Breaking News
Home / ਪੰਜਾਬ / ਪੰਜਾਬ ਦੇ ਜੇਲ੍ਹ ਵਿਭਾਗ ਦੀ ਨਵੀਂ ਪਹਿਲ

ਪੰਜਾਬ ਦੇ ਜੇਲ੍ਹ ਵਿਭਾਗ ਦੀ ਨਵੀਂ ਪਹਿਲ

ਜੀਵਨ ਸਾਥੀ ਨੂੰ ਇਕੱਲਿਆਂ ਮਿਲ ਸਕਣਗੇ ਕੈਦੀ
ਦੋ ਘੰਟਿਆਂ ਦਾ ਮਿਲੇਗਾ ਸਮਾਂ; ਛੋਟ ਦੇਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜੇਲ੍ਹ ਵਿਭਾਗ ਨੇ ਇੱਕ ਵੱਡੀ ਪਹਿਲਕਦਮੀ ਕੀਤੀ ਹੈ ਜਿਸ ਤਹਿਤ ਚੋਣਵੀਆਂ ਜੇਲ੍ਹਾਂ ਵਿੱਚ ਚੰਗੇ ਆਚਰਨ ਵਾਲੇ ਕੈਦੀਆਂ ਦੇ ਜੀਵਨ ਸਾਥੀ ਕੁਝ ਸਮਾਂ ਜੇਲ੍ਹ ਵਿੱਚ ਬਿਤਾ ਸਕਣਗੇ। ਪੰਜਾਬ ਦੇ ਵਧੀਕ ਡੀਜੀਪੀ (ਜੇਲ੍ਹਾਂ) ਹਰਪ੍ਰੀਤ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਪਹਿਲਕਦਮੀ ਦੀ ਸ਼ੁਰੂਆਤ ਮੰਗਲਵਾਰ ਤੋਂ ਹੀ ਕੀਤੀ ਗਈ ਹੈ ਤੇ ਸ਼ੁਰੂਆਤੀ ਦੌਰ ‘ਚ ਇਹ ਸਹੂਲਤ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ, ਨਾਭਾ ਦੀ ਨਵੀਂ ਜੇਲ੍ਹ ਅਤੇ ਬਠਿੰਡਾ ਵਿੱਚ ਸਥਿਤ ਔਰਤਾਂ ਦੀ ਜੇਲ੍ਹ ਵਿੱਚ ਦਿੱਤੀ ਗਈ ਹੈ।
ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੰਗੀਨ ਅਪਰਾਧਾਂ ਦੇ ਦੋਸ਼ਾਂ ਤਹਿਤ ਬੰਦੀ ਜਾਂ ਜਿਨ੍ਹਾਂ ਕੈਦੀਆਂ ਨੂੰ ਜ਼ੋਖਮ ਵਾਲੇ ਦਾਇਰੇ ਹੇਠ ਮੰਨਿਆ ਜਾਂਦਾ ਹੈ, ਨੂੰ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ।
ਸੂਬੇ ਦੇ ਜੇਲ੍ਹ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਚੰਗੇ ਆਚਰਨ ਵਾਲੇ ਕੈਦੀਆਂ ਲਈ ਅਜਿਹੀ ਸਹੂਲਤ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਹੈ ਤੇ ਆਮ ਤੌਰ ‘ਤੇ ਇਸ ਤਰ੍ਹਾਂ ਦੀ ਸਹੂਲਤ ਪੱਛਮੀ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਦਿੱਤੀ ਜਾਂਦੀ ਹੈ। ਅਧਿਕਾਰੀਆਂ ਦਾ ਦੱਸਣਾ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਸਹੂਲਤ ਅਜਿਹੇ ਕੈਦੀਆਂ ਨੂੰ ਦਿੱਤੀ ਜਾਵੇਗੀ ਜੋ ਲੰਮੇ ਸਮੇਂ ਤੋਂ ਜੇਲ੍ਹ ਦੀ ਚਾਰਦੀਵਾਰੀ ਵਿੱਚ ਬੰਦ ਹਨ। ਜੇਲ੍ਹ ਵਿੱਚ ਕੈਦੀਆਂ ਨੂੰ ਆਪਣੇ ਜੀਵਨ ਸਾਥੀ ਨਾਲ ਸਮਾਂ ਬਿਤਾਉਣ ਲਈ ਦੋ ਘੰਟੇ ਦਾ ਸਮਾਂ ਦਿੱਤਾ ਜਾਵੇਗਾ ਤੇ ਇਸ ਲਈ ਵਿਸ਼ੇਸ਼ ਤੌਰ ‘ਤੇ ਇੱਕ ਕਮਰਾ ਜਿਸ ਨਾਲ ਗੁਸਲਖਾਨੇ ਦੀ ਸਹੂਲਤ ਹੋਵੇ, ਵੱਖਰੇ ਤੌਰ ‘ਤੇ ਅਲਾਟ ਕੀਤਾ ਗਿਆ ਹੈ।
ਇਹ ਸਹੂਲਤ ਇੱਕ ਕੈਦੀ ਨੂੰ ਤਿੰਨਾਂ ਮਹੀਨਿਆਂ ‘ਚ ਇੱਕ ਵਾਰੀ ਦਿੱਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਨਾਲ ਜੇਲ੍ਹ ਵਿੱਚ ਲੰਮੇ ਸਮੇਂ ਤੋਂ ਸਜ਼ਾ ਭੁਗਤ ਰਹੇ ਕੈਦੀਆਂ ਦੇ ਨਿੱਜੀ ਪਰਿਵਾਰਕ ਰਿਸ਼ਤਿਆਂ ‘ਚ ਹੀ ਸੁਧਾਰ ਨਹੀਂ ਹੋਵੇਗਾ ਸਗੋਂ ਕੈਦੀਆਂ ਨੂੰ ਜੇਲ੍ਹਾਂ ਅੰਦਰ ਚੰਗਾ ਆਚਰਨ ਰੱਖਣ ਦੀ ਜ਼ਰੂਰਤ ਮਹਿਸੂਸ ਹੋਵੇਗੀ ਤੇ ਭਵਿੱਖ ਵਿੱਚ ਚੰਗੇ ਆਚਰਨ ਵਾਲੇ ਕੈਦੀਆਂ ਦੀ ਗਿਣਤੀ ਵਧਣਾ ਯਕੀਨੀ ਹੈ। ਜੇਲ੍ਹ ਵਿੱਚ ਬੰਦ ਕੈਦੀ ਜੋ ਵੀ ਔਰਤ ਜਾਂ ਮਰਦ ਹੋਵੇ, ਉਸ ਦੇ ਜੀਵਨ ਸਾਥੀ ਹੋਣ ਦਾ ਪ੍ਰਮਾਣ ਦੇਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਮੈਡੀਕਲ ਸਰਟੀਫਿਕੇਟ ਦਿੱਤੇ ਜਾਣ ਤੋਂ ਬਾਅਦ ਹੀ ਇਸ ਵਿਸ਼ੇਸ਼ ਮੁਲਾਕਾਤ ਦਾ ਹੱਕਦਾਰ ਹੋਵੇਗਾ।
ਇਸ ‘ਚ ਵਿਸ਼ੇਸ਼ ਤੌਰ ‘ਤੇ ਏਡਜ਼, ਐੱਚਆਈਵੀ ਜਾਂ ਕੋਵਿਡ ਵਰਗੀਆਂ ਬਿਮਾਰੀਆਂ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਮਕਸਦ ਜੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਨਾਉਣਾ ਹੈ ਤਾਂ ਜੋ ਸਜ਼ਾ ਪੂਰੀ ਹੋਣ ਤੋਂ ਬਾਅਦ ਕੋਈ ਵਿਅਕਤੀ ਅਪਰਾਧ ਵੱਲ ਨਾ ਮੁੜੇ।
ਖੁੱਲ੍ਹੀ ਮੁਲਾਕਾਤ ਸਹੂਲਤ ਦੇ ਚੰਗੇ ਨਤੀਜੇ ਨਿਕਲੇ : ਏਡੀਜੀਪੀ
ਵਧੀਕ ਡੀਜੀਪੀ (ਜੇਲ੍ਹਾਂ) ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਜੇਲ੍ਹਾਂ ਦੇ ਖੁੱਲ੍ਹੇ ਅਹਾਤੇ ‘ਚ ਕੈਦੀਆਂ ਤੇ ਹਵਾਲੀਆਂ ਨੂੰ ਸਮੁੱਚੇ ਪਰਿਵਾਰਕ ਮੈਂਬਰਾਂ ਨਾਲ ਖੁੱਲ੍ਹੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਆਰੰਭ ਕੀਤਾ ਗਿਆ ਸੀ ਜਿਸ ਦੇ ਸਾਰਥਕ ਸਿੱਟੇ ਨਿੱਕਲੇ ਹਨ। ਇਸ ਮਗਰੋਂ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਜੇਲ੍ਹਾਂ ਵਿੱਚ ਕੈਦੀ ਜਾਂ ਹਵਾਲਾਤੀ ਸੀਖਾਂ ਦੇ ਪਿੱਛੇ ਹੀ ਮੁਲਾਕਾਤ ਕਰਦੇ ਸਨ ਪਰ ਹੁਣ ਪਰਿਵਾਰ ਦੇ 5 ਜੀਅ ਅਤੇ 4 ਛੋਟੇ ਬੱਚੇ ਖੁੱਲ੍ਹੇ ਅਹਾਤੇ ਵਿੱਚ ਬੈਠ ਕੇ ਮਿਲ ਵੀ ਸਕਦੇ ਹਨ ਤੇ ਇਕੱਠਿਆਂ ਖਾਣ-ਪੀਣ ਦੀ ਸਹੂਲਤ ਵੀ ਲੈ ਸਕਦੇ ਹਨ। ਵਧੀਕ ਡੀਜੀਪੀ (ਜੇਲ੍ਹਾਂ) ਦਾ ਦੱਸਣਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਜਿਹੇ ਕੈਦੀਆਂ ਦੀ ਵੱਡੀ ਗਿਣਤੀ ਹੈ ਜੋ ਪਰਿਵਾਰਕ ਮੈਂਬਰਾਂ ਨੂੰ ਪਿਛਲੇ 5-5 ਸਾਲਾਂ ਤੋਂ ਸਿਰਫ਼ ਸਲਾਖਾਂ ਪਿੱਛੇ ਹੀ ਮਿਲਦੇ ਸਨ ਤੇ ਖੁੱਲ੍ਹ ਕੇ ਨਹੀਂ ਮਿਲੇ।

 

Check Also

ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ

ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …