿੱਕੇ ਜਿਹੇ ਵਾਧਰੇ ਹੇਠ ਜਾ ਖਲੋਏ। ਸਿਰ ਢੱਕਣ ਜਿਹਾ ਤਾਂ ਹੋ ਗਿਆ ਪਰ ਮੀਂਹ ਤੋਂ ਬਚਾਅ ਨਹੀਂ ਸੀ। ਘਰ ਵਾਲ਼ੇ ਚੰਗੇ ਬੰਦੇ ਸਨ। ਸਾਡੀ ਹਾਲਤ ਭਾਂਪ ਕੇ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ। ਅਸੀਂ ਸੰਖੇਪ ‘ਚ ਆਪਣੇ ਸਫਰ ਦੀ ਵਾਰਤਾ ਦੱਸੀ। ਘਰ ਛੋਟਾ ਸੀ। ਉਨ੍ਹਾਂ ਹਰਪ੍ਰੀਤ ਦੁਆਲੇ ਕੰਬਲ ਲਪੇਟ ਦਿੱਤਾ ਤੇ ਲਾਗਲੇ ਘਰ ਦਾ ਦਰਵਾਜ਼ਾ ਖੁਲ੍ਹਵਾ ਲਿਆ। ਮਨਜੀਤ ਤੇ ਗੁਰਦੀਪ ਭੈਣ ਜੀ ਓਧਰ ਚਲੇ ਗਏ।
ਝੱਖੜ ਰੁਕਣ ‘ਤੇ ਜਦੋਂ ਅਸੀਂ ਬਾਹਰ ਆਉਣ ਲੱਗੇ ਤਾਂ ਘਰ ਦੀ ਸੁਆਣੀ ਨੇ ਸਾਨੂੰ ਛਤਰੀ ਫੜਾ ਦਿੱਤੀ। ਕਹਿਣ ਲੱਗੀ, ”ਬਾਰਿਸ਼ ਕਾ ਕਿਆ ਭਰੋਸਾ। ਇਸ ਸੇ ਬੱਚੇ ਕਾ ਬਚਾਅ ਹੋ ਜਾਏਗਾ।” ਉਨ੍ਹਾਂ ਦਾ ਧੰਨਵਾਦ ਕਰਕੇ ਅਸੀਂ ਟਾਂਗਿਆ ‘ਚ ਬੈਠ ਗਏ। ਸਾਡਾ ਅਗਲਾ ਰਸਤਾ ਕਾਫ਼ੀ ਉੱਚਾ ਨੀਵਾਂ ਸੀ। ਸੜਕ ਦੇ ਨਾਲ਼-ਨਾਲ਼ ਡੂੰਘੀਆਂ ਥਾਵਾਂ ‘ਤੇ ਪਾਣੀ ਵਗ ਰਿਹਾ ਸੀ। ਉੱਪਰੋਂ ਘੁੱਪ ਹਨ੍ਹੇਰਾ। ਸਫਰ ਖ਼ਤਰਨਾਕ ਬਣ ਗਿਆ ਸੀ। ਉੱਚੀ-ਨੀਵੀਂ ਸੜਕ ‘ਤੇ ਘੋੜਿਆਂ ਵੱਲੋਂ ਉਕਾਈ ਖਾ ਜਾਣ ‘ਤੇ ਹਾਦਸਾ ਵਾਪਰ ਸਕਦਾ ਸੀ। ਖ਼ੈਰ ਟਾਂਗਿਆਂ ਵਾਲ਼ੇ ਰਾਹ ਦੇ ਵਾਕਫ ਸਨ। ਉਹ ਸਾਵਧਾਨੀ ਨਾਲ਼ ਘੋੜਿਆਂ ਨੂੰ ਹੌਲੀ-ਹੌਲੀ ਤੋਰ ਰਹੇ ਸਨ। ਪੌਣੇ ਘੰਟੇ ਦਾ ਸਫਰ ਢਾਈ ਘੰਟਿਆਂ ‘ਚ ਮੁੱਕਿਆ। ਰਾਤ ਦੇ ਸਾਢੇ ਨੌਂ ਵੱਜ ਚੁੱਕੇ ਸਨ।
ਟਾਂਗਿਆਂ ਨੂੰ ਇਕ ਪਾਸੇ ਲੁਆ ਕੇ ਮੈਂ ਕਾਹਲ਼ੇ ਕਦਮੀਂ ਪਰਦੀਪ ਦੀ ਬੈਰਕ ‘ਚ ਗਿਆ। ਸਾਨੂੰ ਉਡੀਕ-ਉਡੀਕ ਉਹ ਸੌਣ ਦੀ ਤਿਆਰੀ ‘ਚ ਸੀ। ਇਕ ਕੁਆਟਰ ਦਾ ਨੰਬਰ ਦੱਸ ਕੇ ਮੈਨੂੰ ਚਾਬੀ ਫੜਾਉਂਦਾ ਉਹ ਬੋਲਿਆ, ”ਇਸ ਕੁਆਟਰ ਵਾਲ਼ੀ ਫੈਮਿਲੀ ਛੁੱਟੀ ‘ਤੇ ਹੈ। ਅਜੇ ਤੁਸੀਂ ਦੋਵੇਂ ਇਸ ਵਿਚ ਰਹੋ। ਹਫ਼ਤੇ ਕੁ ਤੱਕ ਮੈਂ ਦੂਜੇ ਕੁਆਟਰ ਦਾ ਬੰਦੋਬਸਤ ਵੀ ਕਰ ਦਿਆਂਗਾ।”
ਕੁਆਟਰ ਦਾ ਨੰਬਰ ਲੱਭ ਕੇ ਅਸੀਂ ਜੰਦਰਾ ਖੋਲ੍ਹਿਆ ਤੇ ਸਾਮਾਨ ਰੱਖ ਲਿਆ। ਟਾਂਗਿਆਂ ਵਾਲਿਆਂ ਨੂੰ ਕਿਰਾਏ ਤੋਂ ਵੱਧ ਪੈਸੇ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਸਾਡੇ ਬੈੱਡ-ਹੋਲਡਾਲ ਤੇ ਵੱਡੇ-ਛੋਟੇ ਝੋਲਿਆਂ ਵਿਚਲੇ ਕੱਪੜੇ ਅੱਧ-ਪਚੱਧੇ ਭਿੱਜ ਗਏ ਸਨ। ਪਰ ਟਰੰਕਾਂ ਵਿਚਲੇ ਠੀਕ ਸਨ… ਅਸੀਂ ਕਈ ਦਿਨ ਝੱਖੜ ਦੀਆਂ ਗੱਲਾਂ ਹੀ ਕਰਦੇ ਰਹੇ। ਮੌਸਮ ਨੂੰ ਦੋਸ਼ ਦੇਣ ਦੇ ਨਾਲ਼-ਨਾਲ਼ ਅਸੀਂ ਆਪਣੇ ਆਪ ਨੂੰ ਵੀ ਕੋਸ ਰਹੇ ਸਾਂ ਕਿ ਟਾਂਗਿਆਂ ਦੀ ਬਜਾਇ ਅਸੀਂ ਟੈਕਸੀਆਂ ਕਿਉਂ ਨਾ ਕੀਤੀਆਂ। ਦਰਅਸਲ ਉਦੋਂ ਸਾਡੇ ਵਰਗੇ ਆਮ ਲੋਕਾਂ ਦੀ ਜ਼ਿੰਦਗੀ ਸਰਫਿਆਂ ਵਾਲ਼ੀ ਸੀ। ਤਨਖਾਹਾਂ ਥੋੜ੍ਹੀਆਂ ਸਨ। ਹੱਥ ਘੁੱਟ ਕੇ ਗੁਜ਼ਾਰਾ ਕਰਨਾ ਪੈਂਦਾ ਸੀ।
ਪੁਣੇ, ਜਿਸਦਾ ਨਾਂ ਉਦੋਂ ਪੂਨਾ ਹੁੰਦਾ ਸੀ, ਇਤਿਹਾਸਕ ਸ਼ਹਿਰ ਹੈ। ਮਰਾਠਾ ਕੌਮ ਦੇ ਪੇਸ਼ਵਾ ਹਾਕਮਾਂ ਦਾ ਹੈੱਡ ਕੁਆਟਰ ਪੂਨਾ ਹੁੰਦਾ ਸੀ। ਆਜ਼ਾਦੀ ਸੰਗਰਾਮ ਦੌਰਾਨ ਮਹਾਤਮਾ ਗਾਂਧੀ ਨੂੰ ਏਥੋਂ ਦੇ ‘ਯਰਵੜਾ ਜ਼ੇਲ ਵਿਚ ਕਈ ਵਾਰ ਕੈਦ ਕੀਤਾ ਗਿਆ। ਆਜ਼ਾਦੀ ਘੁਲਾਟੀਏ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਬਾਲ ਗੰਗਾਧਰ ਤਿਲਕ ਦੀਆਂ ਸਰਗਰਮੀਆਂ ਦਾ ਕੇਂਦਰ ਵੀ ਪੂਨਾ ਹੀ ਸੀ।
ਪੁਣੇ ਪਹੁੰਚਣ ਦੇ ਤੀਜੇ ਦਿਨ ਸਾਡਾ ਡਿੰਜਨ ਹਵਾਈ ਅੱਡੇ ਦਾ ਜਾਣੂ ਹਰਦੇਵ ਸਿੰਘ ਟੱਕਰ ਪਿਆ। ਉਹ ਕਹਿਣ ਲੱਗਾ ਇਕ ਜਣਾ ਮੇਰੇ ਕੁਆਟਰ ‘ਚ ਆ ਜਾਓ। ਮਨਜੀਤ-ਗੁਰਦੀਪ ਉਸਦੇ ਕੁਆਟਰ ‘ਚ ਚਲੇ ਗਏ। ਸਾਡੇ ਕੁਆਟਰ ਵਾਲ਼ਾ ਅਜੈ ਸ਼ਰਮਾ ਪਰਿਵਾਰ ਸਮੇਤ ਛੁੱਟੀ ਤੋਂ ਵਾਪਸ ਆ ਗਿਆ ਸੀ। ਸਾਡੇ ਨਾਲ਼ ਉਸਦਾ ਵਿਹਾਰ ਠੀਕ ਸੀ। ਪਰ ਉਸਨੂੰ ਮਟਕਾ (ਨੰਬਰਾਂ ‘ਤੇ ਚਲਦਾ ਜੂਆ) ਖੇਡਣ ਦੀ ਮਾੜੀ ਆਦਤ ਸੀ, ਜਿਸ ਕਰਕੇ ਉਸਦੀ ਪਤਨੀ ਤੇ ਬੇਟੀ ਥੁੜ੍ਹਾਂ ਵਾਲ਼ੀ ਜ਼ਿੰਦਗੀ ਜਿਉ ਰਹੀਆਂ ਸਨ। ਮਟਕੇ ਕਾਰਨ ਅਨੇਕਾਂ ਪਰਿਵਾਰਾਂ ‘ਚ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਸੀ।
ਸਾਡੇ ਸੁਕਆਡਰਨ ਵਿਚ ਦੋ ਜੈੱਟ ਇੰਜਣਾਂ ਵਾਲ਼ੇ ਐਚ.ਐਫ.24 (ਹਿੰਦੋਸਤਾਨ ਫਾਈਟਰ 24) ਨਾਂ ਦੇ ਜਹਾਜ਼ ਸਨ। ਇਸਨੂੰ ‘ਮਾਰੂਤ’ ਵੀ ਕਿਹਾ ਜਾਂਦਾ ਸੀ। ਭਾਰਤ ਦਾ ਇਹ ਜਹਾਜ਼ ‘ਹਿੰਦੋਸਤਾਨ ਐਰੋਨੈਟਿਕਲ ਲਿਮਟਿਡ’ ਨੇ ਬਣਾਇਆ ਸੀ। ਪੁਣੇ ‘ਚ ‘ਮਾਰੂਤ’ ਦਾ ਇਕ ਸੁਕਆਡਰਨ ਹੋਰ ਵੀ ਸੀ। ਇਹ ਜਹਾਜ਼ ‘ਡਾਗ ਫਾਈਟ’ ਵਾਸਤੇ ਏਨਾ ਸਮਰੱਥ ਨਹੀਂ ਸੀ ਪਰ ਹਵਾ ‘ਚੋਂ ਜ਼ਮੀਨੀ ਨਿਸ਼ਾਨੇ ਫੁੰਡਣ ਲਈ ਪੂਰੀ ਤਰ੍ਹਾਂ ਸਮਰੱਥ ਸੀ। ਇਸ ਵਿਚ ਹਜ਼ਾਰ-ਹਜ਼ਾਰ ਪੌਂਡ ਦੇ ਚਾਰ ਬੰਬ ਲੋਡ ਕੀਤੇ ਜਾ ਸਕਦੇ ਸਨ। ਲੋੜ ਅਨੁਸਾਰ ਬੰਬਾਂ ਦੇ ਸਾਈਜ਼ ਵਿਚ ਤਬਦੀਲੀ ਵੀ ਕੀਤੀ ਜਾ ਸਕਦੀ ਸੀ। ਗੋਲ਼ੀਆਂ ਦਾ ਮੀਂਹ ਵਰ੍ਹਾਉਣ ਲਈ ਚਾਰ ਗੰਨਾਂ ਫਿੱਟ ਸਨ। ਟੈਂਕਾਂ ਵਗੈਰਾ ‘ਤੇ ਵਿੰਨਵੇਂ ਵਾਰ ਕਰਨ ਲਈ ਰਾਕਟ ਵੀ ਲੋਡ ਕੀਤੇ ਜਾ ਸਕਦੇ ਸਨ। ਸਾਡੇ ਸੁਕਆਡਰਨ ਕਮਾਂਡਰ ਦਾ ਨਾਂ ਅਜੀਤ ਧਵਨ ਸੀ। ਉਹ ਸੁੱਨਖਾ ਵੀ ਸੀ ਤੇ ਚੁਸਤ-ਫੁਰਤ ਵੀ। ਉਸਦਾ ਰੈਂਕ ਵਿੰਗ ਕਮਾਂਡਰ ਸੀ।
ਮੈਂ ਤੇ ਮਨਜੀਤ ਫਸਟ ਗਰੁੱਪ ਦੇ ਕਾਰਪੋਰਲ ਬਣ ਚੁੱਕੇ ਸਾਂ। ਸਾਡੀ ਡਿਊਟੀ ਰੋਜ਼ਾਨਾ ਸਰਸਿਵਿੰਗ ਸੈਕਸ਼ਨ ‘ਚ ਸੀ। ਸਾਡੇ ਸੈਕਸ਼ਨ ਵਿਚ ਜੋਗਿੰਦਰ ਸਿੰਘ ਢਿੱਲੋਂ, ਸੰਤੋਖ ਸਿੰਘ ਕਬੂਲਪੁਰ, ਧਰਮ ਸਿੰਘ ਢਿੱਲੋਂ ਤੋਂ ਇਲਾਵਾ ਦੂਜੇ ਸੂਬਿਆਂ ਦੇ ਹਵਾਈ ਸੈਨਿਕ ਵੀ ਸਨ। ਜੋਗਿੰਦਰ ਵੀ ਖਹਿਰਾ ਮੱਜਾ ਵਿਆਹਿਆ ਹੋਇਆ ਸੀ। ਕੁਲਵੰਤ ਅਤੇ ਉਸਦੀ ਪਤਨੀ ਸਤਵੰਤ ਪਿੰਡ ਦੇ ਹਾਈ ਸਕੂਲ ‘ਚ ਇਕੱਠੀਆਂ ਪੜ੍ਹੀਆਂ ਸਨ।
1970 ਦੀ 26 ਜਨਵਰੀ ਦੇ ਫਲਾਈ-ਪਾਸਟ ‘ਚ ਮਾਰੂਤ ਜਹਾਜ਼ਾਂ ਨੇ ਵੀ ਭਾਗ ਲਿਆ। ਹਾਈ ਕਮਾਂਡ ਦੇ ਆਦੇਸ਼ ਅਨੁਸਾਰ ਸਾਡੇ ਦੋਵੇਂ ਸੁਕਆਡਰਨ ਲੋੜੀਂਦੇ ਜਹਾਜ਼ ਤੇ ਤਕਨੀਸ਼ਨ ਲੈ ਕੇ ਪਾਲਮ ਹਵਾਈ ਅੱਡੇ ‘ਤੇ ਪਹੁੰਚ ਗਏ। ਭਾਗ ਲੈਣ ਵਾਲ਼ੇ ਸੁਕਆਡਰਨਾਂ ਵਿਚੋਂ ਕੁਝ ਪਾਲਮ ‘ਚ ਸਨ ਤੇ ਕੁਝ ਲਾਗਲੇ ਹਵਾਈ ਅੱਡਿਆਂ ‘ਚ। ਕਈ ਦਿਨ ਰਿਹਰਸਲਾਂ ਚੱਲਦੀਆਂ ਰਹੀਆਂ। ਤਿੰਨਾਂ ਸੈਨਾਵਾਂ ਦੀ ਪਰੇਡ ਤੋਂ ਬਾਅਦ ਪਾਇਲਟਾਂ ਨੇ ਵਾਰੀ ਸਿਰ ਆਪਣੇ ਜਹਾਜ਼ਾਂ ਨਾਲ਼ ਰਾਸ਼ਟਰਪਤੀ ਨੂੰ ਸਲਾਮੀ ਦੇਣ ਲਈ ਉਸਦੇ ਮੰਚ ਦੇ ਸਾਹਮਣਿਓਂ ਨੀਵੀਂ ਉਡਾਣ ਵਿਚ ਗੁਜ਼ਰਨਾ ਹੁੰਦਾ ਹੈ। ਮਾਰੂਤ ਦੇ ਸ਼ਾਇਦ ਬਾਰਾਂ ਜਹਾਜ਼ ਉੱਡੇ ਸਨ, ਚਾਰ-ਚਾਰ ਜਹਾਜ਼ਾਂ ਦੇ ਤਿੰਨ ਬਾਕਸ। ਲੀਡ ਵਿੰਗ ਕਮਾਂਡਰ ਧਵਨ ਨੇ ਕੀਤਾ ਸੀ।
ਦਿੱਲੀਓਂ ਮੁੜਨ ਦੇ ਕੁਝ ਦਿਨਾਂ ਬਾਅਦ ਮੈਨੂੰ ਤੇ ਮਨਜੀਤ ਨੂੰ ਕੁਆਟਰ ਮਿਲ਼ ਗਏ। ਮੈਂ ਪੰਜਾਬ ਯੂਨੀਵਰਸਿਟੀ ਨੂੰ ਬੀ.ਏ ਭਾਗ ਤੀਜਾ ਲਈ ਦਾਖਲਾ ਭੇਜਿਆ ਹੋਇਆ ਸੀ। ਪੜ੍ਹਾਈ ਸ਼ੁਰੂ ਤਾਂ ਕੀਤੀ ਹੋਈ ਸੀ ਪਰ ਵਿਚ ਨਾਗੇ ਪੈ ਜਾਂਦੇ ਸਨ। ਹੁਣ ਹਰ ਰੋਜ਼ ਕਿਤਾਬਾਂ ਨਾਲ਼ ਜੁੜਨ ਲਈ ਟਾਈਮ-ਟੇਬਲ ਬਣਾ ਲਿਆ। ਉਹ ਸਮਾਂ ਮੇਰੇ ਲਈ ਬਹੁਤ ਹੀ ਰੁਝੇਵਿਆਂ ਭਰਿਆ ਸੀ। ਕੰਮ ਦੀਆਂ ਡਿਊਟੀਆਂ, ਪਰਿਵਾਰ ਦੀ ਦੇਖਭਾਲ਼ ਤੇ ਪੜ੍ਹਾਈ। ਖ਼ੈਰ ਹੌਸਲਾ ਕਾਇਮ ਸੀ। ਨੀਂਦ ਦੇ ਘੰਟੇ ਘਟਾ ਲਏ ਸਨ। ਅਪ੍ਰੈਲ ‘ਚ ਛੁੱਟੀ ਲੈ ਕੇ ਮੈਂ ਪਰਿਵਾਰ ਸਮੇਤ ਪਿੰਡ ਚਲਾ ਗਿਆ। ਇਮਤਿਹਾਨ ਦਾ ਸੈਂਟਰ ਐਤਕੀਂ ਵੀ ਸਰਕਾਰੀ ਕਾਲਜ ਹੁਸ਼ਿਆਰਪੁਰ ਸੀ। ਪੇਪਰ ਠੀਕ ਹੋ ਗਏ। ਉਨ੍ਹਾਂ ਹੀ ਦਿਨ੍ਹਾਂ ਵਿਚ ਅਸੀਂ ਗਵਾਂਢੀ ਪਿੰਡ ਅਜੜਾਮ ‘ਚ ਦੋ ਘੁਮਾਂ ਜ਼ਮੀਨ ਸਸਤੇ ਭਾਅ ਖ਼ਰੀਦ ਲਈ। ਉਹ ਜ਼ਮੀਨ ਸੀ ਤਾਂ ਹਲਕੀ ਪਰ ਸਾਡੀ ਪਿੰਡ ਵਾਲ਼ੀ ਜ਼ਮੀਨ ਦੇ ਲਾਗੇ ਪੈਂਦੀ ਸੀ।
ਮਈ ਮਹੀਨੇ ਦੀ ਗਰਮੀ ਜ਼ੋਰਾਂ ‘ਤੇ ਸੀ। ਮੈਂ ਦਿਨ ਦਾ ਬਹੁਤਾ ਸਮਾਂ ਟਿਊਬਵੈੱਲ ‘ਤੇ ਟਾਹਲੀਆਂ ਦੀ ਛਾਂ ਵਿਚ ਹੀ ਗੁਜ਼ਾਰਦਾ। ਦੁਪਹਿਰ ਨੂੰ ਤਾਲੋ-ਤਾਲ ਭਰੇ ਚਲ਼੍ਹੇ ਦੇ ਠੰਢੇ ਪਾਣੀ ‘ਚ ਵੜ ਜਾਂਦਾ। ਉਦੋਂ ਟਿਊਬਵੈੱਲਾਂ ਦੀ ਬਿਜਲੀ ਦਿਨ ਰਾਤ ਰਹਿੰਦੀ ਸੀ। ਕਦੀ-ਕਦੀ ਟਿਊਬਵੈੱਲ ‘ਤੇ ਹੀ ਸੌਂ ਜਾਂਦਾ।
ਸਾਥੋਂ ਅਗਲਾ ਅੱਡਾ-ਗੱਡਾ ਕੇਵਲ ਦਾ ਸੀ। ਪਿਉ ਦੀ ਅਚਾਨਕ ਮੌਤ ਉਪਰੰਤ ਨੌਜਵਾਨ ਕੇਵਲ ਨੇ ਖੇਤੀ ਦਾ ਪੂਰਾ ਕੰਮ ਜ਼ਿੰਮੇਵਾਰੀ ਨਾਲ਼ ਚੁੱਕ ਲਿਆ ਸੀ। ਉਸਦਾ ਛੋਟਾ ਭਰਾ ਭਿੰਦਾ ਅੱਠਵੀਂ ‘ਚੋਂ ਦੋ ਵਾਰ ਫੇਲ੍ਹ ਹੋ ਚੁੱਕਾ ਸੀ। ਹੁਣ ਉਹ ਨਾ ਪੜ੍ਹਦਾ ਤੇ ਨਾ ਹੀ ਕੇਵਲ ਨਾਲ਼ ਨਿੱਠ ਕੇ ਕੰਮ ਕਰਵਾਉਂਦਾ। ਸੌਂਦਾ ਘਰੇ ਸੀ। ਦੁਪਹਿਰ ਚੜ੍ਹੇ ਖੇਤਾਂ ‘ਚ ਪਹੁੰਚਦਾ। ਕੇਵਲ ਉਸਦਾ ਮੰਜਾ ਬਿਸਤਰਾ ਚੁੱਕ ਕੇ ਅੱਡੇ-ਗੱਡੇ ‘ਤੇ ਲੈ ਆਇਆ, ਆਪਣੇ ਕੋਲ਼। ਉਹ ਭਿੰਦੇ ਨੂੰ ਸਵੇਰੇ ਮੂੰਹ-ਹਨ੍ਹੇਰੇ ਉਠਾ ਕੇ ਕੰਮ ਸ਼ੁਰੂ ਕਰਨ ਲਈ ਆਖਦਾ। ਭਿੰਦਾ ਪਹਿਲਾਂ ਮੰਜੇ ‘ਤੇ ਪਾਸੇ ਮਾਰਦਾ ਰਹਿੰਦਾ ਫਿਰ ਉੱਠ ਕੇ ਪੱਗ ਬੰਨ੍ਹਣ ਲੱਗ ਪੈਂਦਾ। ਬੰਨ੍ਹੀ ਹੋਈ ਪੱਗ ‘ਤੇ ਹੱਥ ਜਿਹੇ ਫੇਰਦਿਆਂ ਢਾਹ ਦੇਂਦਾ। ”ਢਾਈ ਕਾਹਤੇ?” ਕੇਵਲ ਪੁੱਛਦਾ।
”ਸੂਤ ਨ੍ਹੀਂ ਆਈ।”ਭਿੰਦੇ ਦਾ ਜਵਾਬ ਹੁੰਦਾ।
”ਤੂੰ ਕਿਹੜਾ ਦਫ਼ਤਰ ‘ਚ ਜਾਣੈ, ਮੇਰੇ ਵਾਂਗ ਸਿਰ ‘ਤੇ ਪਰਨਾ ਲਪੇਟ ਲਿਆ ਕਰ।” ਕੇਵਲ ਸਮਝਾਉਣ ਦੀ ਕੋਸ਼ਿਸ਼ ਕਰਦਾ।
