ਮੁੱਖ ਮੰਤਰੀ ਮਾਨ ਨੇ ਉਦਯੋਗਪਤੀਆਂ ਨੂੰ 57 ਨਵੀਆਂ ਸਹੂਲਤਾਂ ਦੇਣ ਦਾ ਕੀਤਾ ਐਲਾਨ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਦੇ ਰੇਡੀਸਨ ਬਲੂ ਹੋਟਲ ’ਚ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਮੂਹ ਉਦਯੋਗਪਤੀਆਂ ਨੂੰ 57 ਨਵੀਆਂ ਸਹੂਲਤਾਂ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਬਹੁਤ ਮਿਹਨਤੀ ਹਨ ਅਤੇ ਇਹ ਔਖੇ ਤੋਂ ਔਖੇ ਕੰਮ ਨੂੰ ਪੰਜਾਬੀ ਜੁਗਾੜ ਲਗਾ ਕੇ ਪੂਰਾ ਕਰ ਲੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਈ ਵਿਦੇਸ਼ੀ ਕੰਪਨੀਆਂ ਪੰਜਾਬ ’ਚ ਆਉਣ ਤੋਂ ਡਰ ਰਹੀਆਂ ਸਨ ਕਿਉਂਕਿ ਪੁਰਾਣੀ ਸਰਕਾਰਾਂ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਸੀ। ਹੁਣ ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਭਰੋਸੇ ’ਚ ਲੈ ਕੇ ਫਿਰ ਤੋਂ ਪੰਜਾਬ ’ਚ ਲਿਆਂਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਉਦਯੋਗਪਤੀ ਹੀ ਚੀਨ ਨੂੰ ਟੱਕਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਕ ਅਜਿਹੀ ਪਾਲਿਸੀ ਬਣਾਈ ਹੈ ਜਿਸ ਨਾਲ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਇਸ ਪਾਲਿਸੀ ’ਚ ਕੋਈ ਦਿੱਕਤ ਹੈ ਤਾਂ ਵੀ ਸਰਕਾਰ ਕਾਰੋਬਾਰੀਆਂ ਨਾਲ ਸਲਾਹ ਕਰਕੇ ਇਸ ’ਚ ਸੋਧ ਕਰ ਸਕਦੀ ਹੈ। ਇਸ ਮੌਕੇ ਉਦਯੋਗਪਤੀਆਂ ਨਾਲ ਗੱਲਬਾਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਅੱਜ ਤੁਹਾਡੇ ਕੋਲੋ ਵੋਟ ਮੰਗਣ ਜਾਂ ਫੰਡ ਇਕੱਠਾ ਕਰਨ ਲਈ ਨਹੀਂ ਆਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਨੇ ਦੋ ਮਹੀਨੇ ਪਹਿਲਾਂ ਅਖਬਾਰਾ ’ਚ ਇਸ਼ਤਿਹਾਰ ਦੇ ਕੇ ਕਾਰੋਬਾਰੀਆਂ ਤੋਂ ਸੁਝਾਅ ਮੰਗੇ ਸਨ। ਇਸ ਦੌਰਾਨ ਲਗਭਗ 1500 ਕਾਰੋਬਾਰੀਆਂ ਨੇ ਸੁਝਾਅ ਦਿੱਤੇ। ਇਨ੍ਹਾਂ ਸਾਰੇ ਸੁਝਾਵਾਂ ਨੂੰ ਚੀਫ਼ ਸੈਕਟਰੀ ਅਤੇ ਮੁੱਖ ਮੰਤਰੀ ਨੇ ਖੁਦ ਪੜ੍ਹਿਆ, ਜਿਸ ਤੋਂ ਬਾਅਦ ਕਾਰੋਬਾਰੀਆਂ ਲਈ ਪਾਲਿਸੀ ਬਣਾਈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਨੂੰ ਭਰੋਸਾ ਨਹੀਂ ਹੋ ਰਿਹਾ ਕਿ ਬਿਨਾ ਚੋਣਾਂ ਤੋਂ ਦੋ-ਦੋ ਮੁੱਖ ਮੰਤਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਹਨ। ਕਿਉਂਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਉਦਯੋਗਪਤੀਆਂ ਨਾਲ ਮੀਟਿੰਗ ਸਿਰਫ਼ ਫੰਡ ਇਕੱਠਾ ਕਰਨ ਲਈ ਕੀਤੀ ਜਾਂਦੀ ਸੀ।