Breaking News
Home / ਪੰਜਾਬ / ਬੱਬੇਹਾਲੀ ਦੇ ਪੁੱਤਰ ਸਣੇ 7 ਜ਼ਖਮੀ

ਬੱਬੇਹਾਲੀ ਦੇ ਪੁੱਤਰ ਸਣੇ 7 ਜ਼ਖਮੀ

ਗੁਰਦਾਸਪੁਰ/ਬਿਊਰੋ ਨਿਊਜ਼
ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਖੇ ਮੰਗਲਵਾਰ ਦੁਪਹਿਰੇ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਵਰਕਰਾਂ ਵਿਚਾਲੇ ਹੋਈ ਖੂਨੀ ਝੜਪ ਵਿਚ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਤੇ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਅਮਰਜੋਤ ਸਿੰਘ ਬੱਬੇਹਾਲੀ ਸਮੇਤ ਤਿੰਨ ਅਕਾਲੀ ਵਰਕਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦੋਂ ਕਿ ਦੂਜੇ ਪਾਸੇ ਕਾਂਗਰਸ ਸਮਰਥਕ ਚਾਰ ਵਿਅਕਤੀਆਂ ਨੂੰ ਵੀ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ ਹੈ। ਅਮਰਜੋਤ ਸਮੇਤ ਤਿੰਨ ਅਕਾਲੀ ਵਰਕਰਾਂ ਨੂੰ ਮੁੱਢਲੀ ਸਹਾਇਤਾ ਦੇਣ ਪਿੱਛੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਦੋਵਾਂ ਧਿਰਾਂ ਵਲੋਂ ਇਕ ਦੂਜੇ ‘ਤੇ ਇਕ ਤਰਫਾ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।
ਪਿੰਡ ਬੱਬੇਹਾਲੀ ਵਿਚ ਪਿੰਡ ਦੀ ਪੰਚਾਇਤ ਦਾ ਆਮ ਇਜਲਾਸ ਸੀ। ਇਸ ਮੌਕੇ ਅਕਾਲੀ ਪੰਚਾਇਤ ਨੂੰ ਬਕਾਇਦਾ ਦੋ ਪੰਚਾਇਤਾਂ ਵਿਚ ਵੰਡਣ ਦੀ ਕਾਰਵਾਈ ਚਲਾਈ ਜਾ ਰਹੀ ਸੀ ਅਤੇ ਇਸ ਵਾਸਤੇ ਬੀਡੀਪੀਓ ਦਫਤਰ ਦੇ ਅਧਿਕਾਰੀ ਪੁੱਜੇ ਹੋਏ ਸਨ। ਵੱਡੀ ਗਿਣਤੀ ਵਿਚ ਅਕਾਲੀ ਅਤੇ ਕਾਂਗਰਸੀ ਵਰਕਰ ਮੌਜੂਦ ਸਨ। ਅਮਰਜੋਤ ਸਿੰਘ ਬੱਬੇਹਾਲੀ ਵੀ ਮੌਜੂਦ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਣ ਪਿੱਛੋਂ ਖੂਨੀ ਝੜਪ ਹੋ ਗਈ। ਇਸ ਦੌਰਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਅਮਰਜੋਤ ਸਿੰਘ ਬੱਬੇਹਾਲੀ ਅਤੇ ਉਸਦੇ ਦੋ ਸਾਥੀ ਸਿਕੰਦਰ ਸਿੰਘ ਅਤੇ ਗਗਨਦੀਪ ਸਿੰਘ ਤੇਜ਼ਧਾਰ ਹਥਿਆਰਾਂ ਦੇ ਹਮਲੇ ਵਿਚ ਗੰਭੀਰ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ, ਜਿੱਥੇ ਅਮਰਜੋਤ ਨੇ ਦੱਸਿਆ ਕਿ ਉਨ੍ਹਾਂ ‘ਤੇ ਕਾਂਗਰਸੀ ਵਿਧਾਇਕ ਦੀ ਹੱਲਾਸ਼ੇਰੀ ‘ਤੇ ਕਾਂਗਰਸ ਵਰਕਰਾਂ ਨੇ ਹਮਲਾ ਕੀਤਾ ਹੈ। ਇਨ੍ਹਾਂ ਤਿੰਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਚਾਰ ਜ਼ਖ਼ਮੀ ਕਾਂਗਰਸੀ ਵਰਕਰਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿਚ ਗੁਰਮੁਖ ਸਿੰਘ, ਗੁਰਮੀਤ ਸਿੰਘ, ਗੁਰਮੀਤ ਸਿੰਘ ਪੁੱਤਰ ਤਰਲੋਕ ਸਿੰਘ ਅਤੇ ਨਵਜੋਤ ਸਿੰਘ ਸ਼ਾਮਲ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Check Also

ਯੂਕੇ ਦੀ ਨਵੀਂ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਮਿਲੀ ਥਾਂ

ਖੇਡਾਂ ਅਤੇ ਸੱਭਿਆਚਾਰ ਦਾ ਮਿਲਿਆ ਵਿਭਾਗ ਚੰਡੀਗੜ੍ਹ/ਬਿਊਰੋ ਨਿਊਜ਼ : ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ …