Breaking News
Home / ਪੰਜਾਬ / ਮਨਪ੍ਰੀਤ ਸਿੰਘ ਬਾਦਲ ਖਿਲਾਫ ਵੀ ਵਿਜੀਲੈਂਸ ਨੇ ਜਾਂਚ ਆਰੰਭੀ

ਮਨਪ੍ਰੀਤ ਸਿੰਘ ਬਾਦਲ ਖਿਲਾਫ ਵੀ ਵਿਜੀਲੈਂਸ ਨੇ ਜਾਂਚ ਆਰੰਭੀ

ਸਾਬਕਾ ਵਿੱਤ ਮੰਤਰੀ ਦੇ ਓਐੱਸਡੀ ਵਿਰੁੱਧ ਵੀ ਵਿਜੀਲੈਂਸ ਕੋਲ ਪੁੱਜੀ ਸ਼ਿਕਾਇਤ
ਬਠਿੰਡਾ/ਬਿੳੂਰੋ ਨਿੳੂਜ਼
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਢੋਆ-ਢੁਆਈ ਦੇ ਟੈਂਡਰਾਂ ਵਿਚ ਹੇਰਾਫੇਰੀ ਕਰਨ ਦੀ ਮਨਪ੍ਰੀਤ ਬਾਦਲ ਖਿਲਾਫ ਮਿਲੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਗ੍ਰਾਂਟਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ ’ਚ ਉਨ੍ਹਾਂ ਦੇ ਸਾਬਕਾ ਓਐੱਸਡੀ ਵੀ ਘਿਰ ਗਏ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦੇ ਕੇ ਢੋਆ-ਢੁਆਈ ਦੇ ਟੈਂਡਰਾਂ ’ਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਆਰੋਪ ਲਾਏ ਹਨ। ਉਨ੍ਹਾਂ ਸ਼ਿਕਾਇਤ ਵਿਚ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਾਬਕਾ ਵਿੱਤ ਮੰਤਰੀ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਟੈਂਡਰ ਹਾਸਲ ਕੀਤੇ ਅਤੇ ਫਰਜ਼ੀ ਟਰੱਕਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਸਹਾਰੇ ਕਰੋੜਾਂ ਰੁਪਏ ਵਸੂਲ ਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਨਪ੍ਰੀਤ ਬਾਦਲ ਹੀ ਰਾਜਨੀਤੀ ਵਿਚ ਲੈ ਕੇ ਆਏ ਸਨ। ਮਨਪ੍ਰੀਤ ਦੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਹੀ ਭਗਵੰਤ ਮਾਨ ਨੇ ਪਹਿਲੀ ਚੋਣ ਲੜੀ ਸੀ। ਇਸ ਤੋਂ ਬਾਅਦ ਮਨਪ੍ਰੀਤ ਬਾਦਲ ਕਾਂਗਰਸ ਅਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਵਿਚ ਚਲੇ ਗਏ ਸਨ।

 

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਫੋਟੋ ਖਿੱਚਣ ਅਤੇ ਵੀਡੀਓਗ੍ਰਾਫ਼ੀ ਕਰਨ ’ਤੇ ਲਗਾਈ ਪਾਬੰਦੀ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਫ਼ਿਲਮਾਂ ਦੀ ਪ੍ਰਮੋਸ਼ਨ ’ਤੇ ਵੀ ਲਗਾਈ ਰੋਕ ਅੰਮਿ੍ਰਤਸਰ/ਬਿਊਰੋ …