ਪਰ ਭਿੰਦਾ ਉਸਦੀਆਂ ਗੱਲਾਂ ਅਣਗੌਲੀਆਂ ਕਰ ਦੇਂਦਾ… ਇਕ ਸਵੇਰ ਜਦੋਂ ਪੱਗ ਬੰਨ੍ਹ ਰਹੇ ਭਿੰਦੇ ਨੇ ਦੂਜੀ ਵਾਰ ਢਾਹੀ, ਕੇਵਲ ਨੂੰ ਗੁੱਸਾ ਚੜ੍ਹ ਗਿਆ। ਉਹ ਭਿੰਦੇ ਨੂੰ ਕੁੱਟਣ ਲਗ ਪਿਆ। ਭਿੰਦੇ ਨੇ ਅੜਾਟ ਪਾ ਦਿੱਤਾ। ਅੜਾਟ ਸੁਣ ਕੇ ਮੈਨੂੰ ਜਾਗ ਆ ਗਈ। ਕੁਲਦੀਪ ਉੱਠ ਕੇ ਹੱਥ-ਮੂੰਹ ਧੋ ਰਿਹਾ ਸੀ। ਉਹ ਉੱਚੀ ਸੁਰ ‘ਚ ਬੋਲਿਆ, ”ਓ ਕੀ ਗੱਲ ਹੋਗੀ, ਸਵੇਰੇ-ਸਵੇਰੇ ਹੀ ਚੀਕ-ਚਿਹਾੜਾ ਪਾ ਦਿੱਤਾ।”
”ਮੈਂ ਭਿੰਦੇ ਦੀ ਪੱਗ ਬੰਨ੍ਹਦਾ ਆਂ।” ਖਿਝੀ ਹੋਈ ਆਵਾਜ਼ ਵਿਚ ਕੇਵਲ ਨੇ ਦੱਸਿਆ।
”ਹੁਣ ਨੋਕ ਚੰਗੀ ਤਰ੍ਹਾਂ ਕੱਢ ਦਈਂ।” ਕੁਲਦੀਪ ਬੋਲਿਆ।
ਕੇਵਲ ਤੇ ਕੁਲਦੀਪ ਦੇ ਸੰਵਾਦ ਸੁਣ ਕੇ ਮੈਂ ਖੂਬ ਹੱਸਿਆ। … ਪੁਣੇ ਵੀ ਗਰਮੀ ਤਾਂ ਸੀ ਪਰ ਪੰਜਾਬ ਨਾਲ਼ੋਂ ਘੱਟ। ਸ਼ਾਮ ਨੂੰ ਮੌਸਮ ਖੁਸ਼ਗਵਾਰ ਹੋ ਜਾਂਦਾ, ਘੁੰਮਣ-ਫਿਰਨ ਵਾਸਤੇ ਢੁੱਕਵਾਂ। ਪੁਣੇ ਦੀ ਪੀ.ਐਮ.ਟੀ (ਪੂਨਾ ਮਿਊਂਸਿਪਲ ਟਰਾਂਸਪੋਰਟ) ਬੱਸ ਸਰਵਿਸ ਵਧੀਆ ਸੀ। ਬੱਸਾਂ ਦੇ ਟਾਈਮ ਵੀ ਬਹੁਤ ਸਨ ਤੇ ਹਰ ਸਟਾਪ ‘ਤੇ ਪਹੁੰਚਦੀਆਂ ਵੀ ਐਨ੍ਹ ਟਾਈਮ ‘ਤੇ ਸਨ। ਲੋਕਾਂ ਵਿਚ ਅਨੁਸ਼ਾਸਨ ਵੀ ਸੀ। ਨਾ ਕੋਈ ਲਾਈਨ ਤੋੜਦਾ ਤੇ ਨਾ ਹੀ ਧੁਸ ਦੇ ਕੇ ਚੜ੍ਹਨ ਦੀ ਕੋਸ਼ਿਸ਼ ਕਰਦਾ। ਕੰਡਕਟਰ ਮਰਾਠੀ ਭਾਸ਼ਾ ਵਿਚ ਜਦੋਂ ‘ਥਾਂਬਾ’ ਆਖ ਦੇਂਦਾ ਤਾਂ ਸਵਾਰ ਹੋਣ ਵਾਲ਼ਾ ਅਗਲਾ ਬੰਦਾ ਉਸੇ ਪਲ ਦਰਵਾਜ਼ੇ ਤੋਂ ਪਿਛਾਂਹ ਹੋ ਜਾਂਦਾ।
