
ਨੇੜੇ ਦੇ ਦੁਕਾਨਦਾਰਾਂ ਤੋਂ ਵੀ ਕੀਤੀ ਗਈ ਪੁੱਛਗਿੱਛ
ਮਾਨਸਾ/ਬਿਊਰੋ ਨਿਊਜ਼
ਮਾਨਸਾ ਵਿਚ ‘ਪਰਵਿੰਦਰ ਸਿੰਘ ਝੋਟਾ’ ਕਤਲ ਮਾਮਲੇ ਦੀ ਜਾਂਚ ਹੁਣ ਸੀਬੀਆਈ ਵਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਸੀਬੀਆਈ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਸੀਬੀਆਈ ਦੀਆਂ ਕਈ ਟੀਮਾਂ ਅੱਜ ਮਾਨਸਾ ਵਿਚ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਸਬੂਤ ਇਕੱਠੇ ਕਰਨ ਅਤੇ ਮਾਮਲੇ ਨਾਲ ਸਬੰਧਤ ਜਾਣਕਾਰੀਆਂ ਇਕੱਠੀਆਂ ਕਰਨ ਵਿਚ ਲੱਗੀਆਂ ਰਹੀਆਂ। ਮੀਡੀਆ ਰਿਪੋਰਟਾਂ ਮੁਤਾਬਕ ਸੀਬੀਆਈ ਦੀ ਫੋਰੈਂਸਿਕ ਟੀਮ ਦੋਸ਼ੀ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ’ਤੇ ਪਹੁੰਚੀ, ਜਿੱਥੇ ਸੈਂਪਲ ਇਕੱਠੇ ਕੀਤੇ ਗਏ। ਇਸਦੇ ਨਾਲ ਹੀ ਘਟਨਾ ਵਾਲੀ ਥਾਂ ਦੇ ਨੇੜੇ ਸਥਿਤ ਦੁਕਾਨਾਂ ਦੇ ਮਾਲਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਨਾਲ ਜੁੜੇ ਅਹਿਮ ਤੱਥ ਸਾਹਮਣੇ ਲਿਆਂਦੇ ਜਾ ਸਕਣ। ਜ਼ਿਕਰਯੋਗ ਹੈ ਕਿ ਲੰਘੀ 13 ਅਕਤੂਬਰ ਨੂੰ ਮਾਨਸਾ ਵਿਚ ਇਕ ਕੈਮਿਸਟ ਦੀ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਨੇ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਕਤਲ ਦੇ ਖਿਲਾਫ ਲੰਘੀ 15 ਅਕਤੂਬਰ ਨੂੰ ਪੰਜਾਬ ਪੂਰਨ ’ਤੇ ਬੰਦ ਵੀ ਰਿਹਾ ਸੀ।