ਹਵਾਈ ਅੱਡੇ ਤੋਂ ਹਰ 20 ਮਿੰਟ ਬਾਅਦ ਬੱਸ ਸ਼ਹਿਰ ਨੂੰ ਜਾਂਦੀ ਸੀ। ਮੈਂ ਮਰਾਠੀ ਹਵਾਈ ਸੈਨਿਕਾਂ ਤੋਂ ਪੁਣੇ ਦੇ ਸਾਫ-ਸੁਥਰੇ ਪਾਰਕਾਂ ਬਾਰੇ ਸੁਣਿਆ ਹੋਇਆ ਸੀ। ਮੈਂ ਤੇ ਮਨਜੀਤ ਫੈਮਲੀਆਂ ਸਮੇਤ, ਬੱਸਾਂ ਰਾਹੀਂ ਕਦੀ ਕਮਲਾ ਨਹਿਰੂ ਪਾਰਕ, ਕਦੀ ਸਾਂਭਾ ਜੀ ਪਾਰਕ ਤੇ ਕਦੀ ਬੰਦ ਗਾਰਡਨ ਚਲੇ ਜਾਂਦੇ। ਪਾਰਕਾਂ ਵਿਚਲੇ ਵੰਨ-ਸੁਵੰਨੇ ਰੰਗਾਂ ਵਾਲ਼ੇ, ਮਹਿਕਾਂ ਵੰਡਦੇ ਅਨੇਕ ਫੁੱਲਾਂ ਤੇ ਸਜਾਵਟੀ ਬੂਟਿਆਂ ਦੇ ਰਮਣੀਕ ਦ੍ਰਿਸ਼ਾਂ ਨੂੰ ਮਾਣਦਿਆਂ ਰੂਹਾਂ ਤਾਜ਼ਾ ਹੋ ਜਾਂਦੀਆਂ। ਕੁਝ ਬਹੁਤ ਹੀ ਪੁਰਾਣੇ ਤੇ ਦੁਰਲਭ ਦ੍ਰਖਤ ਵੀ ਦੇਖੇ ਪਰ ਉਨ੍ਹਾਂ ਦੇ ਨਾਂ ਹੁਣ ਚੇਤੇ ਨਹੀਂ।
ਮਨਦੀਪ ਬੱਚੀ ਦੇ ਜਨਮ ਨਾਲ਼ ਮਨਜੀਤ ਹੁਰੀਂ ਵੀ ਦੋ ਤੋਂ ਤਿੰਨ ਹੋ ਗਏ ਸਨ। ਪਾਰਕਾਂ ਦੇ ਝੂਲਿਆਂ ‘ਤੇ ਕੁਲਵੰਤ ਤੇ ਗੁਰਦੀਪ ਬੱਚਿਆਂ ਨੂੰ ਝੂਟੇ ਦੇਂਦੀਆਂ।
ਇਕ ਦਿਨ ਬੰਦ ਗਾਰਡਨ ਵਿਚ, ਸਾਡੇ ਗਵਾਂਢੀ ਪਿੰਡ ਰਾਜੋਵਾਲ ਦਾ, ਮੇਰਾ ਹਾਈ ਸਕੂਲ ਦਾ ਜਮਾਤੀ ਪ੍ਰਗਟ ਮਿਲ਼ ਪਿਆ। ਉਹ ਉੱਥੇ ਰੇਲਵੇ ਵਿਚ ਅਸਿਸਟੈਂਟ ਡਰਾਈਵਰ ਸੀ। ਉਸ ਨਾਲ਼ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਬਹੁਤ ਚੰਗਾ ਲੱਗਾ। ਬਾਅਦ ਵਿਚ ਵੀ ਉਸ ਨਾਲ਼ ਮੁਲਾਕਾਤਾਂ ਹੁੰਦੀਆਂ ਰਹੀਆਂ।
ਮੇਰਾ ਬਚਪਨ ਦਾ ਦੋਸਤ ਰਾਜਿੰਦਰ ਸੋਢੀ ਪੁਣੇ ਲਾਗੇ ਪੈਂਦੀ ‘ਨੈਸ਼ਨਲ ਡਿਫੈਂਸ ਅਕੈੱਡਮੀ’ ‘ਚ ਸੈਕੰਡ ਲੈਫਟੀਨੈਂਟ ਦੀ ਟਰੇਨਿੰਗ ਕਰ ਰਿਹਾ ਸੀ। ਕਦੀ- ਕਦੀ ਉਹ ਵੀ ਗੇੜਾ ਮਾਰ ਜਾਂਦਾ।
(ਚਲਦਾ)

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